Punjab

ਇਸਾਈ ਪਾਸਟਰ ਸੁਖਪਾਲ ਰਾਣਾ ਨੇ ਪਹਿਲਾਂ ਵਰਤੀ ਇਤਰਾਜ਼ਯੋਗ ਸ਼ਬਦਾਵਲੀ, ਹੁਣ ਮੰਗੀ ਮਾਫ਼ੀ

ਗੁਰਦਾਸਪੁਰ : ਗੁਰਦਾਸਪੁਰ ਜ਼ਿਲੇ ਵਿੱਚ 4 ਨਵੰਬਰ ਨੂੰ ਇਸਾਈ ਪਾਸਟਰ ਸੁਖਪਾਲ ਰਾਣਾ ਵੱਲੋਂ ਇੱਕ ਪ੍ਰੋਗਰਾਮ ਰੱਖਿਆ ਗਿਆ ਹੈ,ਜਿਸ ਸਬੰਧ ‘ਚ ਆਲ਼ਇਂਸ ਆਫ ਸਿੱਖ ਆਰਗੇਨਾਈਜੇਸ਼ਨਸ ਵੱਲੋਂ ADGP ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੂੰ ਮੰਗ ਪੱਤਰ ਦੇ ਕੇ ਸਖ਼ਤ ਇਤਰਾਜ਼ ਜਤਾਇਆ ਗਿਆ ਸੀ ਕਿਉਂਕਿ ਇਸ ਪ੍ਰੋਗਰਾਮ ਦੇ ਪ੍ਰਚਾਰਕ ਅਖੌਤੀ ਪਾਸਟਰ ਰਾਣਾ ਵੱਲੋਂ ਸ਼ਹਿਰ ‘ਚ ਲਾਏ ਗਏ ਫਲੈਕਸਾਂ ‘ਚ ਕਰੂਸੇਡ ਸ਼ਬਦ ਦੀ ਵਰਤੋਂ ਕੀਤੀ ਗਈ ਹੈ ।

ਕਰੂਸੇਡ ਸ਼ਬਦ ਦਾ ਮਤਲਬ ਧਰਮ ਯੁੱਧ ਹੁੰਦਾ ਹੈ ਤੇ ਇਹ ਦੂਸਰੇ ਧਰਮਾਂ ਖਿਲਾਫ ਹਥਿਆਰਬੰਦ ਲੜ੍ਹਾਈ ਵਰਗਾ ਹੁੰਦਾ ਹੈ। ਉਨਾਂ ਅਜਿਹੇ ਕਿਸੇ ਪ੍ਰਚਾਰ ‘ਤੇ ਕਾਲ ਦਾ ਵਿਰੋਧ ਕਰਨ ਦੀ ਚੇਤਾਵਨੀ ਦਿੰਦਿਆਂ ਕਿਹਾ ਸੀ ਕਿ ਇਸਦੀ ਜਿੰਮੇਵਾਰੀ ਪ੍ਰਸ਼ਾਸ਼ਨ ਦੀ ਹੋਵੇਗੀ।

ਇਸ ਪੱਤਰ ਉੱਤੇ ਗੌਰ ਕਰਦਿਆਂ ADGP ਨੇ ਗੁਰਦਾਸਪੁਰ ਦੇ ਐੱਸਐੱਸਪੀ ਨੂੰ ਇਸ ਪ੍ਰੋਗਰਾਮ ਨੂੰ ਰੋਕਣ ਸਬੰਧੀ ਹਿਦਾਇਤਾਂ ਦਿੱਤੀਆਂ । ਜਿਸਤੋਂ ਬਾਅਦ ਸੁਖਪਾਲ ਰਾਣਾ ਨੇ ਆਪਣੇ ਸਹਾਇਕ ਜੌਨ ਕੋਟਲੀ ਰਾਹੀਂ ਸਿੱਖ ਭਾਈਚਾਰੇ ਤੋਂ ਲਿਖਤੀ ਮੁਆਫੀ ਵੀ ਮੰਗੀ ਹੈ ਤੇ ਸਾਰੇ ਫਲੈਕਸਾਂ ਤੋਂ ਕਰੂਸੇਡ ਸ਼ਬਦ ਹਟਾਉਣ ਦੀ ਵੀ ਪ੍ਰਸ਼ਾਸਨ ਨੂੰ ਲਿਖਤੀ ਜਾਣਕਾਰੀ ਦਿੱਤੀ ਹੈ ।

ਉਸ ਨੇ ਇਹ ਵੀ ਵਾਅਦਾ ਕੀਤਾ ਹੈ ਕਿ ਭੱਵਿਖ ‘ਚ ਕਦੇ ਵੀ ਇਸ ਸ਼ਬਦ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਹਾਲਾਂਕਿ 4 ਤਰੀਕ ਵਾਲੇ ਪ੍ਰੋਗਰਾਮ ਨੂੰ ਰੱਦ ਨਹੀਂ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਇਸਾਈ ਪਾਸਟਰ ਸੁਖਪਾਲ ਰਾਣਾ ਨੇ ਪਹਿਲਾਂ ਲਾਏ ਗਏ ਬੈਨਰਾਂ ਵਿੱਚ ਕਰੂਸੇਡ ਸ਼ਬਦ ਦੀ ਵਰਤੋਂ ਕੀਤੀ ਸੀ ,ਜਿਸ ਦਾ ਸਿੱਖ ਜਥੇਬੰਦੀਆਂ ਵਲੋਂ ਸਖ਼ਤ ਵਿਰੋਧ ਕੀਤਾ  ਗਿਆ ਸੀ ।