Punjab

ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦਾ ਦੇਹਾਂਤ !

ਬਿਊਰੋ ਰਿਪੋਰਟ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਦੇਹਾਂਤ ਹੋ ਗਿਆ ਹੈ, ਉਨ੍ਹਾਂ ਨੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਸ਼ਾਮ ਵੇਲੇ 95 ਸਾਲ ਦੀ ਉਮਰ ਵਿੱਚ ਅੰਤਿਮ ਸਾਹ ਲਏ । ਪਿਛਲੇ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਸਾਹ ਵਿੱਚ ਆ ਰਹੀ ਪਰੇਸ਼ਾਨੀ ਦੀ ਵਜ੍ਹਾ ਕਰਕੇ ਡਾਕਟਰਾਂ ਨੇ ਉਨ੍ਹਾਂ ਨੂੰ ICU ਵਿੱਚ ਰੱਖਿਆ ਸੀ। ਬੁੱਧਵਾਰ ਨੂੰ ਚੰਡੀਗੜ੍ਹ ਵਿੱਚ ਅਕਾਲੀ ਦਲ ਦੇ ਦਫਤਰ ਵਿੱਚ ਉਨ੍ਹਾਂ ਦੀ ਮ੍ਰਿਤਕ ਦੇਹ ਲੋਕਾਂ ਦੇ ਦਰਸ਼ਨ ਦੇ ਲਈ ਰੱਖੀ ਜਾਵੇਗੀ । ਸਵੇਰ 10 ਤੋਂ ਦੁਪਹਿਰ 2 ਵਜੇ ਤੱਕ ਲੋਕ ਦਰਸ਼ਨ ਕਰ ਸਕਣਗੇ । ਵੀਰਵਾਰ ਨੂੰ ਪਿੰਡ ਬਾਦਲ ਵਿੱਚ ਪ੍ਰਕਾਸ਼ ਸਿੰਘ ਬਾਦਲ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ । ਪ੍ਰਕਾਸ਼ ਸਿੰਘ ਬਾਦਲ 5 ਵਾਰ ਦੇ ਮੁੱਖ ਮੰਤਰੀ ਰਹੇ ਹਨ। ਜੂਨ 2022 ਵਿੱਚ ਵੀ ਛਾਤੀ ਵਿੱਚ ਦਰਦ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ ਪਰ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਸੀ । ਇਸ ਤੋਂ ਬਾਅਦ ਸਤੰਬਰ 2022 ਵਿੱਚ ਉਨ੍ਹਾਂ ਦੀ ਸਿਹਤ ਮੁੜ ਤੋਂ ਵਿਗਰੀ ਅਤੇ ਉਨ੍ਹਾਂ ਨੂੰ PGI ਵਿੱਚ ਭਰਤੀ ਕਰਵਾਇਆ ਗਿਆ ਸੀ। ਪ੍ਰਕਾਸ਼ ਸਿੰਘ ਬਾਦਲ ਅਖੀਰਲੀ ਵਾਰ 2012 ਤੋਂ 2017 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ ਸਨ। 2007 ਤੋਂ 2017 ਤੱਕ ਉਹ ਲਗਾਤਾਰ 10 ਸਾਲ ਮੁੱਖ ਮੰਤਰੀ ਰਹੇ । 2022 ਵਿੱਚ ਉਹ ਕਈ ਦਹਾਕਿਆਂ ਬਾਅਦ ਪਹਿਲੀ ਵਾਰ ਵਿਧਾਨਸਭਾ ਚੋਣ ਹਾਰੇ ਸਨ।

7 ਦਹਾਕਿਆਂ ਤੱਕ ਸਿਆਸੀ ਸਫਰ ਰਿਹਾ

ਪ੍ਰਕਾਸ਼ ਸਿੰਘ ਬਾਦਲ ਦਾ ਸਿਆਸੀ ਸਫਰ 7 ਦਹਾਕਿਆਂ ਦਾ ਰਿਹਾ ਹੈ, 1947 ਵਿੱਚ ਉਨ੍ਹਾਂ ਨੇ ਸਭ ਤੋਂ ਪਹਿਲਾਂ ਸਰਪੰਚ ਦੀ ਚੋਣ ਆਪਣੇ ਜੱਦੀ ਪਿੰਡ ਬਾਦਲ ਤੋਂ ਲੜੀ ਸੀ। ਲੰਬੀ ਹਲਕੇ ਤੋਂ ਉਨ੍ਹਾਂ ਨੇ 6 ਵਾਰ ਲਗਾਤਰ ਚੋਣ ਜਿੱਤੀ। ਪ੍ਰਕਾਸ਼ ਸਿੰਘ ਬਾਦਲ 1995 ਤੋਂ ਲੈਕੇ 2008 ਤੱਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਸਨ। ਉਹ ਰਿਕਾਰਡ 10 ਵਾਰ ਪੰਜਾਬ ਵਿਧਾਨਸਭਾ ਦੇ ਲਈ ਚੁਣੇ ਗਏ ਸਨ। 1972 ਅਤੇ 1980 ਅਤੇ 2002 ਵਿੱਚ ਉਹ ਵਿਧਾਨਭਾ ਵਿੱਚ ਵਿਰੋਧੀ ਧਿਰ ਦੇ ਆਗੂ ਵੀ ਰਹੇ । 1957 ਵਿੱਚ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ ਕਾਂਗਰਸ ਦੀ ਟਿਕਟ ‘ਤੇ ਵਿਧਾਨਸਭਾ ਪਹੁੰਚੇ ਸਨ,1969 ਵਿੱਚ ਉਨ੍ਹਾਂ ਨੇ ਮੁੜ ਤੋਂ ਚੋਣ ਜਿੱਤੀ ਅਤੇ ਪੰਚਾਇਤ ਰਾਜ,ਪਸ਼ੂ ਪਾਲਨ ਅਤੇ ਡੇਅਰੀ ਦੇ ਮੰਤਰਾਲਿਆ ਦਾ ਕਾਰਜਭਾਰ ਸੰਭਾਲਿਆ । ਮੋਰਾਰਜੀ ਦੇਸਾਈ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹ ਮੈਂਬਰ ਪਾਰਲੀਮੈਂਟ ਚੁਣੇ ਗਏ ਅਤੇ ਕੇਂਦਰ ਵਿੱਚ ਖੇਤੀਬਾੜੀ ਮੰਤਰੀ ਵੀ ਰਹੇ । ਲੰਮਾ ਸਮਾਂ ਜੇਲ੍ਹ ਵਿੱਚ ਕੱਟਣ ਦੀ ਵਜ੍ਹਾ ਕਰਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉਨ੍ਹਾਂ ਨੂੰ ਭਾਰਤ ਦਾ ਨੈਲਸਨ ਮੰਡੇਲਾ ਦੱਸਿਆ ਸੀ।

ਸਭ ਤੋਂ ਘੱਟ ਅਤੇ ਸਭ ਤੋਂ ਵੱਧ ਉਮਰ ਦੇ ਮੁੱਖ ਮੰਤਰੀ ਰਹੇ

1970 ਤੋਂ 1971 ਤੱਕ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਨ ਪ੍ਰਕਾਸ਼ ਸਿੰਘ ਬਾਦਲ, 1977 ਤੋਂ 1980 ਤੱਕ ਉਹ ਦੂਜੀ ਵਾਰ ਸੂਬੇ ਦੇ ਸੀਐੱਮ ਰਹੇ। ਤੀਜੀ ਵਾਰ ਪ੍ਰਕਾਸ਼ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਨ ਦਾ ਮੌਕਾ 1997 ਤੋਂ 2002 ਤੱਕ ਮਿਲਿਆ,ਇਸ ਦੌਰਾਨ ਬੀਜੇਪੀ ਨਾਲ ਮਿਲਕੇ ਉਨ੍ਹਾਂ ਨੇ ਸਰਕਾਰ ਬਣਾਈ ਸੀ। ਫਿਰ 2007 ਤੋਂ 2012 ਅਤੇ 20012 ਤੋਂ 2017 ਤੱਕ ਪ੍ਰਕਾਸ਼ ਸਿੰਘ ਬਾਦਲ ਨੇ ਚੌਥੀ ਅਤੇ ਪੰਜਵੀਂ ਵਾਰ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਸੀ। ਇਸ ਦੌਰਾਨ ਵੀ ਉਹ ਅਕਾਲੀ ਬੀਜੇਪੀ ਸਰਕਾਰ ਦੇ ਮੁੱਖ ਮੰਤਰੀ ਸਨ। ਪ੍ਰਕਾਸ਼ ਸਿੰਘ ਬਾਦਲ 1970 ਵਿੱਚ ਸਭ ਤੋਂ ਘੱਟ ਉਮਰ ਵਿੱਚ ਮੁੱਖ ਮੰਤਰੀ ਬਣੇ ਸਨ ਅਤੇ ਸਭ ਤੋਂ ਵੱਧ ਉਮਰ ਦੇ ਮੁੱਖ ਮੰਤਰੀ ਵੀ ਰਹੇ ।

ਪ੍ਰਕਾਸ਼ ਸਿੰਘ ਬਾਦਲ ਨੇ ਮੁੱਢਲੀ ਸਿੱਖਿਆ ਪਿੰਡ ਤੋਂ ਲਈ

ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8 ਦਸੰਬਰ 1927 ਨੂੰ ਪੰਜਾਬ ਦੇ ਪਿੰਡ ਅਬੁਲ ਖੁਰਾਨਾ ਵਿੱਚ ਹੋਇਆ ਸੀ, ਉਨ੍ਹਾਂ ਆਪਣੀ ਮੁੱਢਲੀ ਸਿੱਖਿਆ ਇੱਕ ਸਥਾਨਕ ਅਧਿਆਪਕ ਤੋਂ ਲਈ ਅਤੇ ਫਿਰ ਉਹ ਲੰਬੀ ਦੇ ਸਕੂਲ ਵਿੱਚ ਪੜ੍ਹਨ ਗਏ। ਜਿੱਥੇ ਉਹ ਬਾਦਲ ਪਿੰਡ ਤੋਂ ਘੋੜੀ ਉੱਤੇ ਪੜ੍ਹਨ ਜਾਇਆ ਕਰਦੇ ਸਨ। ਹਾਈ ਸਕੂਲ ਦੀ ਪੜ੍ਹਾਈ ਲਈ ਉਹ ਫਿਰੋਜ਼ਪੁਰ ਦੇ ਮਨੋਹਰ ਲਾਲ ਮੈਮੋਰੀਅਲ ਹਾਈ ਸਕੂਲ ਵਿੱਚ ਗਏ। ਇਸ ਤੋਂ ਬਾਅਦ ਉਹ ਲਾਹੌਰ ਦੇ ਕ੍ਰਿਸ਼ਚਨ ਕਾਲਜ ਤੋਂ ਪੜਾਈ ਕਰਨ ਤੋਂ ਬਾਅਦ ਸੋਸ਼ਲ ਵਰਕ ਸ਼ੁਰੂ ਕੀਤਾ ਸੀ।

ਫਖ਼ਰ ਏ ਕੌਮ

ਪ੍ਰਕਾਸ਼ ਸਿੰਘ ਬਾਦਲ ਨੂੰ 2011 ਵਿੱਚ ਪੰਜ ਸਿੰਘ ਸਾਹਿਬਾਨਾਂ ਵੱਲੋਂ ਫਖਰ-ਏ-ਕੌਮ ਨਾਲ ਨਵਾਜ਼ਿਆ ਗਿਆ ਸੀ । ਸ੍ਰੀ ਆਨੰਦਪੁਰ ਸਾਹਿਬ ਵਿੱਚ ਉਨ੍ਹਾਂ ਦੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਵਿੱਚ ਵਿਰਾਸਤ ਏ ਖਾਲਸਾ ਦੀ ਉਸਾਰੀ ਹੋਈ, ਇਸ ਤੋਂ ਇਲਾਵਾ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਪਦਮ ਭੂਸ਼ਣ ਅਵਾਰਡ ਨਾਲ ਸਨਮਾਨਿਤ ਕੀਤੀ ਗਿਆ ਸੀ। ਪਰ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਉਨ੍ਹਾਂ ਨੇ ਇਹ ਸਨਮਾਨ ਵਾਪਸ ਕਰ ਦਿੱਤਾ ਸੀ। ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਕਾਰਜਕਾਲ ਦੌਰਾਨ ਪੰਜਾਬ ਵਿੱਚ ਕਈ ਵਾਰ ਮਿਊਜ਼ੀਅਮ ਵੀ ਬਣਾ ਸਨ।