Punjab

ਖੰਨਾ : ਹੌਲਦਾਰ ਦੀ ਕਾਰ ਦਾ ਸ਼ੀਸ਼ਾ ਤੋੜ ਕੇ 30 ਤੋਲੇ ਸੋਨਾ ਤੇ ਲੱਖਾਂ ਦਾ ਕੈਸ਼ ਚੋਰੀ, ਗੋਲਗੱਪੇ ਖਾ ਰਿਹਾ ਸੀ ਪਰਿਵਾਰ

Khanna: 30 tola gold and lakhs of cash were stolen by breaking the window of the Hauldar's car

ਲੁਧਿਆਣਾ ਜ਼ਿਲ੍ਹੇ ਦੇ ਖੰਨਾ ‘ਚ ਨੈਸ਼ਨਲ ਹਾਈਵੇ ‘ਤੇ ਬੁੱਧਵਾਰ ਰਾਤ ਨੂੰ ਚੋਰੀ ਦੀ ਇੱਕ ਵੱਡੀ ਘਟਨਾ ਵਾਪਰੀ ਹੈ। ਪੰਜਾਬ ਪੁਲਿਸ ਦੇ ਹੌਲਦਾਰ ਦੀ ਕਾਰ ਦੀ ਵਿੰਡਸ਼ੀਲਡ ਤੋੜ ਕੇ ਇੱਕ ਸੂਟਕੇਸ ਚੋਰੀ ਕਰ ਲਿਆ ਗਿਆ। ਸੂਟਕੇਸ ਵਿੱਚ ਕਰੀਬ 30 ਤੋਲੇ ਸੋਨਾ, 2 ਲੱਖ ਰੁਪਏ ਅਤੇ ਹੋਰ ਸਾਮਾਨ ਸੀ। ਚੋਰੀ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਗਰਾਓਂ ਪੁਲਿਸ ਲਾਈਨ ਵਿੱਚ ਤਾਇਨਾਤ ਹੌਲਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਗੁਰਵਿੰਦਰ ਕੌਰ, ਨੂੰਹ ਅਤੇ ਧੀ ਸਣੇ ਬਰੇਜਾ ਕਾਰ ਵਿੱਚ ਜਗਰਾਓਂ ਤੋਂ ਸਰਹਿੰਦ ਵੱਲ ਜਾ ਰਿਹਾ ਸੀ। ਰਸਤੇ ‘ਚ ਉਹ ਖੰਨਾ ‘ਚ ਬੀਕਾਨੇਰ ਸਵੀਟਸ ‘ਤੇ ਮਠਿਆਈ ਖਾਣ ਲਈ ਰੁਕੇ। ਇਸ ਦੌਰਾਨ ਸਾਰਾ ਪਰਿਵਾਰ ਮਿਠਾਈ ਦੀ ਦੁਕਾਨ ਦੇ ਬਾਹਰ ਗੋਲਗੱਪੇ ਖਾਣ ਲੱਗਾ।

ਕੁਲਦੀਪ ਸਿੰਘ ਮੁਤਾਬਕ ਉਸ ਦਾ ਧਿਆਨ ਸਿਰਫ ਕਾਰ ਵੱਲ ਸੀ। ਕਿਉਂਕਿ ਕਾਰ ਦੀ ਪਿਛਲੀ ਸੀਟ ‘ਤੇ ਇਕ ਸੂਟਕੇਸ ਰੱਖਿਆ ਹੋਇਆ ਸੀ, ਜਿਸ ਵਿਚ ਸੋਨੇ ਦੇ ਗਹਿਣੇ ਅਤੇ ਨਕਦੀ ਸੀ। ਅਜੇ 2 ਮਿੰਟ ਵੀ ਨਹੀਂ ਹੋਏ ਸਨ ਕਿ ਉਹ ਗੋਲਗੱਪੇ ਖਾ ਕੇ ਮਠਿਆਈ ਲੈ ਕੇ ਵਾਪਸ ਆਏ ਤਾਂ ਦੇਖਿਆ ਕਿ ਕਾਰ ਦੀ ਪਿਛਲੀ ਖਿੜਕੀ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ ਅਤੇ ਸੀਟ ‘ਤੇ ਰੱਖਿਆ ਸੂਟਕੇਸ ਗਾਇਬ ਸੀ।

ਕੁਲਦੀਪ ਸਿੰਘ ਅਤੇ ਉਸ ਦੀ ਪਤਨੀ ਗੁਰਵਿੰਦਰ ਕੌਰ ਮੁਤਾਬਕ ਉਨ੍ਹਾਂ ਦੇ ਮੁੰਡੇ ਦਾ ਵਿਆਹ ਨਵੰਬਰ ਵਿੱਚ ਹੈ। ਘਰ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਉਸ ਨੇ ਵਿਆਹ ਲਈ ਸੋਨੇ ਦੇ ਗਹਿਣੇ ਹੀ ਖਰੀਦੇ ਸਨ ਕਿਉਂਕਿ ਉਹ ਸਰਹਿੰਦ ਜਾ ਰਿਹਾ ਸੀ। ਕੁਆਰਟਰਾਂ ਵਿੱਚ ਸੋਨਾ ਅਤੇ ਨਕਦੀ ਰੱਖਣਾ ਸੁਰੱਖਿਅਤ ਨਹੀਂ ਸਮਝਿਆ। ਇਸ ਕਾਰਨ ਉਹ ਆਪਣੇ ਨਾਲ ਲਿਜਾ ਰਹੇ ਸਨ ਕਿ ਇਹ ਚੋਰੀ ਹੋ ਗਈ।

ਦੂਜੇ ਪਾਸੇ ਇਸ ਘਟਨਾ ਨੂੰ ਲੈ ਕੇ ਪੁਲਿਸ ਦੁਚਿੱਤੀ ਵਿੱਚ ਹੈ। ਸਿਟੀ ਥਾਣਾ-1 ਦੇ ਐਸਐਚਓ ਹੇਮੰਤ ਮਲਹੋਤਰਾ ਨੇ ਦੱਸਿਆ ਕਿ ਮਾਮਲਾ ਸ਼ੱਕੀ ਜਾਪਦਾ ਹੈ ਕਿਉਂਕਿ ਸਫ਼ਰ ਦੌਰਾਨ ਇੰਨਾ ਸੋਨਾ ਅਤੇ ਨਕਦੀ ਲੈ ਕੇ ਜਾਣਾ ਅਕਲਮੰਦੀ ਦੀ ਗੱਲ ਨਹੀਂ ਹੈ। ਜਿੱਥੇ ਇਹ ਘਟਨਾ ਵਾਪਰੀ, ਉੱਥੇ ਕੈਮਰੇ ਨਹੀਂ ਹਨ। ਫਰੰਟ ਅਤੇ ਰੀਅਰ ਕੈਮਰੇ ਦੇਖੇ ਜਾ ਰਹੇ ਹਨ। ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ।