ਬਿਊਰੋ ਰਿਪੋਰਟ : ਪੰਜਾਬ ਦੀ ਹਵਾ ਵਿੱਚ ਇੱਕ ਮੌਤ ਉੱਡ ਰਹੀ ਹੈ ਜੋ ਕਿਸੇ ਨੂੰ ਵੀ ਆਪਣੀ ਜੱਦ ਹੇਠ ਲੈ ਲੈਂਦੀ ਹੈ । ਇਹ ਨਾ ਧਰਮ ਵੇਖ ਦੀ ਹੈ ਨਾ ਜਾਤ,ਕਿਸੇ ਦਾ ਮਨੋਰੰਜਨ ਦੂਜੇ ਲਈ ਜ਼ਿੰਦਗੀ ਦੀ ਜੰਗ ਬਣ ਜਾਂਦਾ ਹੈ। ਗੱਲ ਉਸ ਚਾਈਨਾ ਡੋਰ ਦੀ ਹੋ ਰਹੀ ਹੈ ਜਿਸ ਦੀ ਦਹਿਸ਼ਤ ਇਸ ਵੇਲੇ ਪੰਜਾਬ ਵਿੱਚ ਗੈਂਗਸਟਰਾਂ ਤੋਂ ਵੀ ਵੱਧ ਹੋ ਗਈ ਹੈ। ਹੁਸ਼ਿਆਰਪੁਰ ਦੇ ਦਲਜੀਤ ਸਿੰਘ ਦੇ ਪਰਿਵਾਰ ਨੂੰ ਪੁੱਛੋ ਉਹ ਤੁਹਾਨੂੰ ਇਸ ਦੇ ਦਰਦ ਦੀ ਕਹਾਣੀ ਸੁਣਾਉਣਗੇ। 49 ਸਾਲ ਦੇ ਦਲਜੀਤ ਸਿੰਘ ਚਾਈਨਾ ਡੋਰ ਦੀ ਜੱਦ ਹੇਠ ਆ ਗਏ ਅਤੇ ਉਨ੍ਹਾਂ ਦੇ ਚਿਹਰੇ ‘ਤੇ 35 ਟਾਂਕੇ ਲੱਗੇ ਹਨ । ਡਾਕਟਰਾਂ ਮੁਤਾਬਿਕ ਉਨ੍ਹਾਂ ਦੀ ਹਾਲਤ ਕਾਫੀ ਗੰਭੀਰ ਹੈ ।
ਦਲਜੀਤ ਸਿੰਘ ਹੁਸ਼ਿਆਰਪੁਰ ਦੇ ਪਿਪਲਾਂਵਾਲਾ ਦੇ ਵਸਨੀਕ ਹਨ । ਉਨ੍ਹਾਂ ਦੇ ਚਿਹਰੇ ਅਤੇ ਨੱਕ ‘ਤੇ ਕੁੱਲ 35 ਟਾਂਕੇ ਡਾਕਟਰਾਂ ਨੇ ਲਗਾਏ ਹਨ । ਜਿਸ ਵੇਲੇ ਦਲਜੀਤ ਸਿੰਘ ਨੂੰ ਹਸਪਤਾਲ ਲਿਆਇਆ ਗਿਆ ਸੀ ਤਾਂ ਡਾਕਟਰ ਵੀ ਉਨ੍ਹਾਂ ਦੇ ਜ਼ਖਮ ਵੇਖ ਕੇ ਹੈਰਾਨ ਹੋ ਗਏ ਸਨ । ਦਲਜੀਤ ਦੇ ਪੁੱਤਰ ਇੰਦਪੀਰ ਨੇ ਦੱਸਿਆ ਉਸ ਦੇ ਪਿਤਾ ਖੇਤ ਵਿੱਚ ਕੰਮ ਕਰਕੇ ਘਰ ਪਰਤ ਰਹੇ ਸਨ। ਇਸ ਦੌਰਾਨ ਘਰ ਤੋਂ ਕੁਝ ਹੀ ਦੂਰੀ ‘ਤੇ ਪਤੰਗ ਲੁੱਟ ਦੇ ਹੋਏ ਕੁਝ ਬੱਚਿਆਂ ਨੇ ਡੋਰ ਨੂੰ ਖਿੱਚਣਾ ਸ਼ੁਰੂ ਕਰ ਦਿੱਤਾ । ਡੋਰ ਵਿੱਚ ਉਸ ਦੇ ਪਿਤਾ ਦਾ ਚਿਹਰਾ ਫਸ ਗਿਆ ।
ਪਤੰਗ ਲੁੱਟਣ ਦੇ ਚੱਕਰ ਵਿੱਚ ਬੱਚੇ ਡੋਰ ਖਿੱਚ ਦੇ ਰਹੇ ਅਤੇ ਪਿਤਾ ਦਾ ਮੂੰਹ ਅਤੇ ਨੱਕ ਬੁਰੀ ਤਰ੍ਹਾਂ ਨਾਲ ਫਸ ਗਿਆ ਅਤੇ ਪੂਰੇ ਚਿਹਰੇ ‘ਤੇ ਗਹਿਰੇ ਕੱਟ ਲੱਗ ਗਏ । ਦਲਜੀਤ ਨੂੰ ਫੌਰਨ ਹਸਪਤਾਲ ਲਿਜਾਇਆ ਗਿਆ । ਇਤਲਾਹ ਮਿਲ ਦੇ ਹੀ ਦਲਜੀਤ ਦੇ ਪਰਿਵਾਰ ਵਾਲੇ ਹਸਪਤਾਲ ਪਹੁੰਚ ਗਏ ਅਤੇ ਉਨ੍ਹਾਂ ਨੂੰ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ । ਜਿੱਥੇ ਡਾਕਟਰਾਂ ਨੇ ਉਨ੍ਹਾਂ ਦੇ ਚਿਹਰੇ ‘ਤੇ 35 ਟਾਂਕੇ ਲਗਾਏ ਹਨ । ਦਲਜੀਤ ਦੀ ਹਾਲਤ ਹੁਣ ਵੀ ਗੰਭੀਰ ਬਣੀ ਹੋਈ ਹੈ । 2 ਦਿਨ ਪਹਿਲਾਂ ਚਾਈਨਾ ਡੋਰ ਦੀ ਵਜ੍ਹਾ ਕਰਕੇ ਬਠਿੰਡਾ ਦੇ ਗੁਰਚਰਨ ਸਿੰਘ ਦੀ ਇੱਕ ਉਂਗਲ ਵੱਖ ਹੋ ਗਈ ਸੀ ਅਤੇ ਉਨ੍ਹਾਂ ਦਾ ਆਪਰੇਸ਼ਨ ਕੀਤਾ ਗਿਆ ਸੀ।
ਇਸ ਤਰ੍ਹਾਂ ਚਾਈਨਾ ਡੋਰ ਦਾ ਸ਼ਿਕਾਰ ਬਣੇ ਗੁਰਚਰਨ ਸਿੰਘ
ਬਠਿੰਡਾ ਦੇ ਪਰਸਰਾਮ ਨਗਰ ਵਿੱਚ ਰਹਿਣ ਵਾਲੇ ਗੁਰਚਰਨ ਸਿੰਘ ਆਪਣੇ ਸਕੂਟਰ ‘ਤੇ ਜਾ ਰਹੇ ਸਨ । ਜਿਵੇਂ ਹੀ ਉਹ ਬੀਬੀ ਵਾਲਾ ਚੌਕ ਪਹੁੰਚੇ ਅਚਾਨਕ ਚਾਇਨਾ ਡੋਰ ਉਨ੍ਹਾਂ ਦੇ ਧੌਣ ਵਿੱਚ ਫਸ ਗਈ। ਉਨ੍ਹਾਂ ਨੇ ਬੜੀ ਮੁਸ਼ਕਿਲ ਨਾਲ ਸਕੂਟਰ ਰੋਕਿਆ ਅਤੇ ਚਾਇਨਾ ਡੋਰ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੀਆਂ ਉਂਗਲਾਂ ਵਿੱਚ ਡੋਰ ਅੜ ਗਈ ਅਤੇ ਇੱਕ ਉਂਗਲ ਦੇ 2 ਹਿੱਸੇ ਹੋ ਗਏ । ਗੁਰਚਰਨ ਸਿੰਘ ਸੜਕ ਦੇ ਕਿਨਾਰੇ ਬੈਠ ਗਏ । ਕੁਝ ਨੌਜਵਾਨਾਂ ਨੇ ਗੁਰਚਰਨ ਸਿੰਘ ਦੀ ਹਾਲਤ ਵੇਖ ਕੇ ਉਨ੍ਹਾਂ ਨੂੰ ਹਸਪਤਾਲ ਪਹੁੰਚਿਆ । ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਉਂਗਲ ਦਾ ਆਪਰੇਸ਼ਨ ਕਰਕੇ ਜੋੜਨ ਦੀ ਕੋਸ਼ਿਸ਼ ਕੀਤੀ। ਗੁਰਚਰਨ ਸਿੰਘ ਦੀ ਧੌਣ ‘ਤੇ ਵੀ ਡੋਰ ਦੇ ਨਾਲ ਗੰਭੀਰ ਜ਼ਖ਼ਮ ਹੋਏ ਸਨ । ਉਨ੍ਹਾਂ ਦੇ ਸਿਰ ‘ਤੇ ਵੀ ਟਾਂਕੇ ਲਗਾਏ ਗਏ ਸਨ । ਗੁਰਚਰਨ ਸਿੰਘ ਮੌਤ ਦੇ ਮੂੰਹ ਤੋਂ ਵਾਪਸ ਆਏ ਹਨ । ਜੇਕਰ ਉਹ ਡੋਰ ਨੂੰ ਨਾ ਫੜ ਦੇ ਤਾਂ ਜਿਸ ਤਰ੍ਹਾਂ ਨਾਲ ਉਨ੍ਹਾਂ ਦੀ ਉਂਗਲ ਕੱਟੀ ਗਈ ਹੈ ਧੌਣ ਵੀ ਕੱਟ ਸਕਦੀ ਸੀ ।