India International Punjab

ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਗੋਲਡੀ ਬਰਾੜ ਕੈਲੀਫੋਰਨੀਆ ‘ਚੋਂ ਕਾਬੂ…

Goldy brar detained

Sidhu Moose Wala murder case:ਪੰਜਾਬੀ ਗਾਇਕ ਅਤੇ ਸਿਆਸਤਦਾਨ ਸਿੱਧੂ ਮੂਸੇਵਾਲਾ (Sidhu Moose Wala )ਦੇ ਕਤਲ ਦੇ ਮਾਸਟਰ ਮਾਈਂਡ ਗੋਲਡੀ ਬਰਾੜ ਨੂੰ ਹਿਰਾਸਤ(Goldy brar detained) ‘ਚ ਲੈ ਲਿਆ ਗਿਆ ਹੈ। ਭਾਰਤ ਦੀਆਂ ਖੁਫੀਆ ਏਜੰਸੀਆਂ(India’s intelligence agencies) ਦੇ ਸੂਤਰਾਂ ਮੁਤਾਬਕ ਸਿੱਧੂ ਮੂਸੇਵਾਲਾ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਗੋਲਡੀ ਬਰਾੜ ਨੂੰ ਕੈਲੀਫੋਰਨੀਆ(California) ‘ਚ ਹਿਰਾਸਤ ‘ਚ ਲਿਆ ਗਿਆ ਹੈ। ਭਾਰਤ ਦੀਆਂ ਖੁਫੀਆ ਏਜੰਸੀਆਂ ਨੂੰ ਅੰਤਰਰਾਸ਼ਟਰੀ ਸਰੋਤਾਂ ਤੋਂ ਵੱਡੀ ਜਾਣਕਾਰੀ ਮਿਲੀ ਹੈ। ਹਾਲਾਂਕਿ ਅਜੇ ਤੱਕ ਇਸ ਮਾਮਲੇ ‘ਚ ਕੈਲੀਫੋਰਨੀਆ ਸਰਕਾਰ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।

20 ਨਵੰਬਰ ਨੂੰ ਜਾਂ ਇਸ ਦੇ ਆਸਪਾਸ ਹਿਰਾਸਤ ‘ਚ ਲਿਆ

ਭਾਰਤ ਦੀਆਂ ਖੁਫੀਆ ਏਜੰਸੀਆਂ ਦੇ ਸੂਤਰਾਂ ਅਨੁਸਾਰ ਸਿੱਧੂ ਮੂਸੇਵਾਲਾ ਦੀ ਦਿਨ-ਦਿਹਾੜੇ ਹੱਤਿਆ ਦੀ ਜ਼ਿੰਮੇਵਾਰੀ ਲੈਣ ਵਾਲੇ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਨੂੰ ਪੁਲਿਸ ਨੇ 20 ਨਵੰਬਰ ਨੂੰ ਜਾਂ ਇਸ ਦੇ ਆਸਪਾਸ ਸੰਯੁਕਤ ਰਾਜ ਦੇ ਕੈਲੀਫੋਰਨੀਆ ਤੋਂ ਹਿਰਾਸਤ ਵਿਚ ਲਿਆ ਸੀ। ਹਾਲਾਂਕਿ ਅਜੇ ਤੱਕ ਕੈਲੀਫੋਰਨੀਆ ਪੁਲਿਸ ਨੇ ਇਸ ਮਾਮਲੇ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ।

ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ(Sri Muktsar Sahib) ਦਾ ਰਹਿਣ ਵਾਲਾ ਸਤਿੰਦਰਜੀਤ ਸਿੰਘ ਉਰਫ਼ ਬਰਾੜ  2017 ਵਿੱਚ ਵਿਦਿਆਰਥੀ ਵੀਜ਼ੇ ‘ਤੇ ਕੈਨੇਡਾ ਗਿਆ ਸੀ ਅਤੇ ਉਹ ਲਾਰੈਂਸ ਬਿਸ਼ਨੋਈ ਗਰੋਹ(Lawrence Bishnoi gang) ਦਾ ਸਰਗਰਮ ਮੈਂਬਰ ਹੈ। ਬਰਾੜ ਪਿਛਲੇ ਮਹੀਨੇ ਡੇਰਾ ਸੱਚਾ ਸੌਦਾ ਪ੍ਰੇਮੀ ਦੇ ਕਤਲ( Dera Sacha Sauda follower’s murder)ਦਾ ਮੁੱਖ ਸਾਜ਼ਿਸ਼ਕਰਤਾ ਵੀ ਹੈ।

ਗੋਲਡੀ ਬਰਾੜ ਨੂੰ ਜਲਦ ਤੋਂ ਜਲਦ ਭਾਰਤ ਲਿਆਉਣ ਦੀ ਅਪੀਲ

ਗੋਲਡੀ ਬਰਾੜ ਦੇ ਹਿਰਾਸਤ ਵਿੱਚ ਲੈਣ ਤੋਂ ਬਾਅਦ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਇੱਕ ਨਿੱਜੀ ਚੈਨਲ ਉੱਤੇ ਬੋਲਦਿਆਂ ਉਨ੍ਹਾਂ ਇਸ ਕਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਮੇਰੇ ਲਈ ਬਹੁਤ ਵੱਡੀ ਗੱਲ ਹੈ। ਉਨ੍ਹਾਂ ਨੇ ਗੋਲਡੀ ਬਰਾੜ ਨੂੰ ਜਲਦ ਤੋਂ ਜਲਦ ਭਾਰਤ ਲਿਆਉਣ ਦੀ ਅਪੀਲ ਵੀ ਕੀਤੀ ਹੈ।

ਬਲਕੌਰ ਸਿੰਘ ਨੇ ਚਿਤਵਾਨੀ ਵੀ ਦਿੱਤੀ ਹੈ ਕਿ ‘ਸਰਕਾਰਾਂ ਮੇਰੀ ਮੁਹਿੰਮ ਨੂੰ ਹਲਕੇ ਵਿੱਚ ਲੈ ਰਹੀਆਂ ਹਨ ਪਰ ਮੈਂ ਇੱਕ ਵੱਡੀ ਲਹਿਰ ਖੜੀ ਕਰਾਂਗਾ। ਗੋਲਡੀ ਬਰਾੜ ਪੂਰੇ ਪੰਜਾਬ ਨੂੰ ਖਤਮ ਕਰਨ ਉੱਤੇ ਲੱਗਿਆ ਹੋਇਆ ਹੈ, ਇਸ ਲਈ ਇਹੋ ਜਿਹੇ ਬੰਦੇ ਨੂੰ ਫਾਂਸੀ ਦੇਣੀ ਚਾਹੀਦੀ ਹੈ। ਇਹ ਮਾਵਾਂ ਦੇ ਪੁੱਤਾਂ ਨੂੰ ਮਾਰ ਰਿਹਾ ਹੈ।’

ਸਿਆਸੀ ਸ਼ਰਨ ਲਈ ਅਪੀਲ ਕਰਨ ਦੀ ਕੋਸ਼ਿਸ਼

ਖੁਫੀਆ ਸੂਤਰਾਂ ਤੋਂ ਸਾਹਮਣੇ ਆ ਰਹੀ ਜਾਣਕਾਰੀ ਵਿੱਚ ਮੀਡੀਆ ਵਿੱਚ ਇਹ ਵੀ ਗੱਲ ਸਾਹਮਣ ਆ ਰਹੀ ਹੈ ਕਿ ਗੈਂਗਸਟਰ ਗੋਲਡੀ ਬਰਾੜ ਨੇ ਕੈਲੀਫੋਰਨੀਆ ਦੇ ਸੈਕਰਾਮੈਂਟੋ ਸਿਟੀ ‘ਚ ਕਾਨੂੰਨੀ ਮਦਦ ਰਾਹੀਂ ਸਿਆਸੀ ਸ਼ਰਨ ਲਈ ਅਪੀਲ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਫੜੇ ਜਾਣ ‘ਤੇ ਉਹ ਭਾਰਤ ਨਾ ਆ ਸਕੇ। ਇਸ ਦੇ ਲਈ ਗੋਲਡੀ ਨੇ ਦੋ ਕਾਨੂੰਨੀ ਮਾਹਿਰਾਂ ਤੋਂ ਵੀ ਮਦਦ ਮੰਗੀ ਹੈ, ਜਿਨ੍ਹਾਂ ਵਿੱਚੋਂ ਇੱਕ ਨੇ ਗੋਲਡੀ ਦਾ ਅਪਰਾਧਿਕ ਪਿਛੋਕੜ ਜਾਣ ਕੇ ਉਸ ਦਾ ਕੇਸ ਲੜਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਉਸ ਨੇ ਇਕ ਹੋਰ ਵਕੀਲ ਦੀ ਮਦਦ ਲਈ ਹੈ।

ਦੱਸਿਆ ਜਾ ਰਿਹਾ ਹੈ ਕਿ ਭਾਰਤ ਵਾਪਸ ਨਾ ਜਾ ਸਕੇ ਇਸ ਲਈ ਗੋਲਡੀ ਬਰਾੜ ਕੋਈ ਨਾ ਕੋਈ ਅਪਰਾਧ ਕਰ ਦਿੰਦਾ ਹੈ ਤਾਂਕਿ ਜਦੋਂ ਤੱਕ ਸੁਣਵਾਈ ਪੂਰੀ ਨਹੀਂ ਹੁੰਦੀ ਉਹ ਭਾਰਤ ਡਿਪੋਰਟ ਹੋਣ ਤੋਂ ਬਚ ਸਕੇ। ਇਹ ਪੈਂਤੜਾ ਕਈ ਅਪਰਾਧੀ ਜਾਂ ਅੱਤਵਾਦੀ ਦੂਜੇ ਦੇਸ਼ਾਂ ਵਿੱਚ ਅਪਣਾਉਂਦੇ ਹਨ ਤਾਂਕਿ ਉਹ ਡਿਪੋਰਟ ਹੋਣ ਤੋਂ ਬਚ ਸਕਣ। ਇਸਦੇ ਲਈ ਰਾਜਨੀਤਕ ਸ਼ਰਨ ਦੀ ਮੰਗ ਕੀਤੀ ਜਾਂਦੀ ਹੈ ਅਤੇ ਵਜ੍ਹਾ ਦੱਸੀ ਜਾਂਦੀ ਹੈ ਕਿ ਜਿਸ ਦੇਸ਼ ਵਿੱਚੋਂ ਉਹ ਆਇਆ ਹੈ, ਉੱਥੇ ਉਸ ਕੋਲ ਜ਼ੁਰਮ ਤਾਂ ਹੋਇਆ ਹੈ ਪਰ ਉੱਥੇ ਉਸਨੂੰ ਇਨਸਾਫ ਨਹੀਂ ਮਿਲ ਸਕਦਾ।

ਸਰਕਾਰ ਵੱਲੋਂ 2 ਕਰੋੜ ਰੁਪਏ ਦੇ ਇਨਾਮ ਐਲਾਨਣ ਦੀ ਮੰਗ

ਦੱਸ ਦੇਈਏ ਕਿ ਬੀਤੇ ਦਿਨੀਂ ਮੂਸੇਵਾਲਾ ਦੇ ਪਿਤਾ ਵੱਲੋਂ ਮੰਗ ਕੀਤੀ ਗਈ ਸੀ ਕਿ ਬਰਾੜ ਦੀ ਗ੍ਰਿਫ਼ਤਾਰੀ ਲਈ ਕੇਂਦਰ ਸਰਕਾਰ  2 ਕਰੋੜ ਰੁਪਏ ਦਾ ਇਨਾਮ ਦਾ ਐਲਾਨ ਕਰੇ। ਇਕ ਦਿਨ ਬਾਅਦ ਹੁਣ ਗੋਲਡੀ ਬਰਾੜ ਦੇ ਹਿਰਾਸਤ ਵਿੱਚ ਲੈਣ ਦੀ ਖ਼ਬਰ ਸਾਹਮਣੇ ਆਈ ਹੈ। ਬਲਕੌਰ ਸਿੰਘ ਨੇ ਇਹ ਵੀ ਕਿਹਾ ਸੀ ਕਿ ਜੇਕਰ ਸਰਕਾਰ ਵੱਡੀ ਰਕਮ ਦੇਣ ਤੋਂ ਅਸਮਰੱਥ ਹੈ ਤਾਂ ਉਹ ਆਪਣੀ ਜੇਬ ਵਿੱਚੋਂ ਇਨਾਮ ਦੇਣ ਲਈ ਵੀ ਤਿਆਰ ਹਨ।

ਸਿੱਧੂ ਮੂਸੇ ਵਾਲਾ ਦੇ ਨਾਂ ਨਾਲ ਮਸ਼ਹੂਰ ਪੰਜਾਬੀ ਗਾਇਕ ਅਤੇ ਕਾਂਗਰਸ  ਆਗੂ ਸ਼ੁਭਦੀਪ ਸਿੰਘ ਸਿੱਧੂ (Shubhdeep Singh Sidhu)ਦੀ 29 ਮਈ ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਗੋਲਡੀ ਬਰਾੜ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ।