Punjab

“ਸਤਿੰਦਰ ਜੈਨ ਤੇ ਮਨੀਸ਼ ਸਿਸੋਦੀਆ ਵੀ ਅੱਜ ਦੇ ਭਗਤ ਸਿੰਘ”, ਸਿਹਤ ਮੰਤਰੀ ਜੌੜਾਮਾਜਰਾ

ਚੰਡੀਗੜ੍ਹ : ਪੰਜਾਬ ਵਿੱਚ 15 ਅਗਸਤ ਨੂੰ ਸ਼ੁਰੂ ਕੀਤੇ ਗਏ ਮੁਹਲਾ ਕਲੀਨੀਕਾਂ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸਿਹਤ ਸੰਭਾਲ ਕੇਤਰ ਵਿੱਚ ਇੱਕ ਵੱਡੀ ਕ੍ਰਾਂਤੀ ਦੱਸਿਆ ਹੈ। ਉਹਨਾਂ  ਇੱਕ ਪ੍ਰੈਸ ਕਾਨਫਰੰਸ ਵਿੱਚ ਮੁਹੱਲਾ ਕਲੀਨਿਕਾਂ ਦਾ ਦੋ ਮਹੀਨਿਆਂ ਦਾ ਡਾਟਾ ਪੇਸ਼ ਕੀਤਾ ਹੈ ਤੇ ਇਹ ਦਾਅਵਾ ਕੀਤਾ ਹੈ ਕਿ ਸਿਰਫ਼ ਦੋ ਮਹੀਨਿਆਂ ਵਿੱਚ ਹੀ ਆਮ ਆਦਮੀ ਦੇ ਕਲੀਨਿਕਾਂ ਵਿੱਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਤਿੰਨ ਲੱਖ ਨੂੰ ਪਾਰ ਕਰ ਗਈ ਹੈ।

ਉਹਨਾਂ ਇਹ ਵੀ ਦੱਸਿਆ ਕਿ ਇਨ੍ਹਾਂ 100 ਕਲੀਨਿਕਾਂ ਤੋਂ ਰੋਜ਼ਾਨਾ ਸੱਤ ਹਜ਼ਾਰ ਤੋਂ ਵੱਧ ਆਮ ਲੋਕ ਸਿਹਤ ਸਹੂਲਤਾਂ ਦਾ ਲਾਭ ਲੈ ਰਹੇ ਹਨ। ਇਹ ਕਲੀਨਿਕ ਪੇਂਡੂ ਖੇਤਰਾਂ ਵਾਲੇ ਮਰੀਜ਼ਾਂ ਲਈ ਵਰਦਾਨ ਸਾਬਤ ਹੋਏ ਹਨ। ਹੁਣ ਮਰੀਜ਼ਾਂ ਨੂੰ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਨਹੀਂ ਰਹਿਣਾ ਪਵੇਗਾ। ਸਿਹਤ ਮੰਤਰੀ ਨੇ ਦੱਸਿਆ ਕਿ 15 ਅਗਸਤ ਤੋਂ 15 ਅਕਤੂਬਰ 2022 ਤੱਕ ਮਰੀਜ਼ਾਂ ਦੀ ਗਿਣਤੀ 3,47,193 ਤੱਕ ਪਹੁੰਚ ਗਈ ਹੈ ਅਤੇ ਹੁਣ ਤੱਕ 45,570 ਕਲੀਨਿਕਲ ਟੈਸਟ ਕੀਤੇ ਜਾ ਚੁੱਕੇ ਹਨ। ਇਨ੍ਹਾਂ ਕਲੀਨਿਕਾਂ ਤੋਂ 90 ਫੀਸਦੀ ਮਰੀਜ਼ਾਂ ਨੂੰ ਇਲਾਜ ਦੀ ਸਹੂਲਤ ਮਿਲ ਰਹੀ ਹੈ, ਜਿਸ ਨਾਲ ਹਸਪਤਾਲਾਂ ’ਤੇ ਬੋਝ ਘੱਟ ਗਿਆ ਹੈ। ਇਸ ਤੋਂ ਇਲਾਵਾ ਇਨ੍ਹਾਂ ਕਲੀਨਿਕਾਂ ਵੱਲੋਂ 100 ਕਿਸਮ ਦੀਆਂ ਦਵਾਈਆਂ ਅਤੇ 41 ਕਿਸਮਾਂ ਦੀਆਂ ਮੁੱਢਲੀਆਂ ਲੈਬ ਟੈਸਟਿੰਗ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਉਹਨਾਂ ਇਹ ਵੀ ਐਲਾਨ ਕੀਤਾ ਹੈ ਕਿ ਪੰਜਾਬ ਦੇ ਸਾਰੇ ਸੀਐਚਸੀ ਤੇ ਪੀਐਚਸੀ ਸੈਂਟਰਾਂ ਵਿੱਚ  ਵੀ ਆਮ ਆਦਮੀ ਕਲੀਨੀਕ ਦੀ ਤਰਜ਼ ‘ਤੇ  ਦਵਾਈਆਂ ਤੇ ਹੋਰ ਸਿਹਤ ਸਹੂਲਤਾਂ ਉਪਲਬੱਧ ਕਰਵਾਈਆਂ ਜਾਣਗੀਆਂ।

ਪੰਜਾਬ ਵਿੱਚ ਫੈਲੀ ਡੇਂਗੂ ਦੀ ਬੀਮਾਰੀ ਨੂੰ ਫੈਲਣ ਤੋਂ ਰੋਕਣ ਲਈ ਵੀ ਸਰਕਾਰ ਉਦਮ ਕਰ ਰਹੀ ਹੈ। ਆਰਬੀਐਸਕੇ ਸਕੀਮ ਦੇ ਤਹਿਤ 18 ਸਾਲ ਦੇ ਤੱਕ ਬੱਚਿਆਂ ਦੇ ਮੁਫਤ ਇਲਾਜ਼ ਵੀ ਮੁਫ਼ਤ ਕੀਤਾ ਜਾਂਦਾ ਹੈ।

ਹੈਪੇਟਾਈਟਸ ਬੀ ਦੇ ਇਲਾਜ ਲਈ ਵੀ ਪਹਿਲਾਂ ਪੰਜਾਬ ਵਿੱਚ 68 ਕੇਂਦਰ ਸਨ,ਜਿਹਨਾਂ ਦੀ ਗਿਣਤੀ ਵਧਾ ਕੇ 140 ਕਰ ਦਿੱਤੀ ਗਈ ਹੈ ਤੇ ਪੰਜਾਬ ਸਰਕਾਰ ਇਸ ਮਿਸ਼ਨ ਨੂੰ ਨਾਲ ਲੈ ਕੇ ਚੱਲ ਰਹੀ ਹੈ ਕਿ 2030 ਤੱਕ ਪੰਜਾਬ ਨੂੰ ਕਾਲੇ ਪੀਲੀਏ ਤੋਂ ਮੁਕਤ ਕਰ ਦਿੱਤਾ ਜਾਵੇ। ਉਹਨਾਂ ਇਹ ਵੀ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ 10 ਜਿਲ੍ਹਿਆਂ ਨੂੰ ਡੇਂਗੂ ਮੁਕਤ ਕਰ ਦਿੱਤਾ ਗਿਆ ਹੈ ਤੇ 2024 ਤੱਕ ਸਾਰੇ ਪੰਜਾਬ ਨੂੰ ਮਲੇਰੀਆ ਮੁਕਤ ਕਰ ਲਿਆ ਜਾਵੇਗਾ।

ਪੰਜਾਬ ਵਿੱਚ ਬੱਚੇ ਦੇ ਜਨਮ ਸਮੇਂ ਵੀ ਜੱਚਾ ਦੀ ਹੋਣ ਵਾਲੀ ਮੌਤ ਦਰ ਵਿੱਚ ਵੀ ਕਮੀ ਆਈ ਹੈ। ਇਸ ਤੋਂ ਇਲਾਵਾ 18 ਸਾਲ ਤੋਂ ਉਪਰ ਦੀ ਉਮਰ ਦੇ ਲੋਕਾਂ ਵਿੱਚ ਵੀ ਕੋਵਿਡ ਦੀ ਪਹਿਲੀ ਤੇ ਦੂਜੀ ਖੁਰਾਕ ਦੇ ਤਕਰੀਬਨ 98 ਤੇ 96 ਫੀਸਦੀ ਲੱਗ ਚੁੱਕੀ ਹੈ ।

ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਹੈ ਕਿ ਕੋਈ ਵੀ ਜਦੋਂ ਵੀ ਚਾਹੇ ਆ ਕੇ ਉਹਨਾਂ ਨੂੰ ਮਿਲ ਸਕਦਾ ਹੈ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਕੋਰੋਨਾ ਕਾਲ ਦੇ ਦੌਰਾਨ ਸੇਵਾਵਾਂ ਨਿਭਾਉਣ ਵਾਲੇ ਵਲੰਟੀਅਰਾਂ ਵਿੱਚੋਂ ਕਈਆਂ ਨੂੰ ਨੌਕਰੀ ਤੇ ਰੱਖ ਲਿਆ ਗਿਆ ਹੈ ਤੇ ਬਾਕੀਆਂ ਲਈ ਵੀ ਕਾਰਵਾਈ ਜਾਰੀ ਹੈ ।

ਚੇਤਨ ਸਿੰਘ ਜੌੜਾਮਾਜਰਾ,ਸਿਹਤ ਮੰਤਰੀ ਪੰਜਾਬ

ਆਪ ਆਗੂ ਮਨੀਸ਼ ਸਿਸੋਦਿਆ ਨੂੰ ਸੀਬੀਆਈ ਵੱਲੋਂ ਤਲਬ ਕੀਤੇ ਜਾਣ ‘ਤੇ ਉਹਨਾਂ ਭਾਜਪਾ ‘ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਹੈ ਕਿ ਉਹਨਾਂ ਹੱਥੋਂ ਗੁਜਰਾਤ ਨਿਕਲ ਰਿਹਾ ਹੈ,ਜਿਸ ਕਾਰਣ ਹੁਣ ਉਹ ਇਹਨਾਂ ਹਰਕਤਾਂ ‘ਤੇ ਉਤਰ ਆਏ ਹਨ। ਜੋ ਸਹੂਲਤਾਂ ਪੰਜਾਬ ਤੇ ਦਿੱਲੀ ਦੇ ਲੋਕਾਂ ਨੂੰ ਜੋ ਸਹੂਲਤਾਂ ਮਿਲ ਰਹੀਆਂ ਹਨ,ਉਹ ਸਾਰੇ ਦੇਸ਼ ਨੂੰ ਮਿਲਣੀਆਂ ਚਾਹਿਦੀਆਂ ਹਨ।

ਸ਼ਹੀਦ ਭਗਤ ਸਿੰਘ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਸਤਿੰਦਰ ਜੈਨ ਤੇ ਮਨੀਸ਼ ਸਿਸੋਦੀਆ ਵੀ ਅੱਜ ਦੇ ਭਗਤ ਸਿੰਘ ਹਨ,ਜੋ ਕਿ ਲੋਕਾਂ ਲਈ ਲੜ ਰਹੇ ਹਨ। ਉਹਨਾਂ ਇਹ ਵੀ ਕਿਹਾ ਹੈ ਕਿ ਅਸੀਂ ਵੀ ਭਗਤ ਸਿੰਘ ਦੇ ਪਦਚਿੰਨਾਂ ਤੇ ਚੱਲ ਰਹੇ ਹਾਂ। ਲੋਕਾਂ ਦੀ ਭਲਾਈ ਲਈ,ਦੇਸ਼ ਲਈ ਜੋ ਵੀ ਕਰਨਾ ਪਿਆ,ਅਸੀਂ ਕਰਾਂਗੇ ਤੇ ਆਪਾ ਵੀ ਵਾਰਨ ਤੋਂ ਪਿਛੇ ਨਹੀਂ ਹਟਾਂਗੇ।