Punjab

ਸੁਖਪਾਲ ਖਹਿਰਾ ਤੇ ਚੰਨੀ ਹੋ ਸਕਦੇ ਉਮੀਦਵਾਰ, ਜਾਣੋ ਕਿੱਥੋਂ

ਚੰਡੀਗੜ੍ਹ – ਮੁੱਖ ਮੰਤਰੀ ਭਗਵੰਤ ਮਾਨ (Bhagwant maan) ਵੱਲੋਂ ਜਲੰਧਰ (Jalandhar) ਤੇ ਸੰਗਰੂਰ (Sangrur) ਦੀਆਂ ਸੀਟਾਂ ਹਰ ਹਾਲ ਵਿੱਚ ਜਿੱਤਣ ਦੀ ਗੱਲ ਕਹਿਣ ਤੋਂ ਬਾਅਦ ਕਾਂਗਰਸ (Congress) ਨੇ ਆਮ ਆਦਮੀ ਪਾਰਟੀ (AAP) ਨੂੰ ਸਖ਼ਤ ਟੱਕਰ ਦੇਣ ਲਈ ਮਜ਼ਬੂਤ ਉਮੀਦਵਾਰ ਉਤਾਰਨ ਦਾ ਫੈਸਲਾ ਕੀਤਾ ਹੈ।

ਆਪਣੀ ਜਲੰਧਰ ਫੇਰੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਜਲੰਧਰ ਤੇ ਸੰਗਰੂਰ ਸੀਟ ਨੂੰ ਹਰ ਹਾਲ ਵਿੱਚ ਜਿੱਤਣਾ ਹੈ। ਇੱਥੇ ਦੱਸਣਾ ਜ਼ਰੂਰੀ ਹੈ ਕਿ ਮੁੱਖ ਮੰਤਰੀ ਖ਼ੁਦ ਸੰਗਰੂਰ ਤੋਂ ਦੋ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ ਅਤੇ ਜਲੰਧਰ ਸੀਟ ਪਾਰਟੀ ਨੇ ਪਿਛਲੇ ਸਾਲ ਹੋਈ ਜ਼ਿਮਨੀ ਚੋਣ ਵਿੱਚ ਕਾਂਗਰਸ ਕੋਲੋ ਜਿੱਤੀ ਸੀ। ਪਿਛਲੇ ਸਾਲ ਹੋਈ ਜ਼ਿਮਨੀ ਚੋਣ ਵਿੱਚ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਜਿੱਤ ਹਾਸਲ ਕੀਤੀ ਸੀ। ਜੋ ਹੁਣ ਭਾਜਪਾ ਵਿੱਚ ਸ਼ਾਮਲ ਹੋ ਕੇ ਭਾਜਪਾ ਦੇ ਉਮੀਦਵਾਰ ਹਨ।

ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕਾਂਗਰਸ ਆਮ ਆਦਮੀ ਪਾਰਟੀ ਸਮੇਤ ਵਿਰੋਧੀਆਂ ਨੂੰ ਸਖ਼ਤ ਟੱਕਰ ਦੇਵੇਗੀ। ਮੁੱਖ ਮੰਤਰੀ ਵੱਲੋਂ ਦੋਵੇਂ ਸੀਟਾਂ ਹਰ ਹਾਲ ਵਿੱਚ ਜਿੱਤਣ ਵਾਲੇ ਬਿਆਨ ਤੋਂ ਬਾਅਦ ਪਾਰਟੀ ਦੋਵੇਂ ਸੀਟਾਂ ਤੇ ਮਜ਼ਬੂਤ ਉਮੀਦਵਾਰ ਉਤਾਰਨ ਜਾ ਰਹੀ ਹੈ।

ਭਾਜਪਾ ਨੇ ਜਿਥੇ ਜਲੰਧਰ ਤੋਂ ਸੁਸ਼ੀਲ ਰਿੰਕੂ ਨੂੰ ਉਮੀਦਵਾਰ ਐਲਾਨਿਆ ਹੈ, ਉੱਥੇ ‘ਆਪ’, ਅਕਾਲੀ ਦਲ ਅਤੇ ਕਾਂਗਰਸ ਨੇ ਅਜੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ। ਕਾਂਗਰਸ ਨੇ ਪਹਿਲਾਂ ਹੀ ਜਲੰਧਰ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੋਣ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਕਰ ਲਿਆ ਹੈ, ਜਿਸ ਦਾ ਰਸਮੀ ਐਲਾਨ 14 ਅਪ੍ਰੈਲ ਤੱਕ ਹੋਣ ਦੀ ਉਮੀਦ ਹੈ।

ਜਲੰਧਰ ਸੀਟ ਤੇ ਕਾਂਗਰਸ ਦਾ ਦਬਦਬਾ ਰਿਹਾ ਹੈ ਪਰ ਪਿਛਲੇ ਸਾਲ ਹੋਈ ਜ਼ਿਮਣੀ ਚੋਣ ਵਿੱਚ ਆਮ ਆਦਮੀ ਪਾਰਟੀ ਨੇ ਇੱਥੋਂ ਜਿੱਤ ਹਾਸਲ ਕੀਤੀ ਸੀ।

ਸੰਗਰੂਰ ਸੀਟ ਲਈ ਪਾਰਟੀ ਭੁਲੱਥ ਤੋਂ ਮੌਜੂਦਾ ਵਿਧਾਇਕ ਸੁਖਪਾਲ ਖਹਿਰਾ ਨੂੰ ਮੈਦਾਨ ਵਿੱਚ ਉਤਾਰਨ ਦੇ ਪੱਖ ਵਿੱਚ ਹੈ।  ਕਿਉਂ ਕਿ ਉਹ ਸਖ਼ਤ ਟੱਕਰ ਦੇਣ ਲਈ ਸਭ ਤੋਂ ਵਧੀਆ ਉਮੀਦਵਾਰ ਹੈ। ਭਾਵੇਂ ‘ਆਪ’ ਦੀ ਸਿਆਸੀ ਬਦਲਾਖੋਰੀ ਦਾ ਸ਼ਿਕਾਰ ਹੋਏ ਹੋਰ ਆਗੂ ਵੀ ਹਨ, ਪਰ ਖਹਿਰਾ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ ਕਿਉਂਕਿ ਖਹਿਰਾ ਨੂੰ ਉਸ ਦਿਨ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਦਿਨ ਉਸ ਨੂੰ ਹਾਈਕੋਰਟ ਨੇ ਡਰੱਗਜ਼ ਕੇਸ ਵਿੱਚ ਜ਼ਮਾਨਤ ਦਿੱਤੀ ਸੀ।

ਫਿਲੌਰ ਤੋਂ ਵਿਧਾਇਕ ਵਿਕਰਮਜੀਤ ਚੌਧਰੀ ਵੱਲੋਂ ਚੰਨੀ ਦੀ ਉਮੀਦਵਾਰੀ ਨੂੰ ਲੈ ਕੇ ਪਾਰਟੀ ਦੇ ਚੀਫ਼ ਵ੍ਹਿਪ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਪਾਰਟੀ ਲੀਡਰਸ਼ਿਪ ਚੌਧਰੀ ਦੇ ‘ਆਪ’ ਵਿੱਚ ਜਾਣ ਤੋਂ ਸੁਚੇਤ ਹੈ।