Punjab

ਆਪ’ ਆਗੂ ਦਾ ਸਟਿੰਗ ਆਪ੍ਰੇਸ਼ਨ , ਰਿਸ਼ਵਤ ਲੈਂਦੇ ਪਟਵਾਰੀ ਨੂੰ ਕੀਤਾ ਰੰਗੇ ਹੱਥੀਂ ਕਾਬੂ

AAP leader's sting operation bribe-taking Patwari caught red-handed

ਲੁਧਿਆਣਾ ਜ਼ਿਲ੍ਹੇ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਇੱਕ ਸਟਿੰਗ ਆਪ੍ਰੇਸ਼ਨ ਤੋਂ ਬਾਅਦ ਇੱਕ ਪਟਵਾਰੀ ਨੂੰ ਰਜਿਸਟਰੀ ਦਾ ਰਿਕਾਰਡ ਖਰੀਦਦਾਰ ਦੇ ਨਾਂ ਚੜ੍ਹਾਉਣ ਲਈ ਪਾਰਟੀ ਦੇ ਇੱਕ ਨੇਤਾ ਤੋਂ 5,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ । ਵਿਜੀਲੈਂਸ ਬਿਊਰੋ ਨੇ ‘ਆਪ’ ਆਗੂਆਂ ਦੀ ਸ਼ਿਕਾਇਤ ’ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ।

ਪਟਵਾਰੀ ਖਿਲਾਫ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਦੀ ਪਛਾਣ ਮੋਹਨ ਸਿੰਘ ਪਟਵਾਰੀ ਵਜੋਂ ਹੋਈ ਹੈ। ਮੁਲਜ਼ਮ ਮਾਲ ਵਿਭਾਗ ਤੋਂ ਕਾਨੂੰਗੋ ਵਜੋਂ ਸੇਵਾਮੁਕਤ ਹੋਇਆ ਸੀ ਪਰ ਪ੍ਰਸ਼ਾਸਨ ਵੱਲੋਂ ਉਸ ਨੂੰ 1 ਨਵੰਬਰ 2022 ਨੂੰ ਮੁੜ ਪਟਵਾਰੀ ਨਿਯੁਕਤ ਕਰ ਦਿੱਤਾ ਗਿਆ।

‘ਆਪ’ ਹਲਕਾ ਦਾਖਾ ਦੇ ਇੰਚਾਰਜ ਕੇਐਨਐਸ ਕੰਗ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਪਾਰਟੀ ਦੇ ਬਲਾਕ ਪ੍ਰਧਾਨ ਵਰਿੰਦਰ ਸਿੰਘ ਸੈੱਲ ਡੀਡ ਦਾ ਨਾਂ ਬਦਲਣ ਲਈ ਪਟਵਾਰੀ ਕੋਲ ਪਹੁੰਚੇ ਸਨ। ਦੋਸ਼ੀ ਨੇ ਉਨ੍ਹਾਂ ਤੋਂ 10,000 ਰੁਪਏ ਰਿਸ਼ਵਤ ਮੰਗੀ ਸੀ। ਪਟਵਾਰੀ ਦੋ ਕਿਸ਼ਤਾਂ ਵਿੱਚ ਰਿਸ਼ਵਤ ਲੈਣ ਲਈ ਤਿਆਰ ਹੋ ਗਿਆ।

ਕੰਗ ਨੇ ਦੱਸਿਆ ਕਿ ਮੁਲਜ਼ਮ ਨੂੰ ਰਿਸ਼ਵਤ ਦੇਣ ਤੋਂ ਪਹਿਲਾਂ ਉਸ ਨੇ ਨੋਟਾਂ ਦੀਆਂ ਫੋਟੋ ਕਾਪੀਆਂ ਕਰਵਾ ਲਈਆਂ। ਜਿਉਂ ਹੀ ਮੁਲਜ਼ਮ ਪਟਵਾਰੀ ਨੇ ਰਿਸ਼ਵਤ ਦੀ ਰਕਮ ਲੈ ਕੇ ਆਪਣੇ ਦਰਾਜ਼ ਵਿੱਚ ਪੈਸੇ ਰੱਖੇ ਤਾਂ ਇਸੇ ਦੌਰਾਨ ਉਨ੍ਹਾਂ ਨੇ ਛਾਪਾ ਮਾਰ ਕੇ ਉਸ ਦੇ ਕਬਜ਼ੇ ਵਿੱਚੋਂ ਰੁਪਏ ਬਰਾਮਦ ਕਰ ਲਏ।

ਕਰੰਸੀ ਨੋਟਾਂ ਦੇ ਸੀਰੀਅਲ ਨੰਬਰਾਂ ਦੀਆਂ ਫੋਟੋ ਕਾਪੀਆਂ ਮੇਲ ਖਾਂਦੀਆਂ ਸਨ, ਜਿਸ ਕਾਰਨ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਛਾਪੇਮਾਰੀ ਦੀ ਸਾਰੀ ਘਟਨਾ ਪਾਰਟੀ ਵਰਕਰਾਂ ਨੇ ਆਪਣੇ ਸਮਾਰਟਫ਼ੋਨ ‘ਚ ਰਿਕਾਰਡ ਕਰ ਲਈ। ਘਟਨਾ ਤੋਂ ਤੁਰੰਤ ਬਾਅਦ ਵਿਜੀਲੈਂਸ ਨੂੰ ਸੂਚਨਾ ਦਿੱਤੀ ਗਈ।

ਐਸਐਸਪੀ ਵਿਜੀਲੈਂਸ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਵਿਜੀਲੈਂਸ ਬਿਊਰੋ ਮਾਮਲੇ ਦੀ ਜਾਂਚ ਕਰ ਰਿਹਾ ਹੈ।