Punjab

ਕਿਸਾਨ ਆਗੂਆਂ ਨੇ ਕਰਤਾ ਐਲਾਨ,ਕੱਲ ਨੂੰ ਕਰਨਗੇ ਆਹ ਕਾਰਵਾਈ

ਅੰਮ੍ਰਿਤਸਰ : ਹੱਡ ਚੀਰਵੀਂ ਠੰਢ ਵਿੱਚ ਡੀਸੀ ਦਫਤਰਾਂ ਦੇ ਅੱਗੇ ਤੇ ਟੋਲ ਪਲਾਜ਼ਿਆਂ ‘ਤੇ ਚੱਲ ਰਹੇ ਧਰਨਿਆਂ ਵਿੱਚ ਕਿਸਾਨਾਂ ਦੇ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹਨ। ਡੀਸੀ ਦਫਤਰਾਂ ਦੇ ਅੱਗੇ ਕਿਸਾਨਾਂ ਦਾ ਧਰਨਾ 38ਵੇਂ ਤੇ ਟੋਲ ਪਲਾਜ਼ਿਆਂ ‘ਤੇ ਲੱਗਾ ਧਰਨਾ 19ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ । ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਸਕੱਤਰ ਸਰਵਣ ਸਿੰਘ ਪੰਧੇਰ ਨੇ ਇੱਕ ਵੀਡੀਓ ਸੰਦੇਸ਼ ਵਿੱਚ ਕੱਲ 3 ਜਨਵਰੀ ਨੂੰ ਜ਼ੀਰਾ ਮੋਰਚੇ ਨੂੰ ਸਹਿਯੋਗ ਕਰਨ ਲਈ ਤੇ ਜੁਮਲਾ ਮੁਸਤਰਕਾ ਮਾਲਕਾਂ ਨੂੰ ਸਰਕਾਰ ਵੱਲੋਂ ਨੋਟਿਸ ਭੇਜੇ ਜਾਣ ਦੇ ਵਿਰੋਧ ਵਿੱਚ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣ ਦੀ ਗੱਲ ਕਹੀ ਹੈ। ਇਸ ਤੋਂ ਇਲਾਵਾ ਉਹਨਾਂ ਇਹ ਵੀ ਕਿਹਾ ਹੈ ਕਿ ਕਿਸਾਨਾਂ ਦੀਆਂ ਹੋਰ ਰਹਿੰਦੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਜਾਰੀ ਰਹੇਗਾ।

ਕਿਸਾਨ ਮਜਦੂਰ ਸੰਘਰਸ਼ ਪੰਜਾਬ ਦੇ ਹੋਰ ਆਗੂਆਂ ਨੇ ਵੀ ਮੀਡੀਆ ਨੂੰ ਜਾਣਕਰੀ ਦਿੰਦੇ ਹੋਏ ਦੱਸਿਆ ਕਿ ਕਾਰਪੋਰੇਟ ਜਗਤ ਵੱਲੋਂ ਸਰਕਾਰਾਂ ਨੂੰ ਕੰਟਰੋਲ ਕੀਤੇ ਜਾਣ ਕਰਕੇ ਆਮ ਨਾਗਰਿਕ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਨਿੱਜੀਕਰਨ ਨੂੰ ਵਧਾਇਆ ਦਾ ਰਿਹਾ ਹੈ । ਉਹਨਾਂ ਕਿਹਾ ਹੈ ਕਿ ਮੋਰਚੇ ਦੀ ਮੰਗ ਹੈ ਕਿ ਪੰਜਾਬ ਸਰਕਾਰ ਬਾਬਾ ਬੰਦਾ ਸਿੰਘ ਬਹਾਦਰ ਐਕਟ ਬਣਾ ਕੇ ਅਬਾਦਕਾਰ ਕਿਸਾਨਾਂ ਨੂੰ ਜਮੀਨਾਂ ਦੇ ਮਾਲਕੀ ਹੱਕ ਦੇਵੇ |

ਇਸ ਤੋਂ ਇਲਾਵਾ ਸਰਹੱਦ ‘ਤੇ ਤਾਰ ਪਾਰਲੀਆਂ ਜਮੀਨਾਂ ਦੇ ਮੁਆਵਜ਼ੇ ਜਾਰੀ ਕੀਤੇ ਜਾਣ ਤੇ ਕੰਡਿਆਲੀ ਤਾਰ ਜ਼ੀਰੋ ਲਾਈਨ ‘ਤੇ ਕੀਤੀ ਜਾਵੇ,ਕੰਟਰੋਲ ਲਾਈਨ ਦੇ ਪਾਰ ਕੰਮ ਕਰਨ ਦਾ ਸਮਾਂ ਵਧਾਇਆ ਜਾਵੇ, ਲੰਪੀ ਸ੍ਕਿਨ ਬਿਮਾਰੀ ਦੇ ਦੌਰਾਨ ਨੁਕਸਾਨੇ ਗਏ ਪਸ਼ੂਧਨ ਦਾ ਮੁਆਵਜ਼ਾ ਜਾਰੀ ਕੀਤਾ ਜਾਵੇ, ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਠੋਸ ਨੀਤੀ ਪਾਲਿਸੀ ਬਣਾਈ ਜਾਵੇ, ਫਸਲਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਿਕ ਦਿੱਤੇ ਜਾਣ, ਕੇਰਲ ਸਰਕਾਰ ਦੀ ਤਰਜ਼ ‘ਤੇ ਪੰਜਾਬ ਸਰਕਾਰ ਫਸਲਾਂ ਦੀ ਖਰੀਦ ਤੇ ਐੱਮ ਐੱਸ ਪੀ ਗਰੰਟੀ ਕਾਨੂੰਨ ਬਣਾਵੇ, ਜੁਮਲਾ ਮੁਸਤਾਰਕਾ ਜਮੀਨਾਂ ਨੂੰ ਪੰਚਾਇਤੀ ਜਮੀਨਾਂ ਐਲਾਨਣ ਵਾਲੀ ਸੋਧ ਵਾਪਿਸ ਲਈ ਜਾਵੇ,ਨਸ਼ੇ ਅਤੇ ਕਨੂੰਨ ਵਿਵਸਥਾ ਸੁਧਾਰਨ ਲਈ ਸਖ਼ਤ ਫੈਸਲੇ ਕੀਤੇ ਜਾਣ, ਜੀਰਾ ਫੈਕਟਰੀ ਅਤੇ ਪਾਣੀ ਪ੍ਰਦੂਸ਼ਿਤ ਕਰ ਰਹੀਆਂ ਅਜਿਹੀਆਂ ਹੋਰ ਫੈਕਟਰੀਆਂ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇ |

ਉਹਨਾਂ ਇਹ ਵੀ ਮੰਗ ਕੀਤੀ ਹੈ ਕਿ ਵੈਟਨਰੀ ਵਿਭਾਗ ਵਿਚ ਵੈਟਨਰੀ ਅਫਸਰਾਂ ਦੀਆਂ 92 ਦੇ ਕਰੀਬ ਖਾਲੀ ਪਈਆਂ ਅਸਾਮੀਆਂ ਨੂੰ ਜਲਦ ਭਰਿਆ ਜਾਵੇ ਤਾਂ ਜੋ ਲੰਪੀ ਸਕਿਨ ਵਾਂਗ ਹੀ ਮੂੰਹ ਖੁਰ ਦੀ ਬਿਮਾਰੀ ਫੈਲਣ ਦੇ ਬਣ ਰਹੇ ਆਸਾਰਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਤਿਆਰੀ ਰੱਖੀ ਜਾ ਸਕੇ | ਦੇਸ਼ ਪ੍ਰਤੀ ਸੁਹਿਰਦ ਲੋਕਾਂ ਨੂੰ ਅੰਦੋਲਨ ਦਾ ਹਿੱਸਾ ਬਣਨ ਦੀ ਅਪੀਲ ਕਰਦਿਆਂ ਉਹਨਾਂ ਨੇ ਕਿਹਾ ਹੈ ਕਿ ਇਹ ਲੜਾਈ ਪੂਰੇ ਸਮਾਜ ਦੀ ਹੈ, ਸੋ ਸਭ ਨੂੰ ਮੈਦਾਨ ਵਿਚ ਉਤਰਨਾ ਚਾਹੀਦਾ |