India

‘ਦੇਸ਼ ਵਿੱਚ ਲੋਕਤੰਤਰ ਕਾਇਮ ਰਹਿਣ ਲਈ ਪ੍ਰੈਸ ਦੀ ਆਜ਼ਾਦੀ ਜ਼ਰੂਰੀ ਹੈ’- CJI ਚੰਦਰਚੂੜ

CJI Chandrachud, Ramnath Goenka Journalism Awards

ਨਵੀਂ ਦਿੱਲੀ : ਅਸਹਿਮਤੀ ਨੂੰ ਕਦੇ ਵੀ ਨਫ਼ਰਤ ਵਿੱਚ ਨਹੀਂ ਬਦਲਣਾ ਚਾਹੀਦਾ ਅਤੇ ਇਸ ਨਫ਼ਰਤ ਨੂੰ ਹਿੰਸਾ ਦਾ ਰੂਪ ਨਹੀਂ ਲੈਣ ਦੇਣਾ ਚਾਹੀਦਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਦੇਸ਼ ਦੇ ਚੀਫ ਜਸਟਿਸ ਡੀ ਵਾਈ ਚੰਦਰਚੂੜ(CJI Chandrachud) ਨੇ ਵੱਖ ਵੱਖ ਵਿਚਾਰਾਂ ਦਾ ਆਦਰ ਕਰਨ ਦੀ ਮਹੱਤਤਾ ਨੂੰ ਚਿੰਨਿਤ ਕਰਨ ਲਈ ਕੀਤਾ ਹੈ। ਉਹ ਨਵੀਂ ਦਿੱਲੀ ਵਿਖੇ ਪੱਤਰਕਾਰਾਂ ਨੂੰ ਦਿੱਤੇ ਜਾਣ ਵਾਲੇ ਰਾਮਨਾਥ ਗੋਇਨਕਾ ਇਨਾਮ (Ramnath Goenka Journalism Awards) ਵੰਡ ਸਮਾਰੋਹ ਵਿਖੇ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ।

ਚੀਫ਼ ਜਸਟਿਸ ਨੇ ਕਿਹਾ, “ਸਾਡੇ ਦੇਸ਼ ਅਤੇ ਦੁਨੀਆ ਭਰ ਵਿੱਚ ਬਹੁਤ ਸਾਰੇ ਪੱਤਰਕਾਰ ਮੁਸ਼ਕਲ ਅਤੇ ਪ੍ਰਤੀਕੂਲ ਹਾਲਤਾਂ ਵਿੱਚ ਕੰਮ ਕਰਦੇ ਹਨ, ਪਰ ਉਹ ਕਿਸੇ ਵੀ ਮੁਸੀਬਤ ਅਤੇ ਵਿਰੋਧ ਦੇ ਬਾਵਜੂਦ ਅਡੋਲ ਰਹਿੰਦੇ ਹਨ। ਇਹ ਇੱਕ ਅਜਿਹਾ ਗੁਣ ਹੈ ਜਿਸ ਨੂੰ ਗੁਆਉਣਾ ਨਹੀਂ ਚਾਹੀਦਾ।”

ਉਨ੍ਹਾਂ ਕਿਹਾ, “ਨਾਗਰਿਕ ਹੋਣ ਦੇ ਨਾਤੇ, ਇਹ ਸੰਭਵ ਹੈ ਕਿ ਅਸੀਂ ਕਿਸੇ ਪੱਤਰਕਾਰ ਦੇ ਰੁਖ਼ ਜਾਂ ਉਸ ਦੁਆਰਾ ਕੱਢੇ ਗਏ ਸਿੱਟਿਆਂ ਨਾਲ ਸਹਿਮਤ ਨਾ ਹੋਈਏ, ਮੈਂ ਵੀ ਕਈ ਵਾਰ ਸਹਿਮਤ ਨਹੀਂ ਹੁੰਦਾ। ਆਖ਼ਰਕਾਰ, ਸਾਡੇ ਵਿੱਚੋਂ ਕੌਣ ਹੈ, ਜੋ ਸਾਰਿਆਂ ਨਾਲ ਸਹਿਮਤ ਹੋਵੇ? ਪਰ ਇਸ ਅਸਹਿਮਤੀ ਨੂੰ ਨਫ਼ਰਤ ਵਿੱਚ ਨਹੀਂ ਬਦਲਣਾ ਚਾਹੀਦਾ ਅਤੇ ਇਸਨੂੰ ਹਿੰਸਾ ਵਿੱਚ ਤਬਦੀਲ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ ਹੈ।”

ਇੱਕ ਲੋਕਤੰਤਰ ਲਈ ਪ੍ਰੈਸ ਦੀ ਆਜ਼ਾਦੀ ਦੇ ਮਹੱਤਵ ਦਾ ਜ਼ਿਕਰ ਕਰਦੇ ਹੋਏ, CJI ਨੇ ਕਿਹਾ, “ਮੀਡੀਆ ਇੱਕ ਰਾਜ ਦੀ ਧਾਰਨਾ ਵਿੱਚ ਚੌਥਾ ਥੰਮ ਹੈ ਅਤੇ ਇੱਕ ਲੋਕਤੰਤਰ ਦਾ ਇੱਕ ਅਨਿੱਖੜਵਾਂ ਅੰਗ ਹੈ। ਇੱਕ ਸਿਹਤਮੰਦ ਲੋਕਤੰਤਰ ਵਿੱਚ, ਪੱਤਰਕਾਰੀ ਨੂੰ ਹਮੇਸ਼ਾ ਇੱਕ ਸੰਸਥਾ ਦੇ ਰੂਪ ਵਿੱਚ ਅੱਗੇ ਵਧਾਇਆ ਜਾਣਾ ਚਾਹੀਦਾ ਹੈ, ਜੋ ਸੱਤਾ ਨੂੰ ਸਖ਼ਤ ਸਵਾਲ ਕਰ ਸਕੇ। ਜਦੋਂ ਪ੍ਰੈਸ ਨੂੰ ਅਜਿਹਾ ਕਰਨ ਤੋਂ ਰੋਕਿਆ ਜਾਂਦਾ ਹੈ, ਤਾਂ ਕਿਸੇ ਵੀ ਲੋਕਤੰਤਰ ਦੀ ਜੀਵਨਸ਼ੈਲੀ ਨਾਲ ਸਮਝੌਤਾ ਕੀਤਾ ਜਾਂਦਾ ਹੈ। ਜੇਕਰ ਦੇਸ਼ ਨੂੰ ਲੋਕਤੰਤਰ ਬਣੇ ਰਹਿਣਾ ਹੈ ਤਾਂ ਪ੍ਰੈਸ ਨੂੰ ਆਜ਼ਾਦ ਰਹਿਣਾ ਚਾਹੀਦਾ।”

ਉਨ੍ਹਾਂ ਕਿਹਾ, “ਜ਼ਿੰਮੇਵਾਰ ਪੱਤਰਕਾਰੀ ਸੱਚਾਈ ਦੀ ਰੋਸ਼ਨੀ ਹੈ, ਜੋ ਸਾਨੂੰ ਇੱਕ ਬਿਹਤਰ ਕੱਲ ਵੱਲ ਲੈ ਜਾ ਸਕਦੀ ਹੈ। ਇਹ ਉਹ ਇੰਜਣ ਹੈ ਜੋ ਸੱਚ, ਨਿਆਂ ਅਤੇ ਸਮਾਨਤਾ ‘ਤੇ ਅਧਾਰਤ ਲੋਕਤੰਤਰ ਨੂੰ ਅੱਗੇ ਵਧਾਉਂਦਾ ਹੈ। ਡਿਜੀਟਲ ਯੁੱਗ ਵਿੱਚ ਸਾਨੂੰ ਜਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪੱਤਰਕਾਰਾਂ ਲਈ ਆਪਣੀ ਰਿਪੋਰਟਿੰਗ ਵਿੱਚ ਸ਼ੁੱਧਤਾ, ਨਿਰਪੱਖਤਾ ਅਤੇ ਜਵਾਬਦੇਹੀ ਦੇ ਮਿਆਰਾਂ ਨੂੰ ਬਰਕਰਾਰ ਰੱਖਣਾ ਪਹਿਲਾਂ ਨਾਲੋਂ ਜ਼ਿਆਦਾ ਮਹੱਤਵਪੂਰਨ ਹੈ।”

ਉਸ ਨੇ ਕਿਹਾ, “ਬਿਨਾਂ ਸ਼ੱਕ ਹਰ ਕਿਸਮ ਦੇ ਸਮਾਜ ਉਹਨਾਂ ਸਮੱਸਿਆਵਾਂ ਦੇ ਪ੍ਰਤੀ ਨਿਸ਼ਕਿਰਿਆ, ਸੁਸਤ ਅਤੇ ਪ੍ਰਭਾਵਹੀਣ ਹੋ ​​ਜਾਂਦੇ ਹਨ, ਜੋ ਉਨ੍ਹਾਂ ਨੂੰ ਪਰੇਸ਼ਾਨ ਕਰਦੀਆਂ ਹਨ ਅਤੇ ਪੱਤਰਕਾਰੀ (ਇਸ ਦੇ ਸਾਰੇ ਰੂਪਾਂ ਵਿੱਚ) ਸਾਨੂੰ ਇਸ ਸਮੂਹਿਕ ਜੜਤਾ ਜਾਂ ਪੈਸਿਵਿਟੀ ਵਿੱਚੋਂ ਬਾਹਰ ਕੱਢਣ ਵਾਲੇ ਅਹਿਮ ਪਹਿਲੂਆਂ ਵਿੱਚੋਂ ਇੱਕ ਹੈ।”