Punjab

“ਪੰਜਾਬ ਸਿਰ ਕਰਜ਼ਾ ਨਾ ਹੁੰਦਾ ਤਾਂ ਬੀਬੀਆਂ ਲਈ ਐਲਾਨੀ 1000 ਰੁਪਏ ਵਾਲੀ ਸਕੀਮ ਹੁਣ ਤੱਕ ਲਾਗੂ ਹੋਣੀ ਸੀ” ਆਪ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਦਾ ਦਾਅਵਾ

ਚੰਡੀਗੜ੍ਹ : “ਜੇਕਰ ਪੰਜਾਬ ਸਿਰ ਚੱੜਿਆ ਵਿਆਜ ਤੇ ਮੂਲ ਨਾ ਮੋੜਨਾ ਹੁੰਦਾ ਤਾਂ ਹੁਣ ਤੱਕ ਬੀਬੀਆਂ ਲਈ 1000 ਰੁਪਏ ਵਾਲੀ ਸਕੀਮ ਲਾਗੂ ਹੋ ਚੁੱਕੀ ਹੋਣੀ ਸੀ।ਪੰਜਾਬ ਸਰਕਾਰ ਨੇ ਪਿਛਲੀਆਂ ਸਰਕਾਰਾਂ ਵੱਲੋਂ ਲਏ ਗਏ ਕਰਜ਼ੇ ਦੇ ਮੂਲ ਦੇ ਰੂਪ ਵਿੱਚ 16000 ਕਰੋੜ ਵਾਪਸ ਕੀਤਾ ਹੈ।ਤੇ ਇਸ ਦੇ ਵਿਆਜ ਦੇ ਤੋਰ ‘ਤੇ 20000 ਕਰੋੜ  ਵੀ ਭਰਿਆ ਹੈ। ਇਸ ਤਰਾਂ ਨਾਲ ਕੁਲ 36000 ਕਰੋੜ ਮੋੜਿਆ ਗਿਆ ਹੈ।” ਇਹ ਦਾਅਵਾ ਅੱਜ ਆਪ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕੀਤਾ ਹੈ।

ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਕਰਜਾ ਲੈਣ ਵੇਲੇ ਕੋਈ ਸਟੱਡੀ ਨਹੀਂ ਕੀਤੀ,ਜਿਸ ਕਾਰਨ ਪੰਜਾਬ ਸਿਰ ਇਸ ਵੇਲੇ ਇਨਾਂ ਕਰਜ਼ਾ ਹੈ।

ਕੰਗ ਨੇ ਕਿਹਾ ਹੈ ਕਿ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ,9 ਬਜਟ ਪੇਸ਼ ਕਰਨ ਵਾਲੇ ਸਾਬਕਾ ਵਿੱਚ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਅਕਾਲੀ ਸੁਖਬੀਰ ਸਿੰਘ ਬਾਦਲ ਸਾਡੇ ਤੋਂ ਜਵਾਬ ਮੰਗਦੇ ਹਨ ਪਰ ਇਹ ਵੀ ਦੇਖਣ ਕਿ ਸਰਕਾਰ ਨੇ ਹਾਸਲ ਕੀ-ਕੀ ਕੀਤਾ ਹੈ?

ਕੰਗ ਨੇ ਚੰਡੀਗੜ੍ਹ ਵਿੱਚ ਕੀਤੀ ਇੱਕ ਪ੍ਰੈਸ ਕਾਨਫਰੰਸ ਵਿੱਚ ਬੋਲਦਿਆਂ ਮਾਨ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਉਂਦੇ ਹੋਏ ਪਿਛਲੇ ਇੱਕ ਸਾਲ ਵਿੱਚ ਕੀਤੇ ਕੰਮਾਂ ਦਾ ਬਿਊਰਾ ਪੇਸ਼ ਕੀਤਾ ਹੈ। ਜਿਸ ਵਿੱਚ  90 ਫੀਸਦੀ ਲੋਕਾਂ ਦਾ ਬਿਜਲੀ ਬਿੱਲ ਜੀਰੋ ਆਉਣ ਦੇ ਨਾਲ-ਨਾਲ 2000 ਕਰੋੜ ਦੇ ਬੇਲਆਊਟ ਪੈਕੇਜ ਸੂਬੇ ਦੇ ਵੱਖ-ਵੱਖ ਅਦਾਰਿਆਂ  ਪੰਜਾਬ ਗ੍ਰਾਮੀਣ ਬੈਂਕ,ਸ਼ੂਗਰਫੈਡ,ਪਨਸਪ,ਮਾਰਕਫੈਡ,ਮਿਲਕਫੈਡ,ਪੰਜਾਬ ਐਗਰੋ ਐਂਡ ਕੋਆਪਰੋਟਿਵ ਬੈਂਕ ਲਈ ਜਾਰੀ ਕਰਨ ਦੀ ਗੱਲ ਵੀ ਕਹੀ ਤੇ ਇਹ ਵੀ ਦਾਅਵਾ ਕੀਤਾ ਕਿ ਪੰਜਾਬ ਦੀ ਪੇਂਡੂ ਆਰਥਿਕਤਾ ਨੂੰ ਮਜਬੂਤ ਕਰਨ ਵਾਲੇ ਅਦਾਰੇ ਮਾੜੀਆਂ ਆਰਥਿਕ ਨੀਤੀਆਂ ਕਾਰਨ ਖਤਮ ਹੋਣ ਕੰਢੇ ਸਨ।

ਇਸ ਤੋਂ ਇਲਾਵਾ ਆਪਦੇ ਬੁਲਾਰੇ ਨੇ ਇਹ ਵੀ ਕਿਹਾ ਕਿ ਪੈਨਸ਼ਨਰਾਂ ਤੇ ਕਰਮਚਾਰੀਆਂ ਦਾ ਰੋਜਾਨਾ ਭੱਤਾ 6 ਫੀਸਦੀ ਵਧਾਇਆ ਗਿਆ ਹੈ।ਇਸ ਤੋਂ ਇਲਾਵਾ ਯੂਜੀਸੀ ਪੇਅ ਸਕੇਲ ਤੇ ਨੈਸ਼ਨਲ ਜੁਡੀਸ਼ੀਅਲ ਪੇਅ ਕਮਿਸ਼ਨ ਨੂੰ ਮਾਨ ਸਰਕਾਰ ਨੇ ਲਾਗੂ ਕੀਤਾ ਹੈ।

ਆਪਣੇ ਸੰਬੋਧਨ ਵਿੱਚ ਇੱਕ ਵਾਰ ਫਿਰ ਤੋਂ ਪਿਛਲੀਆਂ ਸਰਕਾਰਾਂ ‘ਤੇ ਵਰਦੇ ਹੋਏ ਕੰਗ ਨੇ ਕਿਹਾ ਹੈ ਕਿ ਜਿਥੇ ਇਹਨਾਂ ਦੇ ਮੰਤਰੀਆਂ ਨੇ ਕਰਜਾ ਆਪਣੇ ਸੁਖ ਵਿਲਾਸ ਤੇ ਸਿਸਵਾਂ ਫਾਰਮ ਖਰੀਦਣ ਲਈ ਲਿਆ ਹੈ,ਉਥੇ ਪੰਜਾਬ ਦੀ ਮੋਜੂਦਾ ਸਰਕਾਰ ਨੇ ਕਰਜਾ ਇਸ ਪਹਿਲਾਂ ਦੇ ਲਏ ਹੋਏ ਕਰਜੇ ਨੂੰ ਉਤਾਰਨ ਲਈ ਲਿਆ।ਕੇਂਦਰ ਦੀਆਂ ਸਕੀਮਾਂ ਵਿੱਚ ਭਾਗੇਦਾਰੀ ਲਈ ਰਾਜ ਦੇ ਹਿੱਸੇ ਵਜੋਂ ਪਿਛਲੀਆਂ ਸਰਕਾਰਾਂ ਦਾ 1750 ਕਰੋੜ ਦਾ ਬਕਾਇਆ ਸੀ ,ਜੋ ਅਦਾ ਕੀਤਾ ਗਿਆ ਹੈ।ਆਪ ਸਰਕਾਰ ਜਿਥੇ ਨਵੇਂ ਮੈਡੀਕਲ ਕਾਲਜ ਖੋਲਣ ਲਈ ਪੈਸਾ ਲਾ ਰਹੀ ਹੈ,ਉਥੇ ਪੁਰਾਣੀਆਂ ਸਰਕਾਰਾਂ ਵੇਲੇ ਮੰਤਰੀਆਂ ਨੇ ਆਪਣੇ ਫਾਰਮ ਹੀ ਬਣਾਏ ਹਨ।