Punjab

ਫਿਲਮ ‘Carry on Jatta 3’ ਨੂੰ ਲੈਕੇ ਵੱਡਾ ਵਿਵਾਦ !

ਬਿਊਰੋ ਰਿਪੋਰਟ : ਬਾਕਸ ਆਫਿਸ ‘ਤੇ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਫਿਲਮ ‘Carry on jatta 3’ ਨੂੰ ਲੈਕੇ ਵਿਵਾਦ ਹੋ ਗਿਆ ਹੈ । ਪੰਜਾਬ ਦੇ ਹਿੰਦੂ ਜਥੇਬੰਦੀਆਂ ਨੇ ਇਸ ਨੂੰ ਲੈਕੇ ਪੁਲਿਸ ਨੂੰ ਸ਼ਿਕਾਇਤ ਦਰਜ ਕੀਤੀ ਹੈ । ਸ਼ਿਵਸੈਨਾ ਹਿੰਦ ਯੁਵਾ ਕਮੇਟੀ ਦੇ ਪ੍ਰਧਾਨ ਇਸ਼ਾਂਤ ਸ਼ਰਮਾ ਅਤੇ ਪੰਜਾਬ ਸ਼ਿਵ ਸੈਨਾ ਟਕਸਾਲੀ ਦੇ ਪ੍ਰਧਾਨ ਸੁਨੀਲ ਕੁਮਾਰ ਨੇ ‘ਕੈਰੀ ਆਨ ਜੱਟਾ 3’ ਦੇ ਨਿਰਦੇਸ਼ ਅਤੇ ਹੋਰ ਕਲਾਕਾਰਾਂ ਖਿਲਾਫ ਜਲੰਧਰ ਪੁਲਿਸ ਸਟੇਸ਼ਨ ਵਿੱਚ ਲਿਖਤ ਸ਼ਿਕਾਇਤ ਦਰਜ ਕਰਵਾਈ ਹੈ ।

ਜਥੇਬੰਦੀ ਦੀ ਸ਼ਿਕਾਇਤ ਮੁਤਾਬਿਕ ਫਿਲਮ ‘ਕੈਰੀ ਆਨ ਜੱਟਾ 3’ ਦੇ ਇੱਕ ਸੀਨ ਵਿੱਚ ਹਿੰਦੂ ਬ੍ਰਾਹਮਣ ਦਾ ਹਵਨ ਕਰਦੇ ਸਮੇਂ ਅਪਮਾਨ ਕਰਨ ਦਾ ਇਲਜ਼ਾਮ ਲੱਗਿਆ ਹੈ । ਉਨ੍ਹਾਂ ਕਿਹਾ ਗਿੱਪੀ ਗਰੇਵਾਲ,ਬਿੰਨੂ ਢਿੱਲੋਂ ਅਤੇ ਗੁਰਪ੍ਰੀਤ ਘੁੱਗੀ ਨੇ ਹਵਨ ਕੁੰਡ ਵਿੱਚ ਪਾਣੀ ਸੁੱਟ ਕੇ ਲੱਖਾਂ ਹਿੰਦੂਆਂ ਦੀ ਆਸਥਾ ਦਾ ਨਿਰਾਦਰ ਕੀਤਾ ਹੈ। ਹਰ ਕੋਈ ਜਾਣਦਾ ਹੈ ਕਿ ਹਿੰਦੂ ਧਰਮ ਵਿੱਚ ਜੇਕਰ ਕੋਈ ਰਸਮ ਕਰਦਾ ਹੈ ਤਾਂ ਪਹਿਲਾਂ ਹਵਨ ਕਰਦਾ ਹੈ,ਪਰ ਫਿਲਮ ਵਿੱਚ ਇਸ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ।

ਪੰਜਾਬ ਸ਼ਿਵ ਸੈਨਾ ਟਕਸਾਲੀ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਹਿੰਦੂਆਂ ਦੀ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਮਾਮਲੇ ਵਿੱਚ ਪੁਲਿਸ ਦੇ ਨਿਰਦੇਸ਼ ਅਤੇ ਕਲਾਕਾਰਾਂ ਦੇ ਖਿਲਾਫ ਧਾਰਾ 295 ਲਗਾਈ ਜਾਵੇ ਅਤੇ ਜੇਕਰ ਉਨ੍ਹਾਂ ਦੀ ਇਸ ਹਰਕਤ ਨਾਲ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਹੈ ਤਾਂ ਧਾਰਾ 153 ਵੀ ਜੋੜੀ ਜਾਵੇ । ਜਥੇਬੰਦੀ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ 24 ਘੰਟੇ ਦੇ ਅੰਦਰ ਕਾਰਵਾਈ ਨਹੀਂ ਹੋਈ ਤਾਂ ਉਹ ਅਦਾਕਾਰਾਂ ਦੇ ਘਰਾਂ ਬਾਹਰ ਪ੍ਰਦਰਸ਼ਨ ਕਰਨਗੇ । ਆਗੂਆਂ ਨੇ ਕਿਹਾ ਸਾਨੂੰ ਕੁਝ ਲੋਕਾਂ ਨੇ ਕਲਿੱਪ ਭੇਜੀ ਸੀ ਜਿਸ ਤੋਂ ਬਾਅਦ ਅਸੀਂ ਫਿਲਮ ਵੇਖੀ ਅਤੇ ਫਿਰ ਇਸ ਦੇ ਖਿਲਾਫ਼ ਸ਼ਿਕਾਇਤ ਦਰਜ ਕਰਨ ਦਾ ਫੈਸਲਾ ਲਿਆ ਹੈ ।

‘ਕੈਰੀ ਆਨ ਜੱਟਾ 3’ ਨੇ ਰਿਕਾਰਡ ਤੋੜਿਆ

‘ਕੈਰੀ ਆਨ ਜੱਟਾ 3’ ਦੀ ਸਫਲਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਫਿਲਮ ਨੇ ਪਹਿਲੇ ਦਿਨ ਹੀ ਸਾਰੀਆਂ ਪੰਜਾਬੀ ਫਿਲਮਾਂ ਦਾ ਰਿਕਾਰਡ ਤੋੜ ਦਿੱਤਾ ਹੈ । ਗਿੱਪੀ ਦੇ ਪ੍ਰੋਡਕਸ਼ਨ ਵਿੱਚ ਬਣੀ ਇਸ ਫਿਲਮ ਨੇ ਪਹਿਲੇ ਦਿਨ ਸਵਾ 5 ਕਰੋੜ ਦੀ ਕਮਾਈ ਕਰਕੇ ਇੱਕ ਦਿਨ ਵਿੱਚ ਸਭ ਤੋਂ ਵ੍ੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ । ਫਿਲਮ ਦੀ ਇੰਟਰਨੈਸ਼ਨਲ ਕਮਾਈ ਨੂੰ ਵੀ ਜੋੜ ਲਿਆ ਜਾਵੇ ਤਾਂ ਇਹ ਪਹਿਲੇ ਦਿਨ ਸਾਢੇ 10 ਕਰੋੜ ਦੀ ਕਮਾਈ ਕਰਨ ਵਾਲੀ ਫਿਲਮ ਬਣ ਗਈ । ਪਿਛਲੇ 3 ਦਿਨਾਂ ਦੇ ਅੰਦਰ ਫਿਲਮ ਨੇ ਤਕਰੀਬਨ 25 ਕਰੋੜ ਦੇ ਆਲੇ-ਦੁਆਲੇ ਦੀ ਕਮਾਈ ਕਰ ਲਈ ਹੈ ਅਤੇ ਲਗਾਤਾਰ ਇਹ ਦਰਸ਼ਕਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਪਹਿਲੀ ‘ਕੈਰੀ ਆਨ ਜੱਟਾ’ 2012 ਵਿੱਚ ਆਈ ਸੀ ਇਹ ਵੀ ਸੁਪਰ ਹਿੱਟ ਫਿਲਮ ਰਹੀ ਸੀ ਇਸ ਤੋਂ ਬਾਅਦ ਦੂਜੀ ਫਿਲਮ ਨੇ ਚੰਗਾ ਬਿਜਨੈਸ ਕੀਤਾ ਸੀ । ਪਿਛਲੇ ਇੱਕ ਸਾਲ ਤੋਂ ਗਿੱਪੀ ਗਰੇਵਾਰ ਦੀ ਲਗਾਤਾਰ ਫਿਲਮਾਂ ਫਲਾਪ ਹੋ ਰਹੀਆਂ ਸਨ ਪਰ ‘ਕੈਰੀ ਆਨ ਜੱਟਾ 3’ ਦੀ ਸਫਲਤਰਾਂ ਨੇ ਉਨ੍ਹਾਂ ਨੂੰ ਕਾਫੀ ਸਕੂਨ ਦਿੱਤਾ ਹੋਵੇਗਾ ।