India Punjab Religion

ਤਖ਼ਤ ਸ੍ਰੀ ਪਟਨਾ ਸਾਹਿਬ ਗੁਰਦੁਆਰੇ ‘ਚ ਪ੍ਰਬੰਧਕਾਂ ਵਿਚਾਲੇ ਤਲਵਾਰਾਂ ਚੱਲੀਆਂ ! 20 ਤੋਂ 25 ਲੋਕ ਕੰਪਲੈਕਸ ਅੰਦਰ ਵੜੇ

ਬਿਊਰੋ ਰਿਪੋਰਟ : ਤਖ਼ਤ ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡ ਦਾ ਵਿਵਾਦ ਹੁਣ ਹਿੰਸਕ ਹੋ ਗਿਆ ਹੈ । ਪੰਜ ਪਿਆਰਿਆਂ ਵੱਲੋਂ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਫੈਸਲਿਆਂ ਨੂੰ ਰੱਦ ਕਰਨ ਤੋਂ ਬਾਅਦ ਹੁਣ ਦੋਵੇ ਧਿਰਾਂ ਆਪਸ ਵਿੱਚ ਭਿੜ ਗਈਆਂ ਹਨ । ਪਟਨਾ ਸਾਹਿਬ ਕੰਪਲੈਕਸ ਦੇ ਅੰਦਰ ਕੁੱਟਮਾਰ ਦੀ ਖ਼ਬਰ ਸਾਹਮਣੇ ਆਈ ਹੈ। ਜਨਰਲ ਸਕੱਤਰ ਇੰਦਰਜੀਤ ਸਿੰਘ ਅਤੇ ਬੋਰਡ ਦੇ ਮੈਂਬਰ ਆਸ਼ੀਸ਼ ਕਪੂਰ ਨੇ ਇੱਕ ਦੂਜੇ ‘ਤੇ ਗਾਲਾਂ ਕੱਢਣ ਦੇ ਨਾਲ ਕਿਰਪਾਨ ਨਾਲ ਹਮਲੇ ਕਰਨ ਦਾ ਇਲਜ਼ਾਮ ਲਗਾਇਆ ਹੈ ।

ਜਨਰਲ ਸਕੱਤਰ ਇੰਦਰਜੀਤ ਸਿੰਘ ਨੇ ਕਿਹਾ ਕਿ ਉਹ ਸ਼੍ਰੀ ਅਕਾਲ ਤਖ਼ਤ ਦੇ ਵੱਲੋਂ 6 ਦਸੰਬਰ ਨੂੰ ਲਗਾਈ ਗਈ ਤਨਖਾਹ ਦੀ ਸੇਵਾ ਨਿਭਾਉਣ ਦੇ ਲਈ ਕੀਰਤਨ ਸੁਣਨ ਦੇ ਲਈ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋ ਰਹੇ ਸਨ ਤਾਂ 20 ਤੋਂ 25 ਲੋਕਾਂ ਨੇ ਕਿਰਪਾਨ ਨਾਲ ਉਨ੍ਹਾਂ ‘ਤੇ ਹਮਲਾ ਕੀਤਾ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਇਹ ਹਮਲਾ ਉਨ੍ਹਾਂ ਦੇ ਵਿਰੋਧੀਆਂ ਵੱਲੋਂ ਕੀਤਾ ਗਿਆ ਹੈ। ਉਧਰ ਹਮਲੇ ਦੇ ਇਲਜ਼ਾਮ ਵਿੱਚ ਘਿਰੇ ਬੋਰਡ ਦੇ ਮੈਂਬਰ ਆਸ਼ੀਸ਼ ਕਪੂਰ ਨੇ ਦਾਅਵਾ ਕੀਤਾ ਹੈ ਕਿ ਇੰਦਰਜੀਤ ਸਿੰਘ ਨੇ ਗੁਰਦੁਆਰਾ ਕੰਪਲੈਕਸ ਵਿੱਚ ਉਨ੍ਹਾਂ ਨੂੰ ਗਾਲਾਂ ਕੱਢਿਆਂ ਹਨ । ਅਤੇ ਫਿਰ ਉਨ੍ਹਾਂ ਨਾਲ ਹੱਥੋਪਾਈ ਕੀਤੀ ਹੈ। ਇਸ ਪੂਰੇ ਮਾਮਲੇ ਵਿੱਚ ਜਦੋਂ ਕਮੇਟੀ ਦੇ ਨਵੇਂ ਪ੍ਰਧਾਨ ਮਹਿੰਦਰਪਾਲ ਸਿੰਘ ਢਿੱਲੋਂ ਕੋਲੋ ਪਹੁੰਚਿਆ ਗਿਆ ਤਾਂ ਉਨ੍ਹਾਂ ਘਟਨਾ ਵੇਲੇ ਤਖ਼ਤ ਸਾਹਿਬ ਵਿੱਚ ਮੌਜੂਦ ਹੋਣ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਤਖ਼ਤ ਸਾਹਿਬ ਵਿੱਚ ਲੱਗੇ ਸੀਸੀਟੀਵੀ ਨੂੰ ਖੰਗਾਲਿਆਂ ਜਾਵੇਗਾ ਉਸ ਤੋਂ ਬਾਅਦ ਹੀ ਸਥਿਤੀ ਸਾਫ਼ ਹੋਵੇਗੀ । ਉਧਰ ਲੜਾਈ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਹੈ ।

ਤਖ਼ਤ ਪਟਨਾ ਸਾਹਿਬ ਪਹੁੰਚੇ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਆਸ਼ੀਸ਼ ਕਪੂਰ ਦੇ ਵੱਲੋਂ ਇੰਦਰਜੀਤ ਸਿੰਘ ‘ਤੇ ਹਮਲਾ ਕੀਤਾ ਗਿਆ ਹੈ ਅਸੀਂ ਉਸ ਦੀ ਜਾਂਚ ਕਰ ਰਿਹਾ ਹਾਂ। ਪੁਲਿਸ ਨੇ ਤਖ਼ਤ ਸਾਹਿਬ ਵਿੱਚ ਲੱਗੇ ਸੀਸੀਟੀਵੀ ਦੀ ਫੁੱਟੇਜ ਵੀ ਆਪਣੇ ਕਬਜ਼ੇ ਵਿੱਚ ਲੈ ਲਈ ਹੈ । ਜਿਸ ਦੀ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ । ਪਰ ਜਿਸ ਤਰ੍ਹਾਂ ਨਾਲ ਤਖ਼ਤ ਪਟਨਾ ਸਾਹਿਬ ਵਿੱਚ ਪ੍ਰਬੰਧਕੀ ਢਾਂਚੇ ਨੂੰ ਲੈਕੇ ਵਿਵਾਦ ਲਗਾਤਾਰ ਸਾਹਮਣੇ ਆ ਰਿਹਾ ਹੈ ਸਿੱਖ ਸੰਗਤ ਦੁਬਿਧਾ ਵਿੱਚ ਨਜ਼ਰ ਆ ਰਹੀ ਹੈ । ਖ਼ਾਸ ਕਰਕੇ ਉਸ ਵੇਲੇ ਜਦੋਂ ਇਸੇ ਮਹੀਨੇ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਹੈ ਅਤੇ ਉਨ੍ਹਾਂ ਦੇ ਜਨਮ ਅਸਥਾਨ ਤਖ਼ਤ ਪਟਨਾ ਸਾਹਿਬ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚ ਦੀ ਹੈ। ਦੁੱਖ ਦੀ ਗੱਲ ਇਹ ਹੈ ਕਿ ਦੇਸ਼ -ਵਿਦੇਸ਼ ਤੋਂ ਦਸਮ ਪਿਤਾ ਦੇ ਜਨਮ ਅਸਥਾਨ ਆਉਣ ਵਾਲੀ ਸੰਗਤ ਦੇ ਸੁਆਗਤ ਕਰਨ ਦੀ ਥਾਂ ‘ਤੇ ਪ੍ਰਬੰਧਕ ਕਮੇਟੀ ਆਪਸ ਵਿੱਚ ਹੀ ਲੜਾਈ ਕਰ ਰਹੀ ਹੈ। ਇਸ ਤੋਂ ਇਲਾਵਾ ਜਿਸ ਤਰ੍ਹਾਂ 9 ਦਸੰਬਰ ਨੂੰ ਤਖ਼ਤ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਫੈਸਲਿਆਂ ਨੂੰ ਰੱਦ ਕਰਕੇ ਸਪਸ਼ਟੀਕਰਨ ਮੰਗਿਆ ਗਿਆ ਹੈ ਉਸ ਨੇ ਵੀ ਸਿੱਖ ਪੰਥ ਵਿੱਚ ਮਰਿਆਦਾ ਨੂੰ ਲੈਕੇ ਵੱਡਾ ਸੰਕਟ ਖੜਾ ਕਰ ਦਿੱਤਾ ਹੈ । ਪੰਜ ਪਿਆਰਿਆਂ ਨੇ ਸਾਫ਼ ਕਰ ਦਿੱਤਾ ਹੈ ਕਿ ਤਖ਼ਤ ਪਟਨਾ ਸਾਹਿਬ ਦੀ ਮਰਿਆਦਾ ਵੱਖ ਹੈ ਅਤੇ ਕਿਸੇ ਹੋਰ ਤਖ਼ਤ ਵੱਲੋਂ ਇਸ ਵਿੱਚ ਦਖਲ ਨਹੀਂ ਦਿੱਤਾ ਜਾ ਸਕਦਾ ਹੈ। ਸਿਰਫ਼ ਇੰਨਾਂ ਹੀ ਨਹੀਂ ਪੰਜ ਪਿਆਰਿਆਂ ਨੇ ਅੱਗੇ ਲਈ ਵੀ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਤਖ਼ਤ ਪਟਨਾ ਸਾਹਿਬ ਦੀ ਮਰਿਆਦਾ ਅਤੇ ਹੋਰ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਨਾ ਕਰਨ ਜਿਸ ਨੂੰ ਬਿਲਕੁਲ ਵੀ ਨਹੀਂ ਮੰਨਿਆ ਜਾਵੇਗਾ । ਹਾਲਾਂਕਿ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਦਾ ਇਸ ‘ਤੇ ਕੋਈ ਬਿਆਨ ਨਹੀਂ ਆਇਆ ਹੈ ਪਰ 7 ਦਸੰਬਰ ਨੂੰ ਜਥੇਦਾਰ ਹਰਪ੍ਰੀਤ ਸਿੰਘ ਨੇ ਇਲਜ਼ਾਮ ਲਗਾਇਆ ਸੀ ਕਿ ਤਨਖਾਹੀਆ ਇਕਬਾਲ ਸਿੰਘ ਦੇ ਇਸ਼ਾਰੇ ‘ਤੇ ਕੁਝ ਹੁੱਲੜਬਾਜ਼ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਬਿਹਾਰ ਸਰਕਾਰ ਨੂੰ ਹੁੱਲੜਬਾਜ਼ਾਂ ‘ਤੇ ਲਗਾਮ ਲਗਾਉਣ ਲਈ ਕਿਹਾ ਸੀ ਨਹੀਂ ਤਾਂ ਪੰਜਾਬ ਅਤੇ ਦੇਸ਼ ਭਰ ਤੋਂ ਸਿੱਖ ਸੰਗਤਾਂ ਦੇ ਪਹੁੰਚਣ ਦੀ ਚਿਤਾਵਨੀ ਦਿੱਤੀ ਸੀ ।