Punjab

ਸਰਕਾਰ ਕਹਿੰਦੀ ਸੀ ਅਨਮੋਲ ਬਿਸ਼ਨੋਈ ਨੂੰ ਅਜ਼ਰਬੈਜਾਨ ‘ਚ ਫੜਿਆ ! ਕਰਨ ਔਜਲਾ ਤੇ ਸ਼ੈਰੀ ਮਾਨ ਦੇ ਸ਼ੋਅ ‘ਚ ਕਿਵੇਂ ਪਹੁੰਚਿਆ ?

ਬਿਊਰੋ ਰਿਪੋਰਟ : ਅਮਰੀਕਾ ਦੇ ਕੈਲੀਫੋਨੀਆ ਸ਼ਹਿਰ ਵਿੱਚ ਕਰਨ ਔਜਲਾ ਅਤੇ ਸ਼ੈਰੀ ਮਾਨ ਦੇ ਪ੍ਰੋਗਰਾਮ ਵਿੱਚ ਸਿੱਧੂ ਮੂਸੇਵਾਲਾ ਦੇ ਕਾਤਲ ਗੈਂਗਸਟਰ ਅਨਮੋਲ ਬਿਸ਼ਨੋਈ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੱਡੇ ਸਵਾਲ ਖੜੇ ਕੀਤੇ ਹਨ । ਉਨ੍ਹਾਂ ਕਿਹਾ ਪਿਛਲੇ ਸਾਲ ਸਤੰਬਰ ਮਹੀਨੇ ਵਿੱਚ ਕਿਹਾ ਗਿਆ ਸੀ ਅਨਮੋਲ ਬਿਸ਼ਨੋਈ ਨੂੰ ਅਜ਼ਰਬੈਜਾਨ ਵਿੱਚ ਡਿਟੇਨ ਕੀਤਾ ਹੈ,ਵਿਦੇਸ਼ ਮੰਤਰਾਲੇ ਨੇ ਇਸ ਦੀ ਪੁਸ਼ਟੀ ਵੀ ਕੀਤੀ ਸੀ ਅਤੇ ਜਲਦ ਭਾਰਤ ਲਿਆਉਣ ਦਾ ਦਾਅਵਾ ਕੀਤਾ ਸੀ। ਪਰ ਉਹ ਕਿਵੇਂ ਡਿਟੈਨਸ਼ਨ ਤੋਂ ਨਿਕਲ ਕੇ ਫਰਜ਼ੀ ਪਾਸਪੋਰਟ ਨਾਲ ਅਮਰੀਕਾ ਪਹੁੰਚ ਗਿਆ ? ਪਿਤਾ ਬਲਕੌਰ ਸਿੰਘ ਨੇ ਇਲਜ਼ਾਮ ਲਗਾਇਆ ਕਿ ਸਰਕਾਰ ਦੀ ਮਦਦ ਤੋਂ ਬਿਨਾਂ ਇਹ ਨਹੀਂ ਹੋ ਸਕਦਾ ਹੈ । ਉਨ੍ਹਾਂ ਕਿਹਾ ਮੈਨੂੰ ਸਾਰੇ ਮਿਲੇ ਹੋਏ ਲੱਗ ਦੇ ਹਨ । ਪਿਤਾ ਨੇ ਇਲਜ਼ਾਮ ਲਗਾਇਆ ਕਿ ਹੁਣ ਤੱਕ ਸਰਕਾਰ ਨੇ ਇਹ ਵੀ ਸਾਫ ਨਹੀਂ ਕੀਤਾ ਕਿ ਉਨ੍ਹਾਂ ਦੀ ਜੇਲ੍ਹ ਤੋਂ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਕਿਵੇਂ ਹੋ ਗਿਆ ਤਾਂ ਉਸ ਸਰਕਾਰ ਤੋਂ ਕੀ ਉਮੀਦ ਕਰ ਸਕਦੇ ਹਨ । ਬਲਕੌਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਜਿਹੜੇ ਲੀਡਰ ਸਰਕਾਰਾਂ ਗੈਂਗਸਟਰਾਂ ਨਾਲ ਮਿਲੇ ਹੋਏ ਹਨ ਉਨ੍ਹਾਂ ਨੂੰ ਮੂੰਹ ਨਾ ਲਾਇਆ ਜਾਵੇਂ। ਸਿੱਧੂ ਮੂਸੇਵਾਲਾ ਦੇ ਪਿਤਾ ਕਰਨ ਔਜਲਾ ਦੇ ਬਿਆਨ ਤੋਂ ਵੀ ਸਹਿਮਤ ਨਜ਼ਰ ਨਹੀਂ ਜਿਸ ਵਿੱਚ ਔਜਲਾ ਨੇ ਕਿਹਾ ਸੀ ਕਿ ਅਨਮੋਲ ਬਿਸ਼ਨੋਈ ਬਾਰੇ ਕੋਈ ਜਾਣਕਾਰੀ ਨਹੀਂ ਸੀ।

 

ਬਲਕੌਰ ਸਿੰਘ ਨੇ ਕਰਨ ਔਜਲਾ ਦੇ ਦਾਅਵੇ ‘ਤੇ ਚੁੱਕੇ ਸਵਾਲ

ਆਪਣੇ ਨਾਲ ਫਰਾਰ ਗੈਂਗਸਟਰ ਅਨਮੋਲ ਬਿਸ਼ਨੋਈ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਸ਼ੈਰੀ ਮਾਨ ਦਾ ਕੋਈ ਬਿਆਨ ਨਹੀਂ ਆਇਆ ਪਰ ਕਰਨ ਔਜਲਾ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਜਦੋਂ ਉਹ ਪਰਫਾਰਮ ਕਰਦੇ ਹਨ ਤਾਂ ਉਨ੍ਹਾਂ ਨਹੀਂ ਪਤਾ ਹੁੰਦਾ ਹੈ ਕਿ ਸਾਹਮਣੇ ਕੌਣ ਖੜਾ ਹੈ ? ਉਨ੍ਹਾਂ ਦਾ ਧਿਆਨ ਸਿਰਫ ਪਰਫਾਰਮੈਂਸ ਵੱਲ ਹੁੰਦਾ ਹੈ,ਜਿਹੜਾ ਸ਼ੋਅ ਦਾ ਪ੍ਰਬੰਧ ਕਰਦਾ ਹੈ ਉਸ ਨੂੰ ਹੀ ਮਹਿਮਾਨਾਂ ਬਾਰੇ ਜਾਣਕਾਰੀ ਹੁੰਦੀ ਹੈ,ਮੈਨੂੰ ਜਦੋਂ ਮੈਸੇਜ ਆਏ ਤਾਂ ਮੈਂ ਹੁਣ ਇਸ ਦਾ ਜਵਾਬ ਦੇ ਰਿਹਾ ਹਾਂ,ਇਸ ਤੋਂ ਪਹਿਲਾਂ ਮੈਨੂੰ ਅਨਮੋਲ ਬਿਸ਼ਨੋਈ ਬਾਰੇ ਕੁਝ ਵੀ ਨਹੀਂ ਪਤਾ ਸੀ। ਮੈਂ ਕਦੇ ਵੀ ਅਜਿਹੇ ਲੋਕਾਂ ਦੇ ਨਾਲ ਸਬੰਧ ਨਹੀਂ ਰੱਖ ਦਾ ਹਾਂ। ਪਰ ਸਿੱਧੂ ਮੂ੍ਸੇਵਾਲਾ ਦੇ ਪਿਤਾ ਕਰਨ ਔਜਲਾ ਦੇ ਇਸ ਬਿਆਨ ਤੋਂ ਸਹਿਮਤ ਨਜ਼ਰ ਨਹੀਂ ਆ ਰਹੇ ਹਨ । ਉਨ੍ਹਾਂ ਕਿਹਾ ਮੈਂ ਮੰਨ ਦਾ ਹਾਂ ਕਿ ਕਲਾਕਾਰ ਨੂੰ ਇਹ ਨਹੀਂ ਪਤਾ ਹੁੰਦਾ ਹੈ ਕਿ ਉਸ ਦੇ ਸਾਹਮਣੇ ਕੌਣ ਖੜਾ ਹੈ ? ਪਰ ਇਹ ਤਾਂ ਪਤਾ ਹੁੰਦਾ ਹੈ ਕਿ ਪ੍ਰੋਗਰਾਮ ਕਿੱਥੇ ਦੇਣ ਜਾ ਰਿਹਾ ਹੈ ਕਿਸ ਨੇ ਬੁਕਿੰਗ ਕੀਤਾ ਹੈ ? ਉਸ ਦੀ ਰੈਪੂਟੇਸ਼ਨ ਕਿਵੇਂ ਦੀ ਹੈ ? ਇਹ ਸਾਰੇ ਰੱਲੇ ਹੋਏ ਹਨ ।

ਵੀਡੀਓ ਵਿੱਚ ਖੱਬੇ ਪਾਸੇ ਨਜ਼ਰ ਆਇਆ ਅਨਮੋਲ ਬਿਸ਼ਨੋਈ

ਅਮਰੀਕਾ ਦੇ ਬੈਕਰਸਫੀਲਡ ਕੈਲੀਫੋਨੀਆ ਦੇ ਵਾਇਰਲ ਵੀਡੀਓ ਵਿੱਚ ਗਾਇਕ ਕਰਨ ਔਜਲਾ ਗਾਣਾ ਗਾ ਰਿਹਾ ਹੈ ਅਤੇ ਉਸ ਦੇ ਖੱਬੇ ਪਾਸੇ ਇੱਕ ਸ਼ਖਸ ਖੜਾ ਹੈ ਉਹ ਹੀ ਅਨਮੋਲ ਬਿਸ਼ਨੋਈ ਹੈ,ਉਸ ਦੇ ਨਾਲ ਇੱਕ ਟੋਪੀ ਵਾਲ ਸ਼ਖਸ ਵੀ ਖੜਾ ਹੈ। ਕਰਨ ਔਜਲਾ ਦੇ ਦੂਜੇ ਪਾਸੇ ਸ਼ੈਰੀ ਮਾਨ ਖੜਾ ਹੈ । ਸਾਰੇ ਕਰਨ ਔਜਲਾ ਦੇ ਗਾਣੇ ਵਿੱਚ ਨੱਚ ਦੇ ਹੋਏ ਨਜ਼ਰ ਆ ਰਹੇ ਹਨ । ਅਨਮੋਲ ਬਿਸ਼ਨੋਈ ਹੀ ਉਹ ਸ਼ਖ਼ਸ ਹੈ ਜਿਸ ਨੇ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੰਜਾਮ ਦੇਣ ਲਈ ਸਾਰਾ ਪਲਾਨ ਤਿਆਰ ਕੀਤਾ ਸੀ।