Punjab

ਢਾਡੀਆਂ ਦਾ SGPC ਖਿਲਾਫ ਵੱਡਾ ਧਰਨਾ ! 5 ਦਿਨਾਂ ਦਾ ਦਿੱਤਾ ਅਲਟੀਮੇਟਮ

ਬਿਊਰੋ ਰਿਪੋਰਟ : ਰਾਗੀ ਸਿੰਘਾਂ ਤੋਂ ਬਾਅਦ ਹੁਣ ਢਾਡੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਹਮਣੇ ਆਪਣੀ ਮੰਗਾਂ ਨੂੰ ਲੈ ਕੇ ਡਟ ਗਏ ਹਨ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਨੇ SGPC ਦੇ ਖ਼ਿਲਾਫ਼ ਪੱਕਾ ਧਰਨਾ ਲਾ ਲਿਆ ਹੈ। ਕਮੇਟੀ ਦੇ ਦਫ਼ਤਰ ਦੇ ਸਾਹਮਣੇ ਉਨ੍ਹਾਂ ਨੇ ਦਿਨ-ਰਾਤ ਚੱਲਣ ਵਾਲਾ ਧਰਨਾ ਲਗਾਇਆ ਹੈ, ਇਸ ਦੌਰਾਨ ਢਾਡੀ ਸਭਾ ਦੇ ਪ੍ਰਧਾਨ ਬਲਦੇਵ ਸਿੰਘ ਮਰਨ ਵਰਤ ‘ਤੇ ਬੈਠ ਗਏ ਹਨ।
ਢਾਡੀ ਸਿੰਘਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ 14 ਜੂਨ ਤੱਕ SGPC ਨੇ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਿਆਂ ਤਾਂ ਉਹ ਆਪਣੀ ਜਾਨ ਦੇਣਗੇ ਇਸ ਦੇ ਲਈ ਉਹ ਜ਼ਿੰਮੇਵਾਰ ਲੋਕਾਂ ਦੇ ਨਾਂ ਵੀ ਦੱਸਣਗੇ। ਉਨ੍ਹਾਂ ਨੇ ਕਿਹਾ ਅਸੀਂ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੱਕ ਵੀ ਆਪਣੀ ਮੰਗਾਂ ਪਹੁੰਚਾਈਆਂ ਸਨ ਪਰ ਕੋਈ ਜਵਾਬ ਨਹੀਂ ਆਇਆ ਜਿਸ ਤੋਂ ਬਾਅਦ ਹੀ ਅਸੀਂ ਧਰਨਾ ਦੇਣ ਦਾ ਫ਼ੈਸਲਾ ਲਿਆ ਹੈ ।

ਢਾਡੀ ਸਿੰਘਾਂ ਦੀ ਇਹ ਹਨ ਮੰਗਾਂ

ਸ਼੍ਰੀ ਗੁਰੂ ਹਰਗੋਬਿੰਦ ਸਿੰਘ ਸ਼੍ਰੋਮਣੀ ਢਾਡੀ ਸਭਾ ਦਾ ਇਲਜ਼ਾਮ ਹੈ ਕਿ ਸ਼੍ਰੋਮਣੀ ਕਮੇਟੀ ਦੇ ਕੁੱਝ ਮੈਂਬਰਾਂ ਨੇ ਜਾਣਬੁੱਝ ਕੇ ਉਨ੍ਹਾਂ ਨੂੰ ਪ੍ਰੀਖਿਆ ਵਿੱਚ ਫ਼ੇਲ੍ਹ ਕੀਤਾ ਹੈ, ਇਸ ਤੋਂ ਇਲਾਵਾ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਉਨ੍ਹਾਂ ਦੇ ਵਾਰਾਂ ਗਾਇਨ ਦੇ ਸਮੇਂ ਨੂੰ ਵੀ ਘੱਟ ਕਰ ਦਿੱਤਾ ਗਿਆ ਹੈ ਜਦਕਿ ਪਹਿਲਾਂ ਇਹ 9 ਘੰਟੇ ਹੁੰਦਾ ਸੀ, ਉਨ੍ਹਾਂ ਨੇ ਮੰਗ ਕੀਤੀ ਪੁਰਾਣੀ ਰਵਾਇਤ ਨੂੰ ਮੁੜ ਤੋਂ ਬਹਾਰ ਕੀਤਾ ਜਾਵੇ। ਇਸ ਤੋਂ ਇਲਾਵਾ ਗੁਰਪੁਰਬ ਤੇ ਹੋਰ ਖ਼ਾਸ ਦਿਨਾਂ ਦੌਰਾਨ ਮਿਲਣ ਵਾਲੀ ਭੇਟਾ ਨੂੰ ਮੁੜ ਸ਼ੁਰੂ ਕੀਤਾ ਜਾਵੇ। ਢਾਡੀ ਜਥੇਬੰਦੀ ਨੇ ਕਿਹਾ ਸਾਨੂੰ ਸ਼੍ਰੋਮਣੀ ਕਮੇਟੀ ਨੇ ਧਰਨਾ ਦੇਣ ਲਈ ਮਜਬੂਰ ਕੀਤਾ ਹੈ, ਅਸੀਂ ਪਹਿਲਾਂ SGPC ਦੇ ਵਧੀਕ ਸਕੱਤਰ ਦੇ ਜ਼ਰੀਏ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਮੰਗਾਂ ਬਾਰੇ ਦੱਸਿਆ ਸੀ ਪਰ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਆਇਆ ਤਾਂ ਉਨ੍ਹਾਂ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ ।

2 ਢਾਡੀਆਂ ਜਥੇਬੰਦੀਆਂ ਵਿਚਾਲੇ ਵਿਵਾਦ

ਸ਼੍ਰੋਮਣੀ ਕਮੇਟੀ ਮੁਤਾਬਿਕ ਸ਼੍ਰੀ ਅਕਾਲ ਤਖ਼ਤ ‘ਤੇ ਢਾਡੀ ਵਾਰਾਂ ਗਾਇਨ ਕਰਨ ਵਾਲਿਆਂ 2 ਢਾਡੀ ਜਥੇਬੰਦੀਆਂ ਹਨ। ਇਨ੍ਹਾਂ ਦੇ ਬਾਰੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਫ਼ੈਸਲਾ ਲਿਆ ਗਿਆ ਸੀ, ਜਿਸ ਤੋਂ ਇੱਕ ਢਾਡੀ ਸਭਾ ਸਹਿਮਤ ਹੈ ਜਦਕਿ ਦੂਜੀ ਨਹੀਂ। ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਜਲਦ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਢਾਡੀਆਂ ਨਾਲ ਗੱਲ ਕਰ ਕੇ ਮਸਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰਨਗੇ। ਇਹ ਪਹਿਲਾਂ ਮੌਕਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਰਾਗੀ ਸਿੰਘਾਂ ਦੀ ਲੱਗਣ ਵਾਲੀ ਡਿਊਟੀ ਨੂੰ ਲੈ ਕੇ SGPC ਸਵਾਲਾਂ ਦੇ ਘੇਰੇ ਵਿੱਚ ਹੈ, ਕਈ ਰਾਗੀ ਸਿੰਘਾਂ ਨੇ ਰੋਸ ਦੀ ਵਜ੍ਹਾ ਕਰ ਕੇ ਅਸਤੀਫ਼ਾ ਵੀ ਦੇ ਦਿੱਤਾ ਸੀ ਤਾਂ ਕਈਆਂ ਨੂੰ ਮਜਬੂਰ ਕੀਤਾ ਗਿਆ।