Punjab

CM ਮਾਨ ਦਾ ਵੱਡਾ ਐਲਾਨ, ਲੁਧਿਆਣਾ ‘ਚ 50 ਏਕੜ ‘ਚ ਬਣੇਗੀ ਹਾਈ ਸਕਿਉਰਿਟੀ ਡਿਜੀਟਲ ਜੇਲ੍ਹ

CM Bhagwant Mann's big announcement, a high security digital jail will be built in 50 acres in Ludhiana

ਸੰਗਰੂਰ : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੰਗਰੂਰ ਪਹੁੰਚ ਕੇ ਟ੍ਰੇਨਿੰਗ ਪੂਰੀ ਕਰ ਚੁੱਕੇ 200 ਤੋਂ ਵੱਧ ਜੇਲ੍ਹ ਵਾਰਡਨਾਂ ਦੀ ਪਰੇਡ ਤੋਂ ਸਲਾਮੀ ਲਈ। ਸੀਐੱਮ ਮਾਨ ਨੇ ਇਸ ਮੌਕੇ ਲੁਧਿਆਣਾ ਦੇ ਇੱਕ ਪਿੰਡ ਵਿੱਚ 50 ਏਕੜ ਜ਼ਮੀਨ ‘ਤੇ ਹਾਈ ਸਕਿਉਰਿਟੀ ਡਿਜੀਟਲ ਜੇਲ੍ਹ ਬਣਾਏ ਜਾਣ ਦਾ ਐਲਾਨ ਕੀਤਾ।

ਆਪਣੇ ਭਾਸ਼ਣ ਵਿੱਚ ਮਾਨ ਨੇ ਕਿਹਾ ਕਿ ਲੁਧਿਆਣਾ ਵਿੱਚ ਡਿਜੀਟਲ ਜੇਲ੍ਹ ਬਣਾਈ ਜਾਏਗੀ। ਇਸ ਲਈ ਕੇਂਦਰ ਸਰਕਾਰ ਤੋਂ 100 ਕਰੋੜ ਰੁਪਇਆ ਮਨਜ਼ੂਰ ਕਰਵਾ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹਾਰਡ ਕੋਰ ਅਪਰਾਧੀਆਂ ਨੂੰ ਉੱਥੇ ਰੱਖਿਆ ਜਾਏਗਾ ਤੇ ਉਨ੍ਹਾਂ ਦੀ ਪੇਸ਼ੀ ਲਈ ਵੀ ਉਸੇ ਜੇਲ੍ਹ ਵਿੱਚ ਹੀ ਕੋਰਟ ਬਣਾਈ ਜਾਏਗੀ। ਇਹ ਡਿਜੀਟਲ ਜੇਲ੍ਹ ਦੇ ਗਰਾਊਂਡ ਫਲੋਰ ਤੇ ਜੱਜਾਂ ਦਾ ਕੈਬਿਨ ਬਣਾਇਆ ਜਾਵੇਗਾ ਅਤੇ ਫ਼ਸਟ ਫਲੋਰ ‘ਤੇ ਉਹ ਖ਼ਤਰਨਾਕ ਕੈਦੀ ਰੱਖੇ ਜਾਣਗੇ, ਜਿਹੜੇ ਸਮਾਜ ਲਈ ਖ਼ਤਰਾ ਹਨ। ਮਾਨ ਨੇ ਕਿਹਾ ਕਿ ਲੁਧਿਆਣਾ ਨੇੜੇ ਪਿੰਡ ਗੋਰਸੀਆ ਕਦਰ ਬਖ਼ਸ਼ ਦੀ 50 ਏਕੜ ਜ਼ਮੀਨ ਅਸੀਂ ਲੀਜ਼ ‘ਤੇ ਲਈ ਹੈ, ਜਿੱਥੇ ਹਾਈ ਸਕਿਉਰਿਟੀ ਟੇਕਨੋਲਜੀ ਨਾਲ ਲੈੱਸ ਜੇਲ੍ਹ ਬਣਾਵਾਂਗੇ।

ਮਾਨ ਨੇ ਕਿਹਾ ਕਿ ਕੈਦੀਆਂ ਨੂੰ ਅਦਾਲਤ ਚ ਪੇਸ਼ ਕਰਨ ਵੇਲੇ ਵੀ ਸੌਖ ਹੋਇਆ ਕਰੇਗੀ, ਇਸ ਨਾਲ ਕੈਦੀਆਂ ਨੂੰ ਬਾਹਰ ਕਿਸੇ ਹੋਰ ਅਦਾਲਤ ‘ਚ ਪੇਸ਼ ਕਰਨ ਦੀ ਜ਼ਰੂਰਤ ਨਹੀਂ ਪਵੇਗੀ, ਇੱਕ ਹੀ ਬਿਲਡਿੰਗ ‘ਚ ਜੱਜ ਆਉਣਗੇ ਤੇ ਉਸੇ ਹੀ ਬਿਲਡਿੰਗ ਵਿੱਚ ਬੰਦ ਕੈਦੀਆਂ ਨੂੰ ਕੋਰਟ ‘ਚ ਪੇਸ਼ ਕੀਤਾ ਜਾਵੇਗਾ।

ਇਸ ਜੇਲ੍ਹ ਵਿੱਚ ਜੱਜ ਸਾਹਿਬ ਖ਼ੁਦ ਜਾਣਗੇ ਤੇ ਅਪਰਾਧੀਆਂ ਦੀ ਪੇਸ਼ੀ ਇਸੇ ਡਿਜੀਟਲ ਜੇਲ੍ਹ ਵਿੱਚ ਬਣੀ ਕੋਰਟ ਵਿੱਚ ਹੋਵੇਗੀ। ਇਸ ਮੌਕੇ ਮੁੱਖ ਭਗਵੰਤ ਮਾਨ ਨੇ ਕਿਹਾ ਕਿ 100 ਕਰੋੜ ਕੇਂਦਰ ਸਰਕਾਰ ਤੋਂ ਮਨਜ਼ੂਰ ਕਰਾਇਆ ਹੈ। ਚੌਕੀਆਂ ਨੂੰ ਨਵੀਆਂ ਗੱਡੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਗੂਗਲ ਨਾਲ ਗੱਲ ਚੱਲ ਰਹੀ ਹੈ। ਮੈਂ ਬੰਗਲੌਰ ਵਿੱਚ ਗੂਗਲ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਕਿਹਾ ਕਿ ਜੋ ਵੀ ਐਮਰਜੈਂਸੀ ‘ਤੇ ਕਾਲ ਕਰੇਗਾ, ਸਭ ਤੋਂ ਨੇੜੇ ਵਾਲੀ ਗੱਡੀ ਉਸ ਕੋਲ ਮਦਦ ਲਈ ਪਹੁੰਚੇਗੀ।

ਮੁੱਖ ਮਾਨ ਨੇ ਕਿਹਾ ਕਿ ਜੇਲ੍ਹਾਂ ਵਿੱਚੋਂ ਕਰਾਈਮ ਨੂੰ ਰੋਕਣ ਲਈ ਅਸੀਂ ਕੰਮ ਕਰ ਰਹੇ ਹਾਂ। ਮੈਂ ਜੇਲ੍ਹਾਂ ਦਾ ਦੌਰਾ ਕੀਤਾ, ਜਿੱਥੇ ਮੈਨੂੰ ਕੈਦੀ ਮਿਲੇ ਜੋ ਪੇਸ਼ੀ ‘ਤੇ ਨਹੀਂ ਪਹੁੰਚ ਸਕੇ, ਕਿਉਂਕਿ ਪੰਜਾਬ ਪੁਲਿਸ ਕੋਲ ਨਫ਼ਰੀ ਨਹੀਂ ਸੀ ਤੇ ਉਨ੍ਹਾਂ ਨੂੰ ਅਦਾਲਤ ਤੱਕ ਨਹੀਂ ਲਿਜਾ ਸਕੇ।

ਉਨ੍ਹਾਂ ਨੇ ਕਿਹਾ ਕਿ ਇਸ ਲਈ 100 ਕਰੋੜ ਰੁਪਇਆ ਅਸੀਂ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਮਨਜ਼ੂਰ ਕਰਾ ਲਿਆ ਹੈ। ਇਸ ਨਾਲ ਹਾਈ ਸਕਿਉਰਿਟੀ ਡਿਜੀਟਲ ਜੇਲ੍ਹ ਬਣਾਵਾਂਗੇ, ਜਿੱਥੇ ਗਰਾਉਂਡ ਫਲੋਰ ‘ਤੇ ਕੋਰਟ ਹੋਏਗੀ। ਉਨ੍ਹਾਂ ਕਿਹਾ ਕਿ ਜਿਹੜੇ ਹਾਰਡ ਕੋਰ ਅਪਰਾਧੀ ਹਨ, ਉਨ੍ਹਾਂ ਨੂੰ ਉੱਥੇ ਰੱਖਿਆ ਜਾਏਗਾ। ਮਾਨ ਨੇ ਕਿਹਾ ਕਿ ਜੱਜ ਸਾਹਿਬ ਉੱਥੇ ਆਇਆ ਕਰਨਗੇ ਤੇ ਹਾਰਡ ਕੋਰ ਕੈਦੀਆ ਦੀ ਪੇਸ਼ੀ ਉੱਥੇ ਹੀ ਹੋਇਆ ਕਰੇਗੀ। ਉਨ੍ਹਾਂ ਕਿਹਾ ਕਿ ਮੋਬਾਈਲ ਜੈਮਿੰਗ ਟੈਕਨਾਲੋਜੀ ਤੇ ਕੰਮ ਚੱਲ ਰਿਹਾ ਹੈ ਤੇ ਬਹੁਤ ਜਲਦ ਇਸ ਨੂੰ ਵੀ ਲਾਗੂ ਕੀਤਾ ਜਾਏਗਾ।

ਇਸ ਤੋਂ ਇਲਾਵਾ ਸੀ ਐੱਮ ਮਾਨ ਨੇ ਮੋਹਾਲੀ ਦੇ ਸੈਕਟਰ-68 ਵਿੱਚ ਜੇਲ੍ਹ ਵਿਭਾਗ ਦੇ ਮੁੱਖ ਦਫ਼ਤਰ ਲਈ ਜ਼ਮੀਨ ਲੈਣ ਦੀ ਗੱਲ ਵੀ ਕਹੀ। ਨਾਲ ਹੀ ਮੋਬਾਈਲ ਜੈਮਰ ਤਕਨੀਕ ਨੂੰ ਜਲਦੀ ਲਿਆਉਣ ਬਾਰੇ ਕਿਹਾ। ਦੱਸ ਦੇਈਏ ਕਿ ਇਸ ਪ੍ਰੋਗਰਾਮ ਦੌਰਾਨ ਡੀਜੀਪੀ ਗੌਰਵ ਯਾਦਵ ਸਣੇ ਪੁਲਿਸ ਅਤੇ ਹੋਰ ਜੇਲ੍ਹ ਅਧਿਕਾਰੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ। ਇਸ ਮੌਕੇ ਸੀ ਐੱਮ ਮਾਨ ਨੇ ਕਿਹਾ ਕਿ ਅਨੁਸ਼ਾਸਨ ਅਜਿਹੀ ਚੀਜ਼ ਹੈ, ਜਿਸ ਦੇ ਸਹਾਰੇ ਦੁਨੀਆ ਦੀ ਹਰ ਮੰਜ਼ਿਲ ਨੂੰ ਹਾਸਲ ਕੀਤਾ ਜਾ ਸਕਦਾ ਹੈ ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਫੋਰਸ ਦੀ ਭਲਾਈ ਅਤੇ ਸੁਧਾਰ ਲਈ ਕਈ ਕੰਮ ਕੀਤੇ ਹਨ। ਉਦਾਹਰਨ ਵਜੋਂ ਪੁਲਿਸ ਵਾਲਿਆਂ ਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਗ੍ਰੀਟਿੰਗ ਕਾਰਡ ਭੇਜਣ ਦੀ ਗੱਲ ਕੀਤੀ। ਉਨ੍ਹਾਂ ਨੇ ਪੰਜਾਬ ਪੁਲਿਸ ਦੇ ਬੇੜੇ ਵਿੱਚ ਸ਼ਾਮਲ 92 ਨਵੇਂ ਵਾਹਨਾਂ ਦਾ ਵੀ ਜ਼ਿਕਰ ਕੀਤਾ। ਸੀ ਐੱਮਮਾਨ ਨੇ ਕਿਹਾ ਕਿ ਇਹ ਥਾਣਿਆਂ ਅਤੇ ਚੌਕੀਆਂ ਨੂੰ ਨਵੀਆਂ ਗੱਡੀਆਂ ਦੇਣ ਦੇ ਹੁਕਮ ਹਨ, ਕਿਉਂਕਿ ਉਨ੍ਹਾਂ ਨੇ ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਕਾਰਵਾਈ ਸਭ ਤੋਂ ਪਹਿਲਾਂ ਉਨ੍ਹਾਂ ਨੇ ਹੀ ਕਰਨੀ ਹੁੰਦੀ ਹੈ।