Punjab

ਵਿਰੋਧੀ ਧਿਰ ਦੇ ਇਹਨਾਂ ਲੀਡਰਾਂ ਨੇ ਕੀਤੇ ਮਾਨ ਸਰਕਾਰ ਨੂੰ ਗੰਭੀਰ ਸਵਾਲ,ਆਹ ਸ਼ੰਕਾ ਕੀਤਾ ਜ਼ਾਹਿਰ

ਚੰਡੀਗੜ੍ਹ : ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਤੇ ਪੰਜਾਬ ਵਿੱਚ ਵਿਰੋਧੀ ਧਿਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਅਹਿਮ ਮਸਲੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਉਹਨਾਂ ਦਾਅਵਾ ਕੀਤਾ ਹੈ ਕਿ ਪੰਜਾਬ ਸਰਕਾਰ ਚਾਹੇ ਲੱਖ ਕਹੀ ਜਾਵੇ ਕਿ ਨਾਜਾਇਜ਼ ਮਾਈਨਿੰਗ ਨੂੰ ਖ਼ਤਮ ਕਰ ਦਿੱਤਾ ਗਿਆ ਹੈ ਪਰ ਅਸਲੀਅਤ ਇਸ ਦੇ ਉਲਟ ਹੈ,ਲਾਡੋਵਾਲ,ਫਿਲੌਰ ਵਿੱਖੇ ਸ਼ਰੇਆਮ ਮਾਈਨਿੰਗ ਚੱਲ ਰਹੀ ਹੈ।

ਆਪਣੇ ਟਵੀਟ ਵਿੱਚ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦਾਅਵਾ ਕੀਤਾ ਹੈ ਕਿ ਜਲੰਧਰ ਲਾਗੇ ਪੈਂਦੇ ਕਸਬਾ ਫਿਲੌਰ ਵਿਚੋਂ ਲੰਘਦੇ ਸਤਲੁਜ ਦਰਿਆ ‘ਤੇ ਰੇਲਵੇ ਪੁਲ ਦੇ ਬਿਲਕੁਲ ਹੇਠਾਂ ਸ਼ਰੇਆਮ ਨਾਜਾਇਜ਼ ਮਾਈਨਿੰਗ ਹੋ ਰਹੀ ਹੈ,ਜਿਸ ਕਾਰਨ  ਪੁਲ ਨੂੰ ਖ਼ਤਰਾ ਪੈਦਾ ਹੋ ਗਿਆ ਹੈ । ਖਹਿਰਾ ਨੇ ਉਮੀਦ ਜਤਾਈ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਲੋਕਾਂ ਦੀ ਜ਼ਿੰਦਗੀ ਦੇ ਹਿੱਤ ‘ਚ ਤੇਜ਼ੀ ਨਾਲ ਕੰਮ ਕਰਨਗੇ ਅਤੇ ਰੇਤ ਮਾਫੀਆ ਦਾ ਖਾਤਮਾ ਕਰਨਗੇ।ਆਪਣੇ ਇਸ ਦਾਅਵੇ ਨੂੰ ਪੁਖਤਾ ਕਰਨ ਦੇ ਲਈ ਖਹਿਰਾ ਨੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ,ਜਿਸ ਵਿੱਚ ਇੱਕ ਪੁੱਲ ਹੇਠਾਂ ਹੋ ਰਹੀ ਮਾਈਨਿੰਗ ਨੂੰ ਸਾਫ ਦੇਖਇਆ ਜਾ ਸਕਦਾ ਹੈ।

ਇਸੇ ਵੀਡੀਓ ਨੂੰ ਸਾਂਝੇ ਕਰਦੇ ਹੋਏ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਸ ਨੂੰ ਹੈਰਾਨ ਕਰਨ ਵਾਲਾ ਦੱਸਿਆ ਹੈ ਅਤੇ ਮਾਨ ਸਰਕਾਰ ਤੇ ਵਰਦੇ ਹੋਏ ਕਿਹਾ ਹੈ ਕਿ ਪੰਜਾਬ ਵਿੱਚ ਗੈਰ-ਕਾਨੂੰਨੀ ਮਾਈਨਿੰਗ ਨੂੰ ਲੈ ਕੇ ‘ਆਪ’ ਦੇ ਝੂਠੇ ਦਾਅਵਿਆਂ ਦਾ ਪਰਦਾਫਾਸ਼ ਹੋ ਗਿਆ ਹੈ। ਇਹ ਵੀਡੀਓ ਜਲੰਧਰ ਲੋਕ ਸਭਾ ਅਧੀਨ ਪੈਂਦੇ ਫਿਲੌਰ ਹਲਕੇ ਦੀ ਹੈ। ਇੱਕ ਮਨੁੱਖ ਦੁਆਰਾ ਬਣਾਈ ਤਬਾਹੀ ਹੈ,ਜੋ ਵਾਪਰਨ ਦੀ ਉਡੀਕ ਕਰ ਰਿਹਾ ਹੈ। ਬਾਜਵਾ ਨੇ ਇਹ ਸ਼ੰਕਾ ਵੀ ਜ਼ਾਹਿਰ ਕੀਤਾ ਹੈ ਕਿ ਜੇਕਰ ਇਹ ਪੁਲ ਡਿੱਗ ਗਿਆ ਤਾਂ ਸੈਂਕੜੇ ਜਾਨਾਂ ਚਲੀਆਂ ਜਾਣਗੀਆਂ।

ਜਿਵੇਂ ਕਿ ਇਹਨਾਂ ਦੋਹਾਂ ਨੇਤਾਵਾਂ ਵੱਲੋਂ ਸਾਂਝੀ ਕੀਤੀ ਵੀਡੀਓ ਵਿੱਚ ਦਿੱਖ ਰਿਹਾ ਹੈ ਕਿ ਕਿਵੇਂ ਇੱਕ ਪੁੱਲ ਦੇ ਹੇਠਾਂ ਧੱੜਲੇ ਨਾਲ ਮਾਈਨਿੰਗ ਚੱਲ ਰਹੀ ਹੈ,ਜੇਕਰ ਇਹ ਤੱਥ ਸਹੀ ਹਨ ਤਾਂ ਵਾਕਈ ਇਹ ਇੱਕ ਬਹੁਤ ਗੰਭੀਰ ਮਾਮਲਾ ਹੈ ਤੇ ਇਸ ਵੱਲ ਧਿਆਨ ਦੇਣਾ ਬਣਦਾ ਹੈ ।