India

ਜੰਮੂ-ਕਸ਼ਮੀਰ ‘ਚ ਸੁਰੱਖਿਆ ਬਲ ਤੇ ਅੱਤਵਾਦੀ ਹੋਏ ਆਹਮੋ- ਸਾਹਮਣੇ , ਦੋ ਫੌਜੀ ਜਵਾਨ ਜ਼ਖ਼ਮੀ

Encounter with terrorists in Jammu and Kashmir's Awantipora, security forces killed 1 terrorist, 2 soldiers injured

ਜੰਮੂ-ਕਸ਼ਮੀਰ ( Jammu and Kashmir ) ਦੇ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੋਰਾ ਇਲਾਕੇ ‘ਚ ਮੰਗਲਵਾਰ ਤੜਕੇ ਹੋਏ ਮੁਕਾਬਲੇ ‘ਚ ਇਕ ਅੱਤਵਾਦੀ ਮਾਰਿਆ ਗਿਆ ਅਤੇ ਫੌਜ ਦੇ ਦੋ ਜਵਾਨ ਜ਼ਖਮੀ ਹੋ ਗਏ। ਜਾਣਕਾਰੀ ਦਿੰਦੇ ਹੋਏ ਇਕ ਅਧਿਕਾਰੀ ਨੇ ਦੱਸਿਆ ਕਿ ‘ਮਨੁੱਖੀ ਅਤੇ ਤਕਨੀਕੀ ਖੁਫੀਆ ਜਾਣਕਾਰੀ’ ਦੇ ਆਧਾਰ ‘ਤੇ ਅੱਤਵਾਦੀਆਂ ਦੇ ਲੁਕੇ ਹੋਣ ਦਾ ਪਤਾ ਲਗਾਇਆ ਗਿਆ।

ਕਸ਼ਮੀਰ ਜ਼ੋਨ ਪੁਲਿਸ ਨੇ ਸੋਮਵਾਰ ਅਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਟਵੀਟ ਕਰਕੇ ਮੁਕਾਬਲੇ ਦੀ ਜਾਣਕਾਰੀ ਦਿੱਤੀ। ਮਾਰੇ ਗਏ ਅੱਤਵਾਦੀ ਬਾਰੇ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਉਹ ਪੁਲਵਾਮਾ ‘ਚ ਟਾਰਗੇਟ ਕਿਲਿੰਗ ‘ਚ ਸ਼ਾਮਲ ਹੋ ਸਕਦਾ ਹੈ। ਇਹ ਮੁਕਾਬਲਾ ਸੋਮਵਾਰ ਦੇਰ ਰਾਤ ਨੂੰ ਹੋਇਆ।

ਜੰਮੂ-ਕਸ਼ਮੀਰ ਪੁਲਿਸ ਨੇ ਦੱਸਿਆ ਕਿ ਪੁਲਵਾਮਾ ਜ਼ਿਲੇ ਦੇ ਪਦਗਾਮਪੋਰਾ ਅਵੰਤੀਪੋਰਾ ‘ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਘਟਨਾ ਸਥਾਨ ਨੂੰ ਘੇਰ ਲਿਆ। ਜਦੋਂ ਪੁਲਿਸ ਅਤੇ ਸੁਰੱਖਿਆ ਬਲ ਅੱਤਵਾਦੀਆਂ ਨੇੜੇ ਪਹੁੰਚੇ ਤਾਂ ਮੁਕਾਬਲਾ ਸ਼ੁਰੂ ਹੋ ਗਿਆ। ਕੁਝ ਸਮੇਂ ਬਾਅਦ ਪੁਲਿਸ ਤੋਂ ਸੂਚਨਾ ਮਿਲੀ ਕਿ ਅਵੰਤੀਪੋਰਾ ਮੁਕਾਬਲੇ ਵਿੱਚ ਇੱਕ ਅੱਤਵਾਦੀ ਮਾਰਿਆ ਗਿਆ ਹੈ। ਹਾਲਾਂਕਿ ਅਜੇ ਤੱਕ ਉਸ ਦੀ ਲਾਸ਼ ਬਰਾਮਦ ਨਹੀਂ ਹੋਈ ਹੈ।

ਦੱਸ ਦਈਏ ਕਿ 26 ਫਰਵਰੀ ਨੂੰ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲੇ ‘ਚ ਅੱਤਵਾਦੀਆਂ ਨੇ ਕਸ਼ਮੀਰੀ ਪੰਡਿਤ ਸੰਜੇ ਸ਼ਰਮਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਟਾਰਗੇਟ ਕਿਲਿੰਗ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

ਕਸ਼ਮੀਰ ‘ਚ ਇਸ ਸਾਲ ਘੱਟ ਗਿਣਤੀ ਭਾਈਚਾਰੇ ਦੇ ਕਿਸੇ ਮੈਂਬਰ ‘ਤੇ ਇਹ ਪਹਿਲਾ ਹਮਲਾ ਸੀ। ਪਰ ਸਾਲ 2022 ‘ਚ ਅੱਤਵਾਦੀਆਂ ਨੇ 30 ਦੇ ਕਰੀਬ ਨਾਗਰਿਕਾਂ ‘ਤੇ ਹਮਲਾ ਕੀਤਾ ਸੀ। ਇਸ ਵਿੱਚ ਤਿੰਨ ਕਸ਼ਮੀਰੀ ਪੰਡਤਾਂ, ਰਾਜਸਥਾਨ ਦੇ ਇੱਕ ਬੈਂਕ ਮੈਨੇਜਰ, ਜੰਮੂ ਦੀ ਇੱਕ ਮਹਿਲਾ ਅਧਿਆਪਕ ਅਤੇ 8 ਗੈਰ ਸਥਾਨਕ ਮਜ਼ਦੂਰਾਂ ਸਮੇਤ 18 ਲੋਕ ਮਾਰੇ ਗਏ ਸਨ।