Punjab

ਕਿਸੇ ਵੀ ਨੌਜਵਾਨ ‘ਤੇ NSA ਲਗਾਉਣ ਦਾ ਵਿਰੋਧ ਕਰੇਗਾ ਅਕਾਲੀ ਦਲ,ਮਾਨ ਸਰਕਾਰ ਨਾਕਾਮੀਆਂ ‘ਤੇ ਪਾ ਰਹੀ ਪਰਦਾ: ਸ਼੍ਰੋਮਣੀ ਅਕਾਲੀ ਦਲ

ਚੰਡੀਗੜ੍ਹ : ਅੰਮ੍ਰਿਤਪਾਲ ਬਾਰੇ ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਸਪੱਸ਼ਟ ਕਰਦਿਆਂ ਪਾਰਟੀ ਦੇ ਲੀਗਲ ਸੈਲ ਦੇ ਪ੍ਰਧਾਨ ਅਰਸ਼ਦੀਪ ਸਿੰਘ ਕਲੇਰ ਨੇ ਸਾਫ਼ ਕੀਤਾ ਹੈ ਕਿ ਅਜਨਾਲਾ ਘਟਨਾ ਵਿੱਚ ਜੇਕਰ ਉਹ ਦੋਸ਼ੀ ਹੈ ਤਾਂ ਕਾਰਵਾਈ ਕੀਤੀ ਜਾਵੇ ਪਰ ਉਸ ‘ਤੇ ਜਾ ਕਿਸੇ ਵੀ ਹੋਰ ਨੌਜਵਾਨ ‘ਤੇ NSA ਲਾਉਣ ਦਾ ਅਕਾਲੀ ਦਲ ਵਿਰੋਧ ਕਰੇਗਾ।

ਚੰਡੀਗੜ੍ਹ ਵਿੱਚ ਹੋਈ ਪ੍ਰੈਸ ਕਾਨਫਰੰਸ ਦੇ ਦੌਰਾਨ ਉਹਨਾਂ  ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਚਿੰਤਾ ਦਾ ਵਿਸ਼ਾ ਦੱਸਿਆ ਹੈ ਤੇ ਕਿਹਾ ਹੈ ਕਿ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਪੁਲਿਸ ਵਲੋਂ ਚੁੱਕੇ ਜਾ ਰਹੇ ਬੇਕਸੂਰ ਨੌਜਵਾਨਾਂ ਨੂੰ ਕਾਨੂੰਨੀ ਮਦਦ ਦੀ ਪੇਸ਼ਕਸ਼ ਕੀਤੀ ਹੈ। ਅਕਾਲੀ ਦਲ ਦੇ ਲੀਗਲ ਸੈਲ ਨੇ 13 ਮੈਂਬਰੀ ਲੀਗਲ ਟੀਮ ਬਣਾਈ ਗਈ ਹੈ ਤਾਂ ਜੋ ਪੰਜਾਬ ਵਿੱਚ ਨਜਾਇਜ਼ ਤੌਰ ‘ਤੇ ਚੁੱਕੇ ਜਾ ਰਹੇ ਨੌਜਵਾਨਾਂ ਦੀ ਮਦਦ ਕੀਤੀ ਜਾ ਸਕੇ । ਅਕਾਲੀ ਦਲ ਹਰ ਜਿਲ੍ਹੇ ਵਿੱਚ ਆਪਣੇ ਵਕੀਲਾਂ ਰਾਹੀਂ ਸਹਾਇਤਾ ਕਰੇਗਾ। ਇਸ ਸੰਬੰਧ ਵਿੱਚ ਫੋਨ ਨੰਬਰ ਵੀ ਜਾਰੀ ਕੀਤੇ ਜਾਣਗੇ ਤੇ ਪੀੜਤਾਂ ਦੇ ਘਰਾਂ ਵਿੱਚ ਜਾ ਕੇ ਮਦਦ ਪਹੁੰਚਾਈ ਜਾਵੇਗੀ। ਸ਼੍ਰੋਮਣੀ ਅਕਾਲੀ ਦਲ ਪਹਿਲੇ ਦਿਨ ਤੋਂ ਹੀ ਇਸ ਸਾਰੀ ਕਾਰਵਾਈ ਦੇ ਵਿਰੋਧ ਵਿੱਚ ਖੜੀ ਹੈ। ਪਿਛਲੇ ਦੋ ਦਿਨ ਤੋਂ ਨੌਜਵਾਨਾਂ ਨੂੰ ਚੁੱਕਣ ਦਾ ਕੰਮ ਪੰਜਾਬ ਪੁਲਿਸ ਕਰ ਰਹੀ ਹੈ ਪਰ ਅਕਾਲੀ ਦਲ ਪੁਲ੍ਸ ਵੱਲੋਂ ਚੁੱਕੇ ਗਏ ਕਰੀਬ 150 ਨੌਜਵਾਨਾਂ ਨੂੰ ਮਦਦ ਦੇਵੇਗਾ ਤੇ ਜੇਕਰ ਇਸ ਵਾਸਤੇ ਅਸਾਮ ਵੀ ਜਾਣਾ ਪਿਆ ਤਾਂ ਉਥੇ ਵੀ ਪਹੁੰਚ ਕੀਤੀ ਜਾਵੇਗੀ।

ਪੰਜਾਬ ਸਰਕਾਰ ‘ਤੇ ਵਰਦਿਆਂ ਕਲੇਰ ਨੇ ਕਿਹਾ ਹੈ ਕਿ ਪੰਜਾਬ ਦੇ ਇਸ ਵਕਤ ਹਾਲਾਤ ਅਣਐਲਾਨੀ ਐਮਰਜੈਂਸੀ ਵਾਲੇ ਹਨ।ਪਿਛਲੇ ਇਕ ਸਾਲ ਤੋਂ ਲਗਾਤਾਰ ਸੂਬੇ ਵਿੱਚ ਨਾਮਵਰ ਸ਼ਖਸੀਅਤਾਂ ਦੇ ਕਤਲ ਹੋ ਰਹੇ ਹਨ ਤੇ ਹੁਣ ਮਾਨਸਾ ਵਿੱਚ 6 ਸਾਲ ਦੇ ਬੱਚੇ ਨੂੰ ਸ਼ਰੇਆਮ ਗੋਲੀਆਂ ਮਾਰੀਆਂ ਗਈਆਂ ਹਨ। ਗੈਂਗਸਟਰ ਵਾਰਦਾਤ ਕਰਵਾ ਕੇ ਜੇਲ੍ਹ ਵਿੱਚੋਂ ਲਾਈਵ ਹੋ ਕੇ ਆਪਣੇ ਕਾਰਨਾਮਿਆਂ ਬਾਰੇ ਦੱਸਦੇ ਹਨ।ਲਾਰੈਂਸ ਵਰਗਾ ਗੈਂਗਸਟਰ ਵੀ ਜੇਲ੍ਹ ਵਿੱਚੋਂ ਲਾਈਵ ਹੁੰਦਾ ਹੈ ਪਰ ਸਰਕਾਰ ਕਾਰਵਾਈ ਕਰਨ ਦੀ ਬਜਾਇ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਘਟੀਆ ਯੋਜਨਾਵਾਂ ਬਣਾ ਰਹੀ ਹੈ।

ਅਜਨਾਲਾ ਘਟਨਾ ‘ਤੇ ਬੋਲਦਿਆਂ ਉਹਨਾਂ ਕਿਹਾ ਕਿ ਇਹ ਕਾਨੂੰਨ ਦਾ ਵਿਸ਼ਾ ਸੀ ਪਰ ਹੁਣ ਕੇਂਦਰ ਨੂੰ ਸੂਬੇ ਵਿੱਚ ਵਾੜ ਕੇ ਮਨਮਰਜੀਆਂ ਕਰਨ ਦੀ ਖੁੱਲ ਦਿੱਤੀ ਜਾ ਰਹੀ ਹੈ।

ਉਹਨਾਂ ਮੁੱਖ ਮੰਤਰੀ ਮਾਨ ਨੂੰ  ਪੰਜਾਬ ਵਾਸੀਆਂ ਨੂੰ ਹਿੰਦੀ ਵਿੱਚ ਸੰਬੋਧਨ ਕਰਨ ‘ਤੇ ਵੀ ਘੇਰਿਆ ਹੈ ਤੇ ਕਿਹਾ ਕਿ ਮੁੱਖ ਮੰਤਰੀ ਮਾਨ ਪੰਜਾਬੀ ਨੂੰ ਅੱਗੇ ਲੈ ਕੇ ਆਉਣ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਨ ਪਰ ਪੰਜਾਬ ਨੂੰ ਸੰਬੋਧਨ ਹਿੰਦੀ ਵਿੱਚ ਕਰਦੇ ਹਨ।

ਮੁੱਖ ਮੰਤਰੀ ਨੂੰ ਸਵਾਲ ਕਰਦਿਆਂ ਕਲੇਰ ਨੇ ਕਿਹਾ ਕਿ ਨੌਜਵਾਨਾਂ ‘ਤੇ ਐਨਐਸਏ ਲਗਾ ਕੇ ਪੰਜਾਬ ਦੀ ਜਵਾਨੀ ਨੂੰ ਬਰਬਾਦੀ ਦੀ ਅੱਗ ਵਿੱਚ ਧੱਕਿਆ ਜਾ ਰਿਹਾ ਹੈ। ਸੰਨ 1980 ਵਿੱਚ ਕਾਂਗਰਸ ਨੇ ਵੀ ਆਹੀ ਕੀਤਾ ਸੀ ਪਰ ਹੁਣ ਪੰਜਾਬ ਸਰਕਾਰ ਕੇਂਦਰ ਨਾਲ ਮਿਲ ਕੇ ਪੰਜਾਬ ਦੇ ਨੌਜਵਾਨਾਂ ‘ਤੇ ਐਂਟੀ ਨੈਸ਼ਨਲ ਦਾ ਤਿਲਕ ਲਗਾ ਰਹੀ ਹੈ। ਦੇਸ਼ ਉਤੇ ਪਈ ਭੀੜ ਵਿੱਚ ਪੰਜਾਬੀਆਂ ਨੇ ਅੱਗੇ ਹੋ ਕੇ ਹਿੱਕਾਂ ਡਾਹੀਆਂ ਹਨ। ਪਰ ਇਹ ਵਿਵਹਾਰ ਸਹਿਣ ਯੋਗ ਨਹੀਂ ਹੈ।

ਮਾਨ ‘ਤੇ ਹਮਲਾ ਕਰਦਿਆਂ ਉਹਨਾਂ ਕਿਹਾ ਕਿ ਆਪਣੀ ਸਰਕਾਰ ਦੀਆਂ ਨਾਕਾਮੀਆਂ ਤੇ ਕਾਰਵਾਈ ਕਰਨ ਵਿੱਚ ਦੇਰੀ ਵਰਗੀਆਂ  ਆਪਣੀਆਂ ਕਮੀਆਂ ਨੂੰ ਢੱਕਣ ਲਈ 20-20 ਸਾਲਾਂ ਦੇ ਨੌਜਵਾਨਾਂ ‘ਤੇ ਐਨਐਸਏ ਲਗਾ ਰਹੀ ਹੈ ।

ਅਕਾਲੀ ਦਲ ਸਰਕਾਰ ਦੀ ਗੱਲ ਕਰਦਿਆਂ ਕਲੇਰ ਨੇ ਕਿਹਾ ਕਿ ਉਹਨਾਂ ਵੇਲੇ ਗੁਰਦਾਸਪੁਰ ਵਿੱਖੇ ਅੱਤਵਾਦੀ ਹਮਲਾ ਹੋਇਆ ਪਰ ਬਿਨਾਂ ਕੇਂਦਰ ਦੀ ਦਖਲਅੰਦਾਜੀ ਤੋਂ ਅਕਾਲੀ ਦਲ ਸਰਕਾਰ ਨੇ ਅਤਵਾਦੀਆਂ ਦੇ ਮਨਸੂਬੇ ਫੇਲ ਕੀਤੇ ਪਰ ਕਿਸੇ ਵੀ ਪੰਜਾਬੀ ਨੌਜਵਾਨ ‘ਤੇ ਇਸ ਤਰਾਂ ਦੇ ਕਾਨੂੰਨ ਨਹੀਂ ਲੱਗਣ ਦਿਤੇ ਪਰ ਇਥੇ  ਆਪ ਸਰਕਾਰ ਖੁੱਦ ਕੇਂਦਰੀ ਏਜੰਸੀਆਂ ਨੂੰ ਬੁਲਾ ਕੇ ਪੰਜਾਬ ਦੇ ਨੌਜਵਾਨਾਂ ‘ਤੇ ਐਂਟੀ ਨੈਸ਼ਨਲ ਹੋਣ ਦਾ ਤਿਲਕ ਲਗਾ ਰਹੀ ਹੈ।

ਪੰਜਾਬ ਦੇ ਅਮਨ ਕਾਨੂੰਨ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਕਿਸੇ ਵੀ ਸੂਬੇ ਵਿੱਚ ਲਾਅ ਐਂਡ ਆਰਡਰ ਸੰਭਾਲਣਾ ਸੂਬਾ ਸਰਕਾਰ ਦੀ ਜਿੰਮੇਵਾਰੀ ਹੈ ਪਰ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਸਰਕਾਰ ਨੇ ਪੰਜਾਬ ਦੇ ਨੌਜਵਾਨਾਂ ਦੀ ਬਲੀ ਲੈਣੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਵਿੱਚ ਜੋ ਕੁੱਝ ਵੀ ਹੋ ਰਿਹਾ ਹੈ,ਉਹ ਸਿੱਧੇ ਸਿੱਧੇ ਪੰਜਾਬ ਸਰਕਾਰ ਤੇ ਇੰਟੈਲੀਜੈਂਸ ਏਜੰਸੀਆਂ ਦੀ ਨਾਕਾਮੀ ਹੈ ਪਰ ਸਰਕਾਰ ਹੁਣ ਬੇਕਸੂਰ ਨੌਜਵਾਨਾਂ ‘ਤੇ ਕਾਰਵਾਈ ਕਰਕੇ ਆਪਣੀ ਨਾਕਾਮੀ ‘ਤੇ ਪਰਦੇ ਪਾ ਰਹੀ ਹੈ।

ਇਹ ਕੰਮ ਕਾਂਗਰਸ ਨੇ ਵੀ ਕੀਤਾ ਸੀ ਤੇ ਰਾਹੁਲ ਗਾਂਧੀ ਨੇ ਵੀ ਪੰਜਾਬ ਦੇ ਨੌਜਵਾਨਾਂ ਤੇ ਨਸ਼ੇੜੀ ਹੋਣ ਦਾ ਕਲੰਕ ਲਗਾਉਣਾ ਚਾਹਿਆ ਸੀ ਪਰ ਪੰਜਾਬ ਦੇ ਲੋਕ ਕਦੇ ਵੀ ਇਹ ਸਭ ਨਹੀਂ ਭੁਲਣਗੇ।

ਮਾਨ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਬਾਦਲ ‘ਤੇ ਵੀ ਲਾਇਆ ਇਲਜ਼ਾਮ ਲਾਇਆ ਸੀ ਪਰ ਹਾਈ ਕੋਰਟ ਨੇ ਨਿਰਪੱਖਤਾ ਦਿਖਾਈ ਤੇ ਅੱਜ ਸੁਖਬੀਰ ਸਿੰਘ ਬਾਦਲ ਨੂੰ ਵੀ ਜ਼ਮਾਨਤ ਦਿੱਤੀ ਹੈ।

ਉਹਨਾਂ ਇਹ ਵੀ ਕਿਹਾ ਹੈ ਕਿ ਅੰਮ੍ਰਿਤਪਾਲ ਨੂੰ ਉਸ ਦੇ ਘਰੋਂ ਆਰਾਮ ਨਾਲ ਗ੍ਰਿਫਤਾਰ ਕੀਤਾ ਜਾ ਸਕਦਾ ਸੀ ਪਰ ਹਾਲਾਤ ਜਾਣ ਬੁਝ ਕੇ ਖਰਾਬ ਕੀਤੇ ਗਏ ਤੇ ਐਨਐਸਏ ਵਰਗੇ ਕਾਨੂੰਨ ਦਾ ਇਥੇ ਕੋਈ ਲੈਣਾ ਦੇਣਾ ਹੀ ਨਹੀਂ ਸੀ। ਉਹਨਾਂ ਸਵਾਲ ਕੀਤਾ ਕਿ 8 ਮਹੀਨੇ ਤੋਂ ਅੰਮ੍ਰਿਤਪਾਲ ਦੇ ਅਸਲਾ ਲਾਇਸੈਂਸ ਬਣ ਰਹੇ ਸੀ,ਉਹ ਕੌਣ ਬਣਾ ਕੇ ਦੇ ਰਿਹਾ ਸੀ ? ਕੀ ਉਦੋਂ ਇੰਟੈਲੀਜੈਂਸ ਏਜੰਸੀਆਂ ਇਸ ਗੱਲ ਤੋਂ ਅਣਜਾਣ ਸਨ ? ਹੁਣ ਜਦੋਂ ਹਾਲਾਤਾਂ ਕਾਰਨ ਸਰਕਾਰ ‘ਤੇ ਉਂਗਲਾਂ ਉੱਠਣ ਲਗੀਆਂ ਤੇ ਜੇਲ੍ਹਾਂ ਵਿੱਚੋਂ ਇੰਟਰਵਿਊ ਆਉਣ ਲੱਗ ਪਏ ਤਾਂ ਆਪਣੀ ਸਾਖ ਬਚਾਉਣ ਲਈ ਆਪ ਸਰਕਾਰ ਨੇ ਇਹ ਰੌਲਾ ਪੁਆ ਦਿੱਤਾ ਹਾਲਾਂਕਿ ਐਡਾ ਮਾਮਲਾ ਨਹੀਂ ਸੀ,ਜਿਸ ਤਰਾਂ  ਆਪ ਸਰਕਾਰ ਇਸ ਨੂੰ ਪ੍ਰਚਾਰ ਰਹੀ ਹੈ। ਹਾਈ ਕੋਰਟ ਨੇ ਵੀ ਇਸ ਮਾਮਲੇ ਵਿੱਚ ਸਰਕਾਰ ਨੂੰ ਝਾੜ ਪਾਈ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਹੋਈ ਘਟਨਾ ਨੂੰ ਚੰਨੀ ਸਰਕਾਰ ਦੀ TRP EXERCISE ਦੱਸਦਿਆਂ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਇਸ ਗੱਲ ਦਾ ਵਿਰੋਧ ਕਰਦਾ ਰਹੇਗਾ ,ਚਾਹੇ ਉਹ ਚੰਨੀ ਸਰਕਾਰ ਹੋਵੇ ਜਾਂ ਆਪ ਸਰਕਾਰ।