Punjab

ਆਪ ਨੇ ਲਾਏ ਮਜੀਠੀਆ ‘ਤੇ ਸੰਗੀਨ ਇਲਜ਼ਾਮ,ਕਾਨੂੰਨੀ ਕਾਰਵਾਈ ਦੀ ਵੀ ਕੀਤੀ ਗੱਲ

ਜਲੰਧਰ : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸ਼੍ਰੋਮਣੀ ਅਕਾਲੀ ਦਲ ਵਰਕਰਾਂ ‘ਤੇ ਰੋਸ ਮੁਜ਼ਾਹਰਾ ਕਰ ਰਹੀਆਂ ਬੀਬੀਆਂ ਨਾਲ ਦੁਰਵਿਵਹਾਰ ਕਰਨ ਦੇ ਸੰਗੀਨ ਇਲਜ਼ਾਮ ਲਗਾਏ ਹਨ।ਉਹਨਾਂ ਅਕਾਲੀ ਦਲ ਲੀਡਰ ਬਿਕਰਮ ਸਿੰਘ ਮਜੀਠੀਆ ‘ਤੇ ਵੀ ਨਿਸ਼ਾਨੇ ਲਾਏ ਹਨ।

ਵਿੱਤ ਮੰਤਰੀ ਪੰਜਾਬ ਇੱਕ ਪ੍ਰੈਸ ਕਾਨਫਰੰਸ ਵਿੱਚ ਬੋਲ ਰਹੇ ਸਨ ਤੇ ਉਹਨਾਂ ਨਾਲ ਆਪ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਵੀ ਹਾਜ਼ਰ ਸਨ।ਵਿੱਤ ਮੰਤਰੀ ਨੇ ਕਿਹਾ ਹੈ ਕਿ ਕਰਤਾਰਪੁਰ ਹਲਕੇ ਚ ਪੈਂਦੇ ਪਿੰਡ ਦਿਆਲਪੁਰਾ ਵਿਖੇ ਕੁੱਝ ਬੀਬੀਆਂ ਰੋਸ ਪ੍ਰਦਰਸ਼ਨ ਕਰ ਰਹੀਆਂ ਸਨ।ਇਸ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਲੀਡਰ ਬਿਕਰਮ ਸਿੰਘ ਮਜੀਠੀਆ ਨੂੰ ਜਦੋਂ ਉਹਨਾਂ ਸਵਾਲ ਕਰਨਾ ਚਾਹਿਆ ਤਾਂ ਇਸ ਲੀਡਰ ਨਾਲ ਆਏ ਵਰਕਰਾਂ ਨੇ ਇਹਨਾਂ ਬੀਬੀਆਂ ਨਾਲ ਦੁਰਵਿਵਹਾਰ ਕਰਦੇ ਹੋਏ ਇਹਨਾਂ ਦਾ ਗਲਾ ਦਬਾਉਣ ਦੀ ਕੋਸ਼ਿਸ਼ ਕੀਤੀ।ਆਪਣੀ ਗੱਲ ਦੇ ਸਬੂਤ ਦੇ ਤੌਰ ਤੇ ਹਰਪਾਲ ਸਿੰਘ ਚੀਮਾ ਨੇ ਇੱਕ ਵੀਡੀਓ ਵੀ ਸਾਰਿਆਂ ਨਾਲ ਸਾਂਝੀ ਕੀਤੀ ਹੈ ,ਜਿਸ ਵਿੱਚ ਕੁੱਝ ਵਿਅਕਤੀ ਕੁੜੀਆਂ ਨਾਲ ਦੁਰਵਿਵਹਾਰ ਕਰਦੇ ਦਿਖਾਈ ਦੇ ਰਹੇ ਹਨ।

ਉਹਨਾਂ ਸ਼੍ਰੋਮਣੀ ਅਕਾਲੀ ਦਲ ਤੇ ਇਹਨਾਂ ਬੀਬੀਆਂ ‘ਤੇ ਬੱਚੀਆਂ ਨੂੰ ਮਾਰਨ ਦੀ ਕੋਸ਼ਿਸ਼ ਕਰਨ ਦਾ ਇਲਜ਼ਾਮ ਲਗਾਇਆ ਹੈ ਤੇ ਕਿਹਾ ਹੈ ਕਿ ਜੇਕਰ ਇਹਨਾਂ ਨੇ ਮਾਫ਼ੀ ਨਾ ਮੰਗੀ ਤਾਂ ਸ਼ਿਕਾਇਤ ਸਾਹਮਣੇ ਆਉਣ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਆਪ ਜਲਦੀ ਹੀ ਪੀੜਤ ਬੀਬੀਆਂ ਨਾਲ ਰਾਬਤਾ ਕਾਇਮ ਕਰੇਗੀ।

ਇਸ ਤੋਂ ਇਲਾਵਾ ਵਿੱਤ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ ਤੇ ਬੂਥ ਕੈਪਚਰਿੰਗ ਦਾ ਵੀ ਦੋਸ਼ ਲਾਇਆ ਤੇ ਇਹ ਦਾਅਵਾ ਵੀ ਕੀਤਾ ਕਿ ਅਕਾਲੀ ਦਲ ਵੱਲੋਂ ਬੂਥ ਤੇ ਕੀਤੇ ਕਬਜ਼ੇ ਕਾਰਣ ਹੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਵੋਟ ਨਹੀਂ ਪਾ ਸਕੇ ਸੀ।

ਅੰਮ੍ਰਿਤਸਰ ਵਿੱਖੇ ਹੋਏ ਧਮਾਕਿਆਂ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।ਮੁੱਢਲੀ ਜਾਂਚ ਜਾਰੀ ਹੈ।ਪੰਜਾਬ ਪੁਲਿਸ ਇਸ ਬਾਰੇ ਖੁਲਾਸੇ ਕਰੇਗੀ।