Lok Sabha Election 2024 Punjab

‘ਵੋਟ ਪਾਉ ਪੈਟਰੋਲ ’ਤੇ ਡਿਸਕਾਊਂਟ ਪਾਉ!’ ਪੰਜਾਬ ਦੇ ਇਸ ਸ਼ਹਿਰ ’ਚ ਆਫ਼ਰ!

ਲੋਕ ਸਭਾ ਚੋਣਾਂ 2024 (Lok Sabha Elections 2024) ਦੇ ਚੱਲਦਿਆਂ ਪੰਜਾਬ ਅੰਦਰ ਵੋਟਰਾਂ ਨੂੰ ਜਾਗਰੂਕ ਤੇ ਉਤਸ਼ਾਹਿਤ ਕਰਨ ਲਈ ਇੱਕ ਮੁਹਿੰਮ ਚਲਾਈ ਜਾ ਰਹੀ ਹੈ। ਜਲੰਧਰ ਵਿੱਚ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਨਵੀਂ ਪਹਿਲਕਦਮੀ ਕੀਤੀ ਗਈ ਹੈ ਤਾਂ ਜੋ ਵੋਟ ਫੀਸਦ 70 ਫ਼ੀਸਦ ਤੋਂ ਪਾਰ ਕੀਤਾ ਜਾ ਸਕੇ।

ਜਲੰਧਰ ਦੇ ਜ਼ਿਲ੍ਹੇ ਦੇ ਪੈਟਰੋਲ ਪੰਪ ਮਾਲਕਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਵਿਚਾਲੇ ਸਮਝੌਤਾ ਹੋਇਆ ਹੈ, ਜਿਸ ਦੇ ਤਹਿਤ ਜ਼ਿਲ੍ਹੇ ਵਿੱਚ ਵੋਟਾਂ ਵਾਲੇ ਦਿਨ ਤੇਲ ਦੀਆਂ ਕੀਮਤਾਂ ’ਤੇ ਛੋਟ ਦੇਣ ਦਾ ਐਲਾਨ ਕੀਤਾ ਗਿਆ ਹੈ।

ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਸਬੰਧੀ ਦੱਸਿਆ ਹੈ ਕਿ ਅਮਰ ਹਾਈਵੇ ਫਿਲਿੰਗ ਸਟੇਸ਼ਨ ਪਰਾਗਪੁਰ, ਅਮਰ ਹਾਈਵੇ ਫਿਲਿੰਗ ਸਟੇਸ਼ਨ ਕਰਤਾਰਪੁਰ ਤੇ ਰੱਖਾ ਫਿਲਿੰਗ ਸਟੇਸ਼ਨ ਸੂਰਾਨੁੱਸੀ ਵੱਲੋਂ ਪਹਿਲੀ ਜੂਨ ਨੂੰ ਵੋਟਾਂ ਵਾਲੇ ਦਿਨ ਵੋਟਰਾਂ ਨੂੰ ਵਿਸ਼ੇਸ਼ ਛੋਟ ਦੇਣ ਦਾ ਐਲਾਨ ਕੀਤਾ ਗਿਆ ਹੈ।

ਡਾ. ਹਿਮਾਂਸ਼ੂ ਅਗਰਵਾਲ ਮੁਤਾਬਕ ਵੋਟਾਂ ਵਾਲੇ ਦਿਨ ਲੋਕ ਆਪਣੀ ਉਂਗਲੀ ’ਤੇ ਵੋਟਾਂ ਵਾਲੀ ਸਿਆਹੀ ਦਾ ਨਿਸ਼ਾਨ ਦਿਖਾ ਕੇ ਉਕਤ ਪੈਟਰੋਲ ਪੰਪ ਤੋਂ ਇਸ ਪਹਿਲਕਦਮੀ ਦਾ ਲਾਹਾ ਲੈ ਸਕਦੇ ਹਨ।

ਦੱਸ ਦੇਈਏ ਲੋਕ ਸਭਾ ਚੋਣਾਂ 2024 ਦੌਰਾਨ ਵੱਧ ਤੋਂ ਵੱਧ ਵੋਟਰਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਵਿੱਚ ਕਈ ਵਪਾਰੀ ਅੱਗੇ ਆ ਰਹੇ ਹਨ। ਇਸ ਤੋਂ ਪਹਿਲਾਂ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਰੈਸਟੋਰੈਂਟ, ਮਠਿਆਈ, ਬੇਕਰੀ ਅਤੇ ਹੋਰ ਖਾਣ-ਪੀਣ ਵਾਲੀਆਂ ਦੁਕਾਨਾਂ ਦੇ ਮਾਲਕਾਂ/ਪ੍ਰਬੰਧਕਾਂ ਨੇ ਵੀ ਯੋਗਦਾਨ ਪਾਉਣ ਦਾ ਐਲਾਨ ਕੀਤਾ ਹੈ।

ਇਨ੍ਹਾਂ ਦੁਕਾਨਾਂ ਦੇ ਮਾਲਕਾਂ ਨੇ ਆਪਣੀ ਮਰਜ਼ੀ ਨਾਲ ਐਲਾਨ ਕੀਤਾ ਹੈ ਕਿ ਪਹਿਲੀ ਜੂਨ ਨੂੰ ਵੋਟ ਪਾ ਕੇ ਜੇ ਕੋਈ ਆਪਣਾ ਵੋਟ ਨਿਸ਼ਾਨ ਦਿਖਾਵੇਗਾ ਤਾਂ ਉਸ ਨੂੰ ਸਾਮਾਨ ’ਤੇ 5 ਤੋਂ 25 ਫੀਸਦੀ ਤੱਕ ਛੋਟ ਦਿੱਤੀ ਜਾਵੇਗੀ।

ਦੁਕਾਨਦਾਰਾਂ ਦੇ ਇਸ ਫੈਸਲੇ ’ਤੇ ਡਾ. ਹਿਮਾਂਸ਼ੂ ਅਗਰਵਾਲ ਨੇ ਇਨ੍ਹਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਇਸ ਉਪਰਾਲੇ ਨਾਲ ਵੋਟਰ ਵੋਟ ਪਾਉਣ ਲਈ ਉਤਸ਼ਾਹਿਤ ਹੋਣਗੇ ਤੇ ਵੋਟ ਪ੍ਰਤੀਸ਼ਤ ਯਕੀਨਨ ਵਧੇਗਾ।

ਤਾਜ਼ਾ ਖ਼ਬਰ –