Punjab

ਅੰਮ੍ਰਿਤਸਰ ਵਿੱਚ ਜੀ20 ਸੰਮੇਲਨ ਰੱਦ ਹੋਣ ਦੀਆਂ ਅੱਟਕਲਾਂ ਵਿਚਾਲੇ MP ਵਿਕਰਮਜੀਤ ਸਿੰਘ ਸਾਹਨੀ ਦਾ ਦਾਅਵਾ,ਆਪ ਦੇ ਵੀ ਵਿਰੋਧੀਆਂ ‘ਤੇ ਵਾਰ

ਅੰਮ੍ਰਿਤਸਰ : ਸੁਰੱਖਿਆ ਕਾਰਨਾਂ ਕਰਕੇ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਵਿੱਚ ਹੋਣ ਵਾਲੇ ਜੀ20 ਸੰਮੇਲਨ ਦੇ ਰੱਦ ਹੋਣ ਦੀਆਂ ਅੱਟਕਲਾਂ ਦੇ ਚੱਲਦਿਆਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ । ਐਮਪੀ ਵਿਕਰਮਜੀਤ ਸਿੰਘ ਸਾਹਨੀ ਨੇ ਇੱਕ ਟਵੀਟ ਕਰਦਿਆਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜੀ20 ਸੰਮੇਲਨ ਅੰਮ੍ਰਿਤਸਰ ਵਿੱਚ ਹੀ ਹੋਵੇਗਾ ਤੇ ਤੈਅ ਕੀਤੇ ਗਏ ਪ੍ਰੋਗਰਾਮ ਦੇ ਅਨੁਸਾਰ ਹੀ ਹੋਵੇਗਾ।

ਪੰਜਾਬ ਇਹੋ ਜਿਹੀ ਕਿਸੇ ਵੀ ਤਰਾਂ ਦੇ ਅੰਤਰਰਾਸ਼ਟਰੀ ਸੰਮੇਲਨ ਨੂੰ ਆਯੋਜਿਤ ਕਰਨ ਦੇ ਬਿਲਕੁਲ ਕਾਬਿਲ ਹੈ।ਕਿਸੇ ਇੱਕ ਘਟਨਾ ਦਾ ਅਸਰ ਪੰਜਾਬ ਤੇ ਨਹੀਂ ਪੈ ਸਕਦਾ। ਯਕੀਨਨ ਤੋਰ ‘ਤੇ ਇਹ ਇੱਕ ਯਾਦਗਾਰੀ ਸਮਾਗਮ ਹੋਵੇਗਾ।

ਇਸੇ ਗੱਲ ਦੀ ਪੁਸ਼ਟੀ ਪੰਜਾਬ ਦੀ ਆਪ ਸਰਕਾਰ ਨੇ ਵੀ ਕੀਤੀ ਹੈ। ਆਪ ਦੇ ਸੋਸ਼ਲ ਮੀਡੀਆ ਪੇਜ ਤੇ ਪਾਈ ਗਈ ਪੋਸਟ ਵਿੱਚ ਵੀ ਇਸ ਸੰਮੇਲਨ ਦੇ ਰੱਦ ਹੋਣ ਦੀ ਖ਼ਬਰ ਨੂੰ ਫੇਕ ਖ਼ਬਰ ਦੱਸਿਆ ਹੈ ਤੇ ਇਸ ਨੂੰ ਵਿਰੋਧੀਆਂ ਦੀ ਚਾਲ ਦੱਸਿਆ ਹੈ।ਪੰਜਾਬ ਆਪਣੇ ਆਉਣ ਵਾਲੇ ਮਹਿਮਾਨਾਂ ਦਾ ਸੁਆਗਤ ਕਰਨ ਦੇ ਲਈ ਬਿਲਕੁਲ ਤਿਆਰ ਹੈ।

ਆਪ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਵੀ ਸੰਮੇਲਨ ਰੱਦ ਹੋਣ ਦੀਆਂ ਖ਼ਬਰਾਂ ਨੂੰ ਫੇਕ ਦੱਸਿਆ ਹੈ। ਵਿਰੋਧੀ ਧਿਰ ਕਾਂਗਰਸ ‘ਤੇ ਵਰਦਿਆਂ ਕੰਗ ਨੇ ਇਹ ਵੀ ਇਲਜ਼ਾਮ ਲਗਾਇਆ ਹੈ ਕਿ ਅੱਜਕਲ ਕਾਂਗਰਸ ਭਾਜਪਾ ਦੇ ਇਸ਼ਾਰੇ ‘ਤੇ ਕੰਮ ਕਰ ਰਹੀ ਹੈ, ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਨੂੰ ਇਸ ਲਈ ਪੰਜਾਬ ਦੇ ਲੋਕਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਕੰਗ ਨੇ ਸਾਫ਼ ਕੀਤਾ ਹੈ ਕਿ ਜੀ-20 ਕਾਨਫਰੰਸ ਅੰਮ੍ਰਿਤਸਰ ਸਾਹਿਬ ‘ਚ ਹੋਣ ਜਾ ਰਹੀ ਹੈ, ਇਸ ‘ਚ ਕੋਈ ਬਦਲਾਅ ਨਹੀਂ ਹੈ।

ਹਾਲਾਕਿ ਇਸ ਤੋਂ ਪਹਿਲਾਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਕ ਟਵੀਟ ਰਾਹੀਂ ਸ਼ੰਕਾ ਖੜਾ ਕੀਤਾ ਸੀ ਕਿ ਜੇਕਰ ਅੰਮ੍ਰਿਤਸਰ ਵਿੱਚ G-20 ਸਿਖਰ ਸੰਮੇਲਨ ਨੂੰ ਰੱਦ ਕਰਨ ਦੀ ਖ਼ਬਰ ਸੱਚ ਹੈ ਤਾਂ ਇਹ ਪੰਜਾਬ ਲਈ ਇੱਕ ਵੱਡਾ ਝਟਕਾ ਹੈ ਕਿਉਂਕਿ ਨਿਵੇਸ਼ ਲਈ ਸੁਰੱਖਿਅਤ ਪਨਾਹਗਾਹ ਵਜੋਂ ਸਾਡੀ ਸਾਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਵੀ ਖਰਾਬ ਹੋ ਜਾਵੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਨਸੀਹਤ ਦਿੰਦੇ ਹੋਏ ਖਹਿਰਾ ਨੇ ਆਪਣੇ ਟਵੀਟ ਵਿੱਚ ਇਹ ਵੀ ਲਿੱਖਿਆ ਸੀ ਕਿ ਉਹਨਾਂ ਨੂੰ ਆਪਣੇ ਘਰ ਨੂੰ ਕ੍ਰਮਬੱਧ ਕਰਨ ਦੀ ਲੋੜ ਹੈ ਨਾ ਕਿ ਦਿੱਲੀ ਤੋਂ ਹੁਕਮ ਲੈਣ ਦੀ।

ਇਸ ਤੋਂ ਇਲਾਵਾ ਆਪ ਨੇ ਆਪਣੇ ਸੋਸ਼ਲ ਮੀਡੀਆ ਪੇਜ ‘ਤੇ ਕੁੱਝ ਹੋਰ ਸਕਰੀਨਸ਼ਾਟ ਵੀ ਸਾਂਝੇ ਕੀਤੇ ਹਨ,ਜਿਹਨਾਂ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਪੰਜਾਬ ਵਿੱਚ ਸੁਰੱਖਿਆ ਕਾਰਨਾਂ ਕਰਕੇ ਜੀ20 ਸੰਮੇਲਨ ਰੱਦ ਹੋਣ ਦਾ ਦਾਅਵਾ ਕੀਤਾ ਗਿਆ ਸੀ।