‘ਦ ਖ਼ਾਲਸ ਬਿਊਰੋ : ਅਕਾਲੀ ਦਲ ਦੇ ਸੀਨੀਅਰ ਆਗੂ ਜਗਮੀਤ ਸਿੰਘ ਬਰਾੜ ਨੇ ਇੱਕ ਬਾਰ ਫਿਰ ਤੋਂ ਸ਼੍ਰੋਮਣੀ ਕਮੇਟੀ ਨੂੰ ਬਾਗੀ ਤੇਵਰ ਦਿਖਾਏ ਹਨ। ਉਹ ਅੱਜ ਪਾਰਟੀ ਦੀ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਵਾਲੀ ਅਨੁਸ਼ਾਸਨੀ ਕਮੇਟੀ ਅੱਗੇ ਪੇਸ਼ ਨਹੀਂ ਹੋਏ। ਜਗਮੀਤ ਬਰਾੜ ਨੇ ਪਹਿਲਾਂ ਕਮੇਟੀ ਕੋਲੋਂ ਹੋਰ ਸਮਾਂ ਮੰਗਿਆ ਸੀ ਜਿਸ ਕਾਰਨ ਕਮੇਟੀ ਨੇ ਪੇਸ਼ੀ ਲਈ ਪਹਿਲਾਂ ਨਿਸ਼ਚਿਤ 6 ਦਸੰਬਰ ਦੀ ਥਾਂ ਅੱਜ 10 ਦਸੰਬਰ ਦੀ ਤਾਰੀਕ ਨੂੰ 12.30 ਵਜੇ ਉਹਨਾਂ ਨੂੰ ਸੱਦਿਆ ਸੀ।
ਹੁਣ ਜਗਮੀਤ ਸਿੰਘ ਬਰਾੜ ਨੇ ਅਨੁਸ਼ਾਸਨੀ ਕਮੇਟੀ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਂ ’ਤੇ ਦੋ ਚਿੱਠੀਆਂ ਭੇਜ ਦਿੱਤੀਆਂ ਪਰ ਆਪ ਪੇਸ਼ ਨਹੀਂ ਹੋਏ। ਉਹ ਇਹ ਦਾਅਵਾ ਕਰ ਰਹੇ ਹਨ ਕਿ ਉਹ ਹਮੇਸ਼ਾ ਅਕਾਲੀ ਦਲ ਵਿਚ ਏਕੇ ਲਈ ਅਤੇ ਪਾਰਟੀ ਨੁੰ ਮਜ਼ਬੂਤ ਕਰਨ ਵਾਸਤੇ ਕੰਮ ਕਰਦੇ ਰਹਿਣਗੇ।
ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੇ 6 ਦਸੰਬਰ ਨੂੰ ਅਨੁਸ਼ਾਸਨੀ ਕਮੇਟੀ ਅੱਗੇ ਪੇਸ਼ ਹੋਣ ਤੋਂ ਅਸਮਰੱਥਾ ਪ੍ਰਗਟਾਈ ਸੀ। ਉਨ੍ਹਾਂ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੂੰ ਫੋਨ ਕਰਕੇ ਮੀਟਿੰਗ ਦਾ ਸਮਾਂ ਵਧਾਉਣ ਦੀ ਬੇਨਤੀ ਕੀਤੀ ਸੀ। ਇਸ ‘ਤੇ ਉਨ੍ਹਾਂ ਨੂੰ 6 ਦਸੰਬਰ ਦੀ ਬਜਾਏ 10 ਦਸੰਬਰ ਨੂੰ ਦੁਪਹਿਰ 1 ਵਜੇ ਚੰਡੀਗੜ੍ਹ ਸਥਿਤ ਪਾਰਟੀ ਦਫ਼ਤਰ ਵਿਖੇ ਅਨੁਸ਼ਾਸਨੀ ਕਮੇਟੀ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਸੀ।
ਜ਼ਿਕਰਯੋਗ ਹੈ ਕਿ ਜਗਮੀਤ ਬਰਾੜ ਨੇ 12 ਮੈਂਬਰੀ ਯੂਨਿਟੀ ਕਮੇਟੀ ਬਣਾਉਣ ਦਾ ਐਲਾਨ ਕੀਤਾ ਸੀ,ਜਿਸ ਵਿੱਚ ਕਈ ਮੈਂਬਰਾਂ ਦੇ ਨਾਂ ਸ਼ਾਮਲ ਕੀਤੇ ਸਨ ਤੇ ਆਉਣ ਵਾਲੀ 9 ਦਸੰਬਰ ਨੂੰ ਇਸ ਦੀ ਬੈਠਕ ਕਰਨ ਦਾ ਵੀ ਐਲਾਨ ਕੀਤਾ ਸੀ। ਪਰ ਰਵੀਕਰਨ ਕਾਹਲੋਂ ਤੇ ਅਲਵਿੰਦਰਪਾਲ ਪੱਖੋਕੇ ਪਹਿਲਾਂ ਹੀ ਇਸ ਕਮੇਟੀ ਤੋਂ ਕਿਨਾਰਾ ਕਰ ਗਏ ਹਨ ਤੇ ਪਾਰਟੀ ਵੱਲ ਆਪਣੀ ਵਫਾਦਾਰੀ ਨੂੰ ਦਰਸਾ ਰਹੇ ਹਨ।
ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਰਵੀਕਰਨ ਕਾਹਲੋਂ ਨੇ ਸਾਫ਼ ਤੇ ਸਪਸ਼ਟ ਸ਼ਬਦਾਂ ਵਿੱਚ ਕਹਿ ਦਿੱਤਾ ਹੈ ਕਿ ਬਰਾੜ ਦੀ ਕਮੇਟੀ ਨਾਲ ਉਹਨਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਉਹਾਨਂ ਇਹ ਵੀ ਲਿਖਿਆ ਹੈ ਕਿ ਬਰਾੜ ਨੂੰ ਪਾਰਟੀ ਨੇ ਇਜ਼ਤ ਦਿੱਤੀ ਹੈ,ਮਾਣ ਬੱਖਸਿਆ ਹੈ ,ਸੋ ਹੁਣ ਉਹਨਾਂ ਨੂੰ ਵੀ ਪਾਰਟੀ ਨਾਲ ਵਫਾਦਾਰੀ ਰਖਣੀ ਚਾਹਿਦੀ ਹੈ।