Punjab

ਸਿੱਧੂ ਮੂਸੇਵਾਲਾ ਮਾਮਲੇ ‘ਚ ਲਾਰੈਂਸ ਬਿਸ਼ਨੋਈ ਦੇ ਜੇਲ੍ਹ ਤੋਂ ਲਾਈਵ ਨੂੰ ਲੈ ਕੇ ਵਿਰੋਧੀਆਂ ਨੇ ਘੇਰੀ ਮਾਨ ਸਰਕਾਰ , ਲਾਏ ਇਹ ਦੋਸ਼

In the case of Sidhu Musewala Lawrence Bishnoi's live from jail the opponents besieged the government said the government has bowed down to gangsters.

ਚੰਡੀਗੜ੍ਹ : ਲਾਰੈਂਸ ਬਿਸ਼ਨੋਈ ਨੇ ਕਥਿਤ ਤੌਰ ਉੱਤੇ ਜੇਲ੍ਹ ਤੋਂ ਇੱਕ ਨਿੱਜੀ ਚੈਨਲ ਨੂੰ ਲਾਈਵ ਇੰਟਰਵਿਊ ਦੇ ਕੇ ਸਰਕਾਰ ‘ਤੇ ਹੀ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਨਿੱਜੀ ਚੈਨਲ ਨੇ ਦਾਅਵਾ ਕੀਤਾ ਹੈ ਕਿ ਇਹ ਪੰਜਾਬ ਦੀ ਇੱਕ ਜੇਲ੍ਹ ਤੋਂ ਹੀ ਇੰਟਰਵਿਊ ਲਈ ਗਈ ਹੈ। ਚੈਨਲ ਦੇ ਪੱਤਰਕਾਰ ਨੂੰ ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਬਾਰੇ ਕਈ ਖੁਲਾਸੇ ਕੀਤੇ ਹਨ।

ਚੈਨਲ ਦੀ ਖ਼ਬਰ ਮੁਤਾਬਿਕ ਬਿਸ਼ਨੋਈ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਕਤਲ ਗੈਂਗਸਟਰ ਗੋਲਡੀ ਬਰਾੜ ਤੇ ਸਚਿਨ ਬਿਸ਼ਨੋਈ ਨੇ ਹੀ ਕਰਵਾਇਆ ਹੈ। ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਕਤਲ ਮਾਮਲੇ ਬਾਰੇ ਕਿਹਾ ਕਿ ‘ਸਿੱਧੂ ਨੇ ਸਾਡੇ ਲੋਕਾਂ ਨੂੰ ਮਾਰਿਆ ਸੀ। ਇਸ ਲਈ ਅਸੀਂ ਉਸਨੂੰ ਸਜ਼ਾ ਦਿੱਤੀ ਹੈ।‘

ਵਿਰੋਧੀ ਪਾਰਟੀਆਂ ਨੇ ਵੀ  ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਆਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਮੁੱਖ ਮੰਤਰੀ ਨੂੰ ਕਰੜੇ ਹੱਥੀਂ ਲੈਦਿਆਂ ਕਿਹਾ ਕਿ ਜਿਸ ਤਰੀਕੇ ਦੇ ਨਾਲ ਗੈਂਗਸਟਰ ਬਿਸ਼ਨੋਈ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤੀ ਹੈ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ CM ਦੀ ਕੁਰਸੀ ਦੇ ਲਾਇਕ ਨਹੀਂ ਹਨ ਉਨ੍ਹਾਂ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਨੈਤਿਕਤਾ ਦੇ ਅਧਾਰ ‘ਤੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ। ਅਕਾਲੀ ਆਗੂ ਨੇ ਕਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਜਿਸ ਤੋਂ ਸਾਬਤ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਗੋਡਿਆ ‘ਤੇ ਆ ਚੁੱਕੀ ਹੈ।

ਉਨ੍ਹਾਂ ਨੇ ਕਿਹਾ ਕਿ ਇਹ ਵੀਡੀਓ ਆਉਣ ਤੋਂ ਬਾਅਦ ਜਿੱਥੇ ਪੰਜਾਬ ਦੇ ਲੋਕਾਂ ਦੇ ਅੰਦਰ ਡਰ ਅਤੇ ਸਹਿਮ ਦਾ ਮਾਹੌਲ ਹੈ, ਉੱਥੇ ਸਿੱਧੂ ਮੂਸੇਵਾਲੇ ਦੇ ਮਾਤ ਪਿਤਾ ਜੋ ਕਿ ਉਸਦੇ ਇਨਸਾਫ ਦੀ ਲੜਾਈ ਲੜ ਰਹੇ ਹਨ ਉਨ੍ਹਾਂ ਦੇ ਦਿਲਾਂ ਵਿੱਚ ਡਰ ਦਾ ਮਾਹੌਲ ਪੈਦਾ ਹੋਵੇਗਾ।

ਦੂਜੇ ਬੰਨੇ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਵੀ ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ‘ਤੇ ਨਿਸ਼ਾਨੇ ਸਾਧੇ ਹਨ। ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਦੀ ਸਰਕਾਰ ਗੈਂਗਸਟਰਾਂ ਅੱਗੇ ਝੁਕ ਗਈ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਗੈਂਗਸਟਰਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਬਜਾਏ ਬਿਸ਼ਨੋਈ ਦੀ ਜੇਲ ‘ਚ ਹੋਈ ਇੰਟਰਵਿਊ ‘ਤੇ ਸਵਾਲ ਪੁੱਛਣ ‘ਤੇ ਕਾਰਵਾਈ ਦੀਆਂ ਧਮਕੀਆਂ ਦੇ ਕੇ ਮੀਡੀਆ, ਵਿਰੋਧੀ ਧਿਰ ਅਤੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਖਹਿਰਾ ਨੇ ਸਰਕਾਰ ਨੂੰ ਇਹ ਸਵਾਲ ਪੁੱਛਿਆ ਹੈ ਕੇ ਸਰਕਾਰ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਸ ਦੀ ਇੰਟਰਵਿਊ ਕਿੱਥੇ ਲਈ ਗਈ ਸੀ?

ਸ਼੍ਰੋਮਣੀ ਅਕਾਲੀ ਦਲ ਨੇ ਵੀ ਇਸ ਮਾਮਲੇ ਨੂੰ ਲੈ ਭਗਵੰਤ ਮਾਨ ਸਰਕਾਰ ਖਿਲਾਫ ਤਿੱਖਾ ਹਮਲਾ ਬੋਲਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਗੈਂਗਸਟਰਾਂ ਸਾਹਮਣੇ ਝੁਕ ਗਏ ਹਨ। ਉਹ ਮਰਹੂਮ ਸਿੱਧੂ ਮੂਸੇਵਾਲਾ ਨੂੰ ਬਦਨਾਮ ਕਰਨ ਲਈ ਉਹ ਖਤਰਨਾਕ ਗੈਂਗਸਟਰ ਦੀ ਵਰਤੋਂ ਕਰ ਰਹੇ ਹਨ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਅਕਾਲੀ ਦਲ ਮੂਸੇਵਾਲਾ ਪਰਿਵਾਰ ਦੇ ਨਾਲ ਹੈ। ਉਹ ਪੰਜਾਬ ਸਰਕਾਰ ਨੂੰ ਇਸ ਮਾਮਲੇ ਵਿੱਚ ਇਨਸਾਫ਼ ਦੇਣ ਲਈ ਮਜਬੂਰ ਕਰਨਗੇ। ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਗੈਂਗਸਟਰਾਂ ਅੱਗੇ ਝੁਕ ਗਏ ਹਨ। ਸਿੱਧੂ ਮੂਸੇਵਾਲਾ ਨੂੰ ਬਦਨਾਮ ਕਰਨ ਲਈ ਉਹ ਇੱਕ ਖੌਫਨਾਕ ਗੈਂਗਸਟਰ ਦੀ ਵਰਤੋਂ ਕਰ ਰਹੇ ਹਨ।

ਹਾਲਾਂਕਿ ‘ਦ ਖ਼ਾਲਸ ਟੀਵੀ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਬਿਸ਼ਨੋਈ ਨੇ ਕਿਹੜੀ ਜੇਲ੍ਹ ਵਿਚ ਬੈਠ ਕੇ ਇਹ ਇੰਟਰਵਿਊ ਦਿੱਤੀ ਹੈ ਪਰ ਇਸ ਸਾਰੇ ਮਾਮਲੇ ਵਿੱਚ ਜੇਲ੍ਹ ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਇਹ ਇੰਟਰਵਿਊ ਪੰਜਾਬ ਦੀ ਕਿਸੇ ਜੇਲ੍ਹ ਦੀ ਨਹੀਂ ਹੈ। ਜੇਲ੍ਹ ਦੇ ਉਚ ਅਧਿਕਾਰੀਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਨਾ ਤਾਂ ਇਹ ਵੀਡੀਓ ਬਠਿੰਡਾ ਜੇਲ੍ਹ ਦੀ ਅਤੇ ਨਾ ਹੀ ਪੰਜਾਬ ਦੀ ਕਿਸੇ ਹੋਰ ਜੇਲ੍ਹ ਦੀ ਹੈ। ਉਨ੍ਹਾਂ ਨੇ ਕਿਹਾ ਕਿ ਗੈਂਗਸਟਰ ਲਾਰੇਂਸ ਬਿਸ਼ਨੋਈ ਇਸ ਵੇਲੇ ਬਠਿੰਡਾ ਜੇਲ੍ਹ ਦੇ ਉੱਚ ਸੁਰੱਖਿਆ ਜ਼ੋਨ ਵਿੱਚ ਹੈ. ਜਿੱਥੇ ਉਸ ਦੀਆਂ ਗਤੀਵਿਧੀਆਂ ’ਤੇ 24 ਘੰਟੇ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੋ ਵੀਡੀਓ ਨਿੱਜੀ ਚੈਨਲਾਂ ‘ਤੇ ਦਿਖਾਇਆ ਜਾ ਰਿਹਾ ਹੈ ਉਹ ਪੁਰਾਣਾ ਵੀਡੀਓ ਹੈ।