Punjab

ਡਾ. ਅਵਨੀਸ਼ ਕੁਮਾਰ ਹੋਣਗੇ ਬਾਬਾ ਫਰੀਦ ਯੂਨੀਵਰਸਿਟੀ ਦੇ ਨਵੇਂ ਵੀਸੀ ,ਆਰਜ਼ੀ ਤੋਰ ‘ਤੇ ਦਿੱਤਾ ਗਿਆ ਹੈ ਚਾਰਜ

‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਨੇ ਵੀਸੀ ਡਾ. ਰਾਜ ਬਹਾਦਰ  ਦੇ ਅਸਤੀਫ਼ੇ ਤੋਂ ਬਾਅਦ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ਦਾ ਡਾ. ਅਵਨੀਸ਼ ਕੁਮਾਰ ਨੂੰ ਵਾਈਸ ਚਾਂਸਲਰ ਲਾਇਆ ਹੈ। ਉਹ ਆਰਜੀ ਤੌਰ ‘ਤੇ ਵਾਈਸ ਚਾਂਸਲਰ ਹੋਣਗੇ। ਸਰਕਾਰ ਦੇ ਵਲੋਂ ਇਸ ਸਬੰਧੀ ਬਕਾਇਦਾ ਆਰਡਰ ਵੀ ਜਾਰੀ ਕੀਤੇ ਗਏ ਹਨ । ਡਾਕਟਰ ਰਾਜ ਬਹਾਦੁਰ ਦੇ ਅਸਤੀਫੇ ਮਗਰੋਂ ਡਾ. ਅਵਨੀਸ਼ ਕੁਮਾਰ ਨੂੰ ਵਾਈਸ ਚਾਂਸਲਰ ਲਾਇਆ ਗਿਆ ਹੈ।  ਡਾ. ਕੁਮਾਰ ਅਗਲੇ ਪੱਕੇ ਵੀਸੀ ਦੀ ਨਿਯੁਕਤੀ ਹੋਣ ਤੱਕ ਚਾਰਜ ਸੰਭਾਲਣਗੇ। ਸਿਹਤ ਮੰਤਰੀ ਨਾਲ ਵਿਵਾਦ ਮਗਰੋਂ ਡਾਕਟਰ ਰਾਜ ਬਹਾਦੁਰ ਨੇ ਅਸਤੀਫ਼ਾ ਦਿੱਤਾ ਸੀ ਜਿਸ ਨੂੰ ਰਾਜਪਾਲ ਨੇ ਮਨਜ਼ੂਰ ਕਰ ਲਿਆ ਹੈ।

ਡਾ. ਅਵਨੀਸ਼ ਕੁਮਾਰ

ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਜਦੋਂ ਫਰੀਦਕੋਟ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਹਸਪਤਾਲ ਗਏ ਸਨ ਤਾਂ ਗੱਦਿਆਂ ਦੀ ਮਾੜੀ ਹਾਲਤ ਵੇਖ ਕੇ ਉਨ੍ਹਾਂ ਨੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾਕਟਰ ਰਾਜ ਬਹਾਦੁਰ ਨੂੰ ਕਾਫ਼ੀ ਡਾਂਟ ਲਗਾਈ ਅਤੇ ਉਨ੍ਹਾਂ ਨੂੰ ਜ਼ਬਰਦਸਤੀ ਗੱਦੇ ‘ਤੇ ਲਿਟਾ ਦਿੱਤਾ। ਇਹ ਵੀਡੀਓ ਕਾਫੀ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਸਿਆਸਦਾਨਾਂ ਤੋਂ ਲੈ ਕੇ ਸਰਕਾਰ ਦੇ ਆਪਣੇ ਮੰਤਰੀਆਂ ਨੇ ਸਿਹਤ ਮੰਤਰੀ ਦੇ ਇਸ ਵਤੀਰੇ ਦੀ ਨਿੰਦਾ ਕੀਤੀ ਸੀ।

ਡਾਕਟਰ ਰਾਜ ਬਹਾਦੁਰ ਨੇ ਸਿਹਤ ਮੰਤਰੀ ਦੇ ਇਸ ਵਤੀਰੇ ਤੋਂ ਬਾਅਦ ਅਸਤੀਫਾ ਦਿੱਤਾ ਅਤੇ ਉਨ੍ਹਾਂ ਦੇ ਨਾਲ ਸੂਬੇ ਦੇ ਕਈ ਹੋਰ ਮੈਡੀਕਲ ਅਫਸਰਾਂ ਨੇ ਵੀ ਅਸਤੀਫ਼ਾ ਦੇ ਦਿੱਤਾ ਸੀ। ਵਿਰੋਧੀ ਧਿਰ ਨੇ ਆਪ ਡਾਕਟਰ ਰਾਜ ਬਹਾਦੁਰ ਨਾਲ ਮਿਲ ਕੇ ਉਨ੍ਹਾਂ ਨਾਲ ਹੋਏ ਵਤੀਰੇ ‘ਤੇ ਦੁੱਖ ਜਤਾਇਆ ਸੀ ਅਤੇ ਨਾਲ ਖੜੇ ਹੋਣ ਦਾ ਭਰੋਸਾ ਦਿੱਤਾ। ਇਸ ਦੌਰਾਨ ਡਾਕਟਰ ਰਾਜ ਬਹਾਦੁਰ ਵੀ ਕਾਫੀ ਭਾਵੁਕ ਹੋ ਗਏ ਅਤੇ ਉਨ੍ਹਾਂ ਨੇ ਕਿਹਾ ਸਮਾਨ ਮੰਗਵਾਉਣ ਦੇ ਲਈ 9 ਮਹੀਨੇ ਦਾ ਸਮਾਂ ਲੱਗਦਾ ਹੈ। ਮੰਤਰੀ ਸਾਬ੍ਹ ਸ਼ਾਇਦ ਇਸ ਗੱਲ ਤੋਂ ਜਾਣੂ ਨਹੀਂ ਹਨ।

ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ‘ਤੇ ਬਦਸਲੂਕੀ ਦਾ ਇਲਜ਼ਾਮ ਲਗਾਉਣ ਤੋਂ ਬਾਅਦ ਡਾਕਟਰ ਰਾਜ ਬਹਾਦੁਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਉਨ੍ਹਾਂ ਨੂੰ ਮਨਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਜਦੋਂ ਉਹ ਸਫਲ ਨਹੀਂ ਹੋਏ ਤਾਂ ਡਾਕਟਰ ਰਾਜ ਬਹਾਦੁਰ ਦਾ ਸਰਕਾਰ ਨੇ ਅਸਤੀਫ਼ਾ ਮਨਜ਼ੂਰ ਕਰ ਲਿਆ ਸੀ।