Punjab

ਦੁਬਈ ‘ਚ ਚਮਕੀਲਾ ਸਿੰਘ ਨਾਲ ਹੋਈ ਤਸ਼ਦੱਦ ਦੀ ਕਹਾਣੀ ਸੁਣ ਤੁਹਾਡੀ ਅੱਖਾਂ ਭਰ ਆਉਣਗੀਆਂ ! ਬਾਥਰੂਮ ‘ਚ ਬੰਦ ਕਰ ਹਰ ਹੱਦ ਪਾਰ ਕੀਤੀ

ਬਿਉਰੋ ਰਿਪੋਰਟ – ਰੁਜ਼ਗਾਰ (Employment) ਦੇ ਲਈ ਦੁਬਈ ਗਏ ਇੱਕ ਪੰਜਾਬੀ ਦੀ ਖੌਫਨਾਕ ਕਹਾਣੀ ਸਾਹਮਣੇ ਆਈ ਹੈ। ਖੰਨਾ(Khanna) ਦੇ ਨੇੜਲੇ ਪਿੰਡ ਸਲੌਦੀ ਦੇ ਰਹਿਣ ਵਾਲੇ ਨੌਜ਼ਵਾਨ ਚਮਕੀਲਾ ਸਿੰਘ ਨੂੰ ਦੁਬਈ (Dubai) ਵਿੱਚ ਬੰਧਕ ਬਣਾ ਕੇ ਰੱਖਿਆ ਗਿਆ। 15 ਦਿਨਾਂ ਤੱਕ ਬਾਥਰੂਮ ਵਿੱਚ ਬੰਦ ਕਰਕੇ ਭੁੱਖਾ ਪਿਆਸਾ ਰੱਖਿਆ ਗਿਆ । ਦੁਬਈ ਵਿੱਚ ਕਿਸੇ ਵਿਅਕਤੀ ਦੀ ਮਦਦ ਲੈ ਕੇ ਲੇਬਰ ਕੋਰਟ ਤੱਕ ਪਹੁੰਚ ਕੀਤੀ ਅਤੇ ਫਿਰ ਆਪਣੇ ਦੇਸ਼ ਵਾਪਸ ਆ ਸਕਿਆ। ਦੇਸ਼ ਪਰਤ ਕੇ ਚਮਕੀਲਾ ਸਿੰਘ ਨੇ ਟਰੈਵਲ ਏਜੰਟ ਦਿਲਪ੍ਰੀਤ ਸਿੰਘ ਵਾਸੀ ਸਮਰਾਲਾ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਫਿਲਹਾਲ ਮੁਲਜ਼ਮ ਫਰਾਰ ਦੱਸਿਆ ਜਾ ਰਿਹਾ ਹੈ।

ਕਰਜ਼ਾ ਲੈ ਕੇ ਗਿਆ ਸੀ ਦੁਬਈ, ਮੋਟਰਸਾਇਕਲ ਵੀ ਰੱਖਿਆ ਗਹਿਣੇ

ਚਮਕੀਲਾ ਸਿੰਘ ਨੇ ਦੱਸਿਆ ਕਿ ਉਸ ਨੇ ਦਿਲਪ੍ਰੀਤ ਸਿੰਘ ਨਾਲ ਦੁਬਈ ਜਾਣ ਦੀ ਗੱਲਬਾਤ ਕੀਤੀ ਸੀ। ਏਜੰਟ ਨੇ ਉਸ ਨੂੰ 2 ਸਾਲ ਦੇ ਵਰਕ ਪਰਮਿਟ ਤੇ ਦੁਬਈ ਭੇਜਣ ਦਾ ਵਾਅਦਾ ਕੀਤਾ ਸੀ। ਜਿਸ ਦੇ ਬਦਲੇ ਉਸ ਨੇ 80 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। ਉਸ ਨੇ 5 ਫੀਸਦੀ ਵਿਆਜ ‘ਤੇ ਕਰਜ਼ਾ ਲੈ ਕੇ ਏਜੰਟ ਨੂੰ ਪੈਸੇ ਦਿੱਤੇ ਸਨ। ਜਦੋਂ ਵੀਜ਼ਾ ਆਇਆ ਤਾਂ ਟਿਕਟ ਦੇ ਪੈਸੇ ਨਹੀਂ ਸਨ। ਪੈਸੇ ਲੈਣ ਲਈ ਏਜੰਟ ਦੇ ਕੋਲ ਮੋਟਰਸਾਇਕਲ ਨੂੰ ਗਹਿਣੇ ਰੱਖਿਆ। ਉਸ ਨੂੰ ਪਤਾ ਲੱਗਿਆ ਕਿ ਉਸ ਨੂੰ ਟੂਰਿਸਟ ਵੀਜ਼ਾ ਦਿਵਾਇਆ ਗਿਆ ਹੈ। ਜਿਸ ਤੋਂ ਬਾਅਦ ਏਜੰਟ ਉਸ ਨੂੰ ਦੁਬਈ ਵਿੱਚ ਸੈਟ ਕਰਵਾਉਣ ਦਾ ਵਾਅਦਾ ਕਰਨ ਲੱਗਾ।

ਏਜੰਟ ਤੇ ਰਿਸ਼ਤੇਦਾਰ ਦੇ ਰਹੇ ਨੇ ਧਮਕੀਆਂ

ਚਮਕੀਲਾ ਸਿੰਘ ਦੀ ਪਤਨੀ ਮਨਪ੍ਰੀਤ ਕੌਰ ਨੇ ਦੱਸਿਆ ਕਿ ਜਦੋਂ ਉਸ ਦੇ ਪਤੀ ਨੂੰ ਦੁਬਈ ਵਿੱਚ ਬੰਧਕ ਬਣਾਇਆ ਗਿਆ ਸੀ ਤਾਂ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ। ਉਸ ਦੇ ਪਤੀ ਨੇ ਸਤੰਬਰ 2023 ਵਿੱਚ ਆਉਣਾ ਸੀ। ਉਸ ਤੋਂ ਕਦੇ ਡੇਢ ਲੱਖ ਤੇ ਕਦੇ ਦੋ ਲੱਖ ਰੁਪਏ ਦੀ ਮੰਗ ਕੀਤੀ ਜਾਂਦੀ ਸੀ। ਜਦੋਂ ਉਸਦਾ ਪਤੀ ਘਰ ਆਇਆ ਤਾਂ ਏਜੰਟ ਦਿਲਪ੍ਰੀਤ ਸਿੰਘ ਅਤੇ ਉਸਦੇ ਰਿਸ਼ਤੇਦਾਰਾਂ ਨੇ ਉਸਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੂੰ ਕੈਨੇਡਾ ਤੋਂ ਫੋਨ ਕਰਕੇ ਧਮਕੀਆਂ ਵੀ ਦਿੱਤੀਆਂ ਗਈਆਂ। ਪੁਲਿਸ ਦੇ ਕੇਸ ਦਰਜ ਕਰਨ ਤੇ ਉਨ੍ਹਾਂ ਨੂੰ ਇਨਸਾਫ ਮਿਲਿਆ ਹੈ। ਮੁਲਜ਼ਮਾਂ ਨੂੰ ਜਲਦੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।

ਪੁਲਿਸ ਗ੍ਰਿਫ਼ਤਾਰੀ ਲਈ ਕਰ ਰਹੀ ਰੇਡ

ਸਮਰਾਲਾ ਥਾਣੇ ਦੇ ਐਸਐਚਓ ਰਾਵ ਵਰਿੰਦਰ ਸਿੰਘ ਨੇ ਕਿਹਾ ਕਿ ਦਿਲਪ੍ਰੀਤ ਸਿੰਘ ਦੇ ਖਿਲਾਫ ਐਸਐਸਪੀ ਖੰਨਾ ਨੂੰ ਸ਼ਿਕਾਇਤ ਦਿੱਤੀ ਗਈ ਸੀ ਜਿਸ ਦੀ ਜਾਂਚ ਪੜਤਾਲ ਤੋਂ ਬਾਅਦ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਨੂੰ ਕਾਬੂ ਕਰਨ ਲਈ ਰੇਡ ਕੀਤੀ ਜਾ ਰਹੀ ਹੈ ਅਤੇ ਜਲਦ ਕਾਬੂ ਕਰ ਲਿਆ ਜਾਵਗਾ।