Punjab

ਇਹ ਮੌਜੂਦਾ ਵਿਧਾਇਕ ਲੜੇਗਾ ਹੁਣ ਅਕਾਲੀ -ਬਸਪਾ ਗਠਜੋੜ ਲਈ ਚੋਣ,ਅੱਜ ਹੋ ਗਿਆ ਐਲਾਨ

ਜਲੰਧਰ : ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਨੇ ਡਾ. ਸੁਖਵਿੰਦਰ ਕੁਮਾਰ ਸੁੱਖੀ ਨੂੰ ਜਲੰਧਰ  ਜ਼ਿਮਨੀ ਚੋਣ ਲਈ ਆਪਣਾ ਉਮੀਦਵਾਰ ਐਲਾਨਿਆ ਹੈ। ਇਹ ਐਲਾਨ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਸਪਾ ਪ੍ਰਧਾਨ ਜਸਬੀਰ ਸਿੰਘ ਗੜੀ ਨੇ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਸਾਂਝੇ ਤੌਰ ਤੇ ਕੀਤਾ ਹੈ। ਮੌਜੂਦਾ ਸਮੇਂ ਵਿੱਚ ਡਾ. ਸੁੱਖੀ ਬੰਗਾ ਤੋਂ ਅਕਾਲੀ ਦਲ ਦੇ ਵਿਧਾਇਕ ਵੀ ਹਨ।

ਅਕਾਲੀ ਦਲ ਪ੍ਰਧਾਨ ਨੇ ਮਾਨ ਸਰਕਾਰ ਤੇ ਵਰਦੇ ਹੋਏ ਕਿਹਾ ਹੈ ਕਿ ਆਪ ਨੇ ਧੋਖੇ ਨਾਲ ਝੂਠੇ ਵਾਅਦੇ ਕਰ ਕੇ ਪੰਜਾਬ ਵਿੱਚ ਸਰਕਾਰ ਤਾਂ ਬਣਾ ਲਈ ਹੈ ਪਰ ਹੁਣ ਸੂਬੇ ਨੂੰ ਲੁੱਟਣ ਤੇ ਲੱਗੇ ਹੋਏ ਹਨ। ਅਕਾਲੀ ਦਲ ਦਾ ਜ਼ਿਕਰ ਕਰਦੇ ਹੋਏ ਉਹਨਾਂ ਕਿਹਾ ਕਿ ਇਹ ਹੀ ਇੱਕ ਅਜਿਹੀ ਪਾਰਟੀ ਹੈ ,ਜੋ ਪੰਜਾਬ ਨੂੰ ਬਚਾ ਸਕਦੀ ਹੈ। ਆਉਂਦੇ ਦਿਨਾਂ ਵਿੱਚ ਪਾਰਟੀ ਵੱਲੋਂ ਚੋਣ ਪ੍ਰਚਾਰ ਲਈ ਮੁਹਿੰਮ ਸ਼ੁਰੂ ਕੀਤੀ ਜਾਵੇਗੀ।ਬਾਦਲ ਨੇ ਪੂਰੀ ਉਮੀਦ ਜਤਾਈ ਹੈ ਕਿ ਲੋਕ ਉਹਨਾਂ ਦੇ ਉਮੀਦਵਾਰ ਨੂੰ ਵੋਟਾਂ ਪਾ ਕੇ ਜਿਤਾਉਣਗੇ।

ਬਸਪਾ ਪ੍ਰਧਾਨ ਜਸਬੀਰ ਸਿੰਘ ਗੜੀ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਹੈ ਕਿ ਡਾ.ਸੁੱਖੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਹੋਣਗੇ।ਇਹਨਾਂ ਦੋਹਾਂ ਪਾਰਟੀਆਂ ਵਿੱਚ ਆਪਸੀ ਤਾਲਮੇਲ ਬਹੁਤ ਵਧੀਆ ਬੈਠੇਗਾ।

ਉਹਨਾਂ ਮੌਜੂਦਾ ਸਮੇਂ ਵਿੱਚ ਚਰਚਾ ਦਾ ਵਿਸ਼ਾ ਬਣ ਰਹੇ ਏਜੀ ਮਾਮਲੇ ‘ਤੇ ਬੋਲਦਿਆਂ ਕਿਹਾ ਕਿ ਆਪ ਸਰਕਾਰ ਇਸ ਤਰਾਂ ਦੇ ਭ੍ਰਿਸ਼ਟ ਲੋਕਾਂ ਨੂੰ ਤਾਂ ਐਡਵੋਕੇਟ ਜਰਨਲ ਲਾ ਸਕਦੀ ਹੈ ਪਰ ਐਸਸੀ-ਓਬੀਸੀ ਭਾਈਚਾਰੇ ਦੇ ਲੋਕਾਂ ਨੂੰ ਲਾਅ ਅਫਸਰ ਨਹੀਂ ਨਿਯੁਕਤ ਕਰ ਸਕਦੀ ਹਾਲਾਂਕਿ ਹਾਈ ਕੋਰਟ ਨੇ ਇਸ ਬਾਰੇ ਹੁਕਮ ਵੀ ਜਾਰੀ ਕਰ ਦਿੱਤੇ ਹਨ।

ਇਸ ਮੌਕੇ ਡਾ.ਸੁੱਖੀ ਨੇ ਖੁੱਦ ਨੂੰ ਉਮੀਦਵਾਰ ਬਣਾਏ ਜਾਣ ਤੇ ਬਸਪਾ ਸੁਪਰੀਮੋ ਮਾਇਆਵਤੀ ਦਾ ਧੰਨਵਾਦ ਕੀਤਾ ਹੈ ਤੇ ਤਨ-ਮਨ-ਧਨ ਨਾਲ ਇਹ ਜਿੰਮੇਵਾਰੀ ਨਿਭਾਉਣ ਦੀ ਗੱਲ ਕਹੀ ਹੈ।

ਜ਼ਿਕਰਯੋਗ ਹੈ ਕਿ ਜਲੰਧਰ ਜ਼ਿਮਨੀ ਚੋਣ ਲਈ ਅਕਾਲੀ ਦਲ ਵੱਲੋਂ  ਡਾ. ਸੁਖਵਿੰਦਰ ਕੁਮਾਰ ਸੁੱਖੀ ਨੂੰ ਉਮੀਦਵਾਰ ਐਲਾਨੇ ਜਾਣ ਤੋਂ ਪਹਿਲਾਂ ਸਿਮਰਨਜੀਤ ਸਿੰਘ ਮਾਨ ਨੇ ਵੀ ਗੁਰਜੰਟ ਸਿੰਘ ਕੱਟੂ ਨੂੰ  ਆਪਣਾ ਉਮੀਦਵਾਰ ਐਲਾਨਿਆ ਹੈ। ਕਾਂਗਰਸ ਚੋਂ ਕੱਢੇ ਜਾਣ ਤੋਂ ਬਾਅਦ ਸੁਸ਼ੀਲ ਕੁਮਾਰ ਰਿੰਕੂ ਨੂੰ ‘ਆਪ’ ਨੇ ਮੈਦਾਨ ਵਿੱਚ ਉਤਾਰਿਆ ਹੈ ਜਦੋਂ ਕਿ ਕਾਂਗਰਸ ਕਾਫੀ ਸਮਾਂ ਪਹਿਲਾਂ ਹੀ ਬੀਬੀ ਕਰਮਜੀਤ ਕੌਰ ਨੂੰ ਜ਼ਿਮਨੀ ਚੋਣ ਦਾ ਉਮੀਦਵਾਰ ਐਲਾਨ ਚੁੱਕੀ ਹੈ।