India Punjab

ਕਿਸਾਨ ਜਥੇਬੰਦੀਆਂ ਅੱਜ ਪੂਰੇ ਮੁਲਕ ਵਿੱਚ ਇੱਕ ਦਿਨ ਲਈ ਟੋਲ ਪਲਾਜ਼ੇ ਕਰਨਗੀਆਂ ਮੁਫਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੇਂਦਰ ਸਰਕਾਰ ਖੇਤੀ ਕਾਨੂੰਨ ਰੱਦ ਨਾ ਕਰਨ ‘ਤੇ ਅੜੀ ਹੋਈ ਹੈ ਤਾਂ ਕਿਸਾਨ ਜਥੇਬੰਦੀਆਂ ਵੀ ਖੇਤੀ ਕਾਨੂੰਨਾਂ ਖਿਲਾਫ ਆਪਣਾ ਸੰਘਰਸ਼ ਤਿੱਖਾ ਕਰ ਰਹੀਆਂ ਹਨ। ਅੱਜ ਸਾਰੀਆਂ ਕਿਸਾਨ ਜਥੇਬੰਦੀਆਂ ਪੂਰੇ ਦੇਸ਼ ਦੇ ਟੋਲ ਪਲਾਜ਼ੇ ਇੱਕ ਦਿਨ ਲਈ ਮੁਫਤ ਕਰਨਗੀਆਂ। ਅੱਜ ਤੋਂ ਦਿੱਲੀ-ਜੈਪੁਰ ਰੋਡ ਵੀ ਜਾਮ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ, ਭਾਜਪਾ ਲੀਡਰਾਂ ਦੇ ਘਰਾਂ ਸਾਹਮਣੇ ਪ੍ਰਦਰਸ਼ਨ ਕੀਤੇ ਜਾਣਗੇ।

ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਪੰਜਾਬ ਸਮੇਤ ਵੱਡੀ ਗਿਣਤੀ ਵਿੱਚ ਵੱਖ-ਵੱਖ ਸੂਬਿਆਂ ਤੋਂ ਕਿਸਾਨਾਂ ਦੇ ਕਾਫਲੇ ਦਿੱਲੀ ਵੱਲ ਨੂੰ ਤੁਰ ਪਏ ਹਨ। ਕਿਸਾਨ ਲੀਡਰਾਂ ਨੇ ਸਾਫ਼ ਕੀਤਾ ਹੈ ਕਿ ਉਹ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਘੱਟ ਹੋਰ ਕੋਈ ਵੀ ਪੋਲਾ ਸਮਝੌਤਾ ਸਵੀਕਾਰ ਨਹੀਂ ਕਰਨਗੇ।

ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਅਤੇ ਦੇਸ਼ ਦੀਆਂ ਹੋਰ ਕਿਸਾਨ ਜਥੇਬੰਦੀਆਂ ਵੱਲੋਂ ‘ਸੰਯੁਕਤ ਕਿਸਾਨ ਮੋਰਚੇ’ ਦੀ ਅਗਵਾਈ ਹੇਠ ਦਿੱਲੀ-ਜੈਪੁਰ ਕੌਮੀ ਮਾਰਗ ਜਾਮ ਕੀਤਾ ਜਾਵੇਗਾ। ਕਿਸਾਨ ਯੂਨੀਅਨਾਂ ਪੰਜਾਬ ਦੀ ਤਰਜ਼ ’ਤੇ ਦੇਸ਼ ਭਰ ਦੇ ਟੋਲ ਪਲਾਜ਼ੇ ਵੀ ਬੰਦ ਕਰਨਗੀਆਂ।

ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਅਤੇ ਰੇਲ ਮੰਤਰੀ ਪਿਊਸ਼ ਗੋਇਲ ਨੇ ਕਿਸਾਨ ਲੀਡਰਾਂ ਨੂੰ ਖੇਤੀ ਕਾਨੂੰਨਾਂ ’ਚ ਸੋਧ ਲਈ ਭੇਜੀਆਂ ਤਜਵੀਜ਼ਾਂ ’ਤੇ ਗੌਰ ਕਰਨ ਦੀ ਅਪੀਲ ਕੀਤੀ ਸੀ। ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਰਾਕੇਸ਼ ਟਿਕੈਤ ਨੇ ਕਿਹਾ ਕਿ, ‘ਪਿਛਲੀਆਂ ਰਸਮੀ ਮੀਟਿੰਗਾਂ ਵਾਂਗ ਸਰਕਾਰ ਪਹਿਲਾਂ ਸਾਨੂੰ ਇਹ ਦੱਸੇ ਕਿ ਮੀਟਿੰਗ ਕਦੋਂ ਅਤੇ ਕਿੱਥੇ ਕਰਨੀ ਚਾਹੁੰਦੇ ਹਨ। ਜੇ ਉਹ ਸਾਨੂੰ ਗੱਲਬਾਤ ਲਈ ਸੱਦਾ ਦਿੰਦੇ ਹਨ ਤਾਂ ਅਸੀਂ ਪਹਿਲਾਂ ਆਪਣੀ ਤਾਲਮੇਲ ਕਮੇਟੀ ਨਾਲ ਚਰਚਾ ਕਰਾਂਗੇ ਅਤੇ ਫਿਰ ਕੋਈ ਫੈਸਲਾ ਲਵਾਂਗੇ।