India Punjab

ਕਾਂਗਰਸ ਦੀ ਲਿਸਟ ਹੋ ਸਕਦੀ ਜਾਰੀ, 5 ਤੋਂ 7 ਉਮੀਦਵਾਰਾਂ ਦਾ ਹੋ ਸਕਦਾ ਐਲਾਨ

ਕਾਂਗਰਸ (Congress) ਚੋਣ ਕਮੇਟੀ ਦੀ ਮੀਟਿੰਗ ਤੋਂ ਬਾਅਦ ਪੰਜਾਬ ਦੇ ਕਾਂਗਰਸੀ ਉਮੀਦਵਾਰਾਂ ਦੀ ਪਹਿਲੀ ਲਿਸਟ ਅੱਜ ਐਤਵਾਰ ਨੂੰ ਜਾਰੀ ਹੋ ਸਕਦੀ ਹੈ। ਸ਼੍ਰੀ ਅਨੰਦਪੁਰ ਸਾਹਿਬ ਤੋਂ ਮੌਜੂਦਾ ਸੰਸਦ ਮੈਂਬਰ ਮਨੀਸ਼ ਤਿਵਾੜੀ ਨੂੰ ਪਾਰਟੀ ਨੇ ਚੰਡੀਗੜ੍ਹ ਤੋਂ ਆਪਣਾ ਉਮੀਦਵਾਰ ਐਲਾਨਿਆ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪੰਜਾਬ ਦੀ ਪਹਿਲੀ ਸੂਚੀ ‘ਚ ਕਾਂਗਰਸ 5 ਤੋਂ 7 ਸੀਟਾਂ ‘ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਸਕਦੀ ਹੈ।

ਕਾਂਗਰਸ ਵੱਲੋਂ ਜਾਰੀ ਕੀਤੀ ਗਈ ਸੂਚੀ ਵਿੱਚ ਚੰਡੀਗੜ੍ਹ ਤੋਂ ਮਨੀਸ਼ ਤਿਵਾੜੀ ਨੂੰ ਉਮੀਦਵਾਰ ਐਲਾਨੇ ਜਾਣ ਮਗਰੋਂ ਸ੍ਰੀ ਆਨੰਦਪੁਰ ਸਾਹਿਬ ਦੀ ਸੀਟ ਨੂੰ ਹੋਲਡ ‘ਤੇ ਰੱਖਿਆ ਗਿਆ ਹੈ। ਸੀਪੀਪੀ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਕਾਂਗਰਸ ਵਰਕਿੰਗ ਕਮੇਟੀ ਵੱਲੋਂ ਪ੍ਰਸਤਾਵਿਤ ਨਾਵਾਂ ਨੂੰ ਹੋਲਡ ‘ਤੇ ਰੱਖਿਆ ਹੋਇਆ ਹੈ।

ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਫਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ ਨੂੰ ਟਿਕਟ ਮਿਲਣਾ ਲਗਭਗ ਤੈਅ ਹੈ। ਪਰ ਖਡਰ ਸਾਹਿਬ ਤੋਂ ਜਸਬੀਰ ਸਿੰਘ ਡਿੰਪਾ ਅਤੇ ਫਰੀਦਕੋਟ ਤੋਂ ਸੰਸਦ ਮੈਂਬਰ ਮੁਹੰਮਦ ਸਦੀਕ ਦੇ ਨਾਂ ਤੇ ਸਹਿਮਤੀ ਨਹੀਂ ਬਣ ਸਕੀ ਹੈ।

ਉਮੀਦਵਾਰਾਂ ਦਾ ਹੋ ਸਕਦਾ ਵਿਰੋਧ

ਕਾਂਗਰਸ ਸੂਤਰਾਂ ਮੁਤਾਬਕ ਸੀਈਸੀ ਨੇ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਅਤੇ ਪਟਿਆਲਾ ਤੋਂ ਧਰਮਵੀਰ ਗਾਂਧੀ ਦੇ ਨਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪਰ ਇਸ ਦੇ ਨਾਲ ਹੀ ਜਲੰਧਰ ਅਤੇ ਪਟਿਆਲਾ ਵਿੱਚ ਉਮੀਦਵਾਰਾਂ ਦਾ ਵਿਰੋਧ ਹੋ ਸਕਦਾ ਹੈ। ਜਲੰਧਰ ਤੋਂ ਚੰਨੀ ਨੂੰ ਟਿਕਟ ਮਿਲਣ ‘ਤੇ ਚੌਧਰੀ ਪਰਿਵਾਰ ਬਗਾਵਤ ਕਰ ਸਕਦਾ ਹੈ। ਜਦਕਿ ਪਟਿਆਲਾ ਤੋਂ ਸਾਬਕਾ ਸੂਬਾ ਪ੍ਰਧਾਨ ਲਾਲ ਸਿੰਘ ਅਤੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਧਰਮਵੀਰ ਗਾਂਧੀ ਦਾ ਵਿਰੋਧ ਕਰ ਸਕਦੇ ਹਨ।

ਸੁਖਪਾਲ ਖਹਿਰਾ ਨੂੰ ਸੰਗਰੂਰ ਤੋਂ ਟਿਕਟ ਮਿਲ ਸਕਦੀ ਹੈ

ਕਾਂਗਰਸ ਭੁਲੱਥ ਤੋਂ ਮੌਜੂਦਾ ਵਿਧਾਇਕ ਸੁਖਪਾਲ ਖਹਿਰਾ ਨੂੰ ਸੰਗਰੂਰ ਤੋਂ ਟਿਕਟ ਦੇ ਸਕਦੀ ਹੈ। ਕਾਂਗਰਸ ਸੂਤਰਾਂ ਮੁਤਾਬਕ ਖਹਿਰਾ ਦੇ ਨਾਂ ‘ਤੇ ਸਹਿਮਤੀ ਬਣ ਗਈ ਹੈ। ਇਸ ਸੀਟ ‘ਤੇ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਹੋਈ ਜ਼ਿਮਨੀ ਚੋਣ ਵਿੱਚ ਸਿਮਰਨਜੀਤ ਸਿੰਘ ਮਾਨ ਨੇ ਜਿੱਤ ਹਾਸਲ ਕੀਤੀ ਸੀ।