India Punjab

ਦਾਸਤਾਨ 84 ‘ਚ ਉਜੜਿਆਂ ਦੀ,ਇਨਸਾਫ਼ ਹਾਲੇ ਤੱਕ ਨਹੀਂ !

ਦਿੱਲੀ :  31 ਅਕਤੂਬਰ 1984 ਦਾ ਰਾਤ ਨੂੰ ਦਿੱਲੀ ਵਿੱਚ ਆਪੋ-ਆਪਣੇ ਘਰੇ ਸੁੱਤੇ ਇੱਕ ਖਾਸ ਧਰਮ ਦੇ ਲੋਕਾਂ ਨੂੰ ਇਹ ਜ਼ਰਾ ਵੀ ਇਲਮ ਨਹੀਂ ਹੋਣਾ ਕਿ ਆਉਣ ਵਾਲੀ ਸਵੇਰ ਤੇ 3 ਦਿਨ ਉਹਨਾਂ ਲਈ ਕਿੰਨੇ ਕਹਿਰ ਭਰੇ ਹੋਣ ਵਾਲੇ ਹਨ। ਇਹਨਾਂ ਤਿੰਨਾਂ ਦਿਨਾਂ ਵਿੱਚ ਕਈ ਘਰਾਂ ‘ਚ ਕੋਈ ਦੀਵੇ ਦੀਵੇ ਜਗਾਉਣ ਵਾਲਾ ਨਹੀਂ ਸੀ ਰਹਿਣਾ ਤੇ ਜਿਹੜੀ ਕੌਮ ਦੇ ਯੋਧਿਆਂ ਨੇ ਚੱੜ ਕੇ ਆਏ ਹਮਲਾਵਰਾਂ ਦਾ ਸਿਰ ਭੰਨ ਕੇ ਹਿੰਦ ਦੀ ਬਹੁ-ਬੇਟੀ ਨੂੰ ਬਚਾਇਆ ,ਉਹਨਾਂ ਦੀਆਂ ਧੀਆਂ ਭੈਣਾਂ ਦੀਆਂ ਇਜ਼ਤਾਂ ਨਾਲ ਉਹੀ ਖਿਲਵਾੜ ਕਰਨਗੇ,ਜਿਹਨਾਂ ਦੀਆਂ ਧੀਆਂ ਭੈਣਾਂ ਦੀਆਂ ਇਜ਼ਤਾਂ ਗਜ਼ਨੀ ਦੇ ਬਾਜ਼ਾਰਾਂ ਵਿੱਚ ਰੁਲਣੋ ਬਚੀਆਂ ਸੀ।

ਦਿੱਲੀ ਦੀ ਵਿਧਵਾ ਕਾਲੋਨੀ,ਜਿਸ ਵਿੱਚ ਰਹਿ ਰਹੀ ਹਰ ਇੱਕ ਔਰਤ ਜਿਉਂਦੀ ਜਾਗਦੀ ਗਵਾਹ ਹੈ,ਉਸ ਕਹਿਰ ਦੀ ਜੋ ਉਹਨਾ ਆਪਣੇ ਉਤੇ ਹੰਢਾਇਆ ਹੈ। ਕਿਸੇ ਦੇ ਪਿਤਾ ਤੇ ਕਿਸੇ ਦਾ ਭਰਾ ਨੂੰ ਜਿਉਂਦੇ ਜੀਅ ਹੀ ਪਹਿਲਾਂ ਇਹਨਾਂ ਦੀ ਅੱਖਾਂ ਸਾਹਮਣੇ ਬੁਰੀ ਤਰਾਂ ਕੁੱਟਿਆ ਗਿਆ ਤੇ ਫਿਰ ਗੱਲ ਵਿੱਚ ਟਾਇਰ ਪਾ ਕੇ ਜਿੰਦਾ ਸਾੜ ਦਿੱਤੀ ਗਿਆ ਹੈ।

ਰੋਂਗਟੇ ਖੜੇ ਹੋ ਰਹੇ ਹਨ ਸੁਣ ਕੇ ਪਰ ਜਿਹਨਾਂ ਆਪਣੇ ਉਤੇ ਇਹ ਸਭ ਹੰਢਾਇਆ ਹੈ,ਉਹ ਜਿੰਦਾ ਨੇ ,ਬਿਆਨ ਕਰਨ ਦੇ ਲਈ ਆਪਣੀ ਬਰਬਾਦੀ ਦੀ ਦਾਸਤਾਨ।

ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਆਪਣੇ ਨਾਗਰਿਕਾਂ ਨਾਲ ਵੋਟਾਂ ਦੀ ਖਾਤਰ ਕੀਤੇ ਇਸ ਘਾਣ ਦੀਆਂ,ਮਿੱਥ ਕੇ ਕੀਤੇ ਗਏ ਇਸ ਕਤਲੇਆਮ ਦੀਆਂ ਇੱਕ ਨਹੀਂ ਕਈ ਗਵਾਹ ਹਨ ।

ਇੱਕ ਰੀਲ ਵਾਂਗੂ ਘੁੰਮ ਜਾਂਦਾ ਹੈ ਸਾਰਾ ਮੰਜਰ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਅਕਤੂਬਰ ਮਹੀਨੇ ਦੇ ਅੰਤ ਵੇਲੇ ਤੇ ਨਵੰਬਰ ਚੜਦਿਆਂ ਹੀ।

ਬੀਬੀ ਨਿਰਮਲ ਕੌਰ,ਉਸ ਵੇਲੇ ਵਾਪਰੇ ਇਸ ਕਤਲਕਾਂਡ ਦੇ ਗਵਾਹ 1984… ਇਹ ਸੁਣਦੇ ਹੀ ਅੱਖਾਂ ਨਮ ਕਰ ਲੈਂਦੇ ਹਨ, ਸੋਚਦੇ ਹਨ ਤੇ ਅਤੇ ਫਿਰ ਦੱਸਦੇ ਹਨ ਕਿ 31 ਨੂੰ ਇੰਦਰਾ ਗਾਂਧੀ ਦੀ ਮੌਤ ਦੀ ਖਬਰ ਆਉਣ ਤੋਂ ਪਹਿਲਾਂ ਸਭ ਕੁਝ ਠੀਕ ਸੀ। ਅਸੀਂ ਹਮੇਸ਼ਾ ਦੀ ਤਰ੍ਹਾਂ ਇਕੱਠੇ ਰੋਟੀ ਖਾਧੀ ਅਤੇ ਗੱਪਾਂ ਮਾਰਦੇ ਰਹੇ।

ਫਿਰ ਮਾਹੌਲ ਬਦਲ ਗਿਆ । ਕਦੇ ਗਲੀਆਂ ਵਿਚ ਅਚਾਨਕ ਰੌਲਾ ਪੈਂਦਾ, ਕਦੇ ਸੰਨਾਟਾ ਛਾ ਜਾਂਦਾ। ਕੋਈ ਜਵਾਲਾਮੁਖੀ ਜ਼ਮੀਨ ਨੂੰ ਫਾੜ ਕੇ ਬਾਹਰ ਲਾਵਾ ਕੱਢ ਸਭ ਕੁੱਝ ਤਬਾਹ ਕਰਨ ਵਾਲਾ ਸੀ। ਸਭ ਕੁਝ ਏਨੇ ਗੁਪਤ ਤਰੀਕੇ ਨਾਲ ਕੀਤਾ ਗਿਆ ਤਾਂ ਜੋ ਮੁੜ ਕੋਈ ਸੰਭਲ ਵੀ ਨਾ ਸਕੇ।

ਬੀਬੀ ਨਿਰਮਲ ਕੌਰ ਅੱਗੇ ਦੱਸਦੇ ਹਨ ਕਿ 1 ਨਵੰਬਰ ਦੀ ਸਵੇਰ ਨੂੰ ਗੁਰਦੁਆਰੇ ‘ਤੇ ਹਮਲਾ ਹੋਇਆ ਸੀ। ਉਥੋਂ ਭੀੜ ਸਾਡੀ ਗਲੀ ਵਿੱਚ ਪਹੁੰਚ ਗਈ। ਅਸੀਂ ਆਪਣਾ ਲੱਕੜ ਦਾ ਦਰਵਾਜ਼ਾ ਕੱਸ ਕੇ ਬੰਦ ਕਰ ਲਿਆ ਸੀ। ਦਰਵਾਜ਼ਾ ਜਿੰਨਾ ਜਿਆਦਾ ਜ਼ੋਰ ਨਾਲ ਖੜਕਦਾ, ਸਾਡਾ ਦਿਲ ਓਨਾ ਹੀ ਜ਼ੋਰ ਨਾਲ ਧੜਕਦਾ।

ਆਖਰਕਾਰ ਦਰਵਾਜਾ ਖੁੱਲ ਗਿਆ ਤੇ ਕਾਤਲਾਂ ਨੇ ਪਿਤਾ ਜੀ ਨੂੰ ਫੜ ਲਿਆ। ਉਹ ਕਦੇ ਹਿੰਦੀ, ਕਦੇ ਪੰਜਾਬੀ ਵਿਚ ਰਹਿਮ ਦੀ ਭੀਖ ਮੰਗ ਰਹੇ ਸਨ, ਪਰ ਕਿਸੇ ਨੇ ਨਹੀਂ ਸੁਣੀ। ਉਨ੍ਹਾਂ ‘ਤੇ ਕੁਝ ਪਾਊਡਰ ਪਾ ਕੇ ਵਾਲਾਂ ਨੂੰ ਅੱਗ ਲਾ ਦਿੱਤੀ ਗਈ। (ਤੁਹਾਨੂੰ ਦੱਸ ਦਈਏ ਕਿ ਇਸੇ ਪਾਊਡਰ ਦਾ ਜ਼ਿਕਰ ਸੀਨੀਅਰ ਵਕੀਲ ਐਚਐਸ ਫੂਲਕਾ ਨੇ ਵੀ ਕੀਤਾ ਸੀ )

ਉਹ ਸਾਡੇ ਸਾਹਮਣੇ ਅੱਗ ਵਿੱਚ ਸੜ ਰਹੇ ਸਨ। ਦਰਦ ਨਾਲ ਚੀਖ ਰਹੇ ਸਨ। ਮੈਂ ਬਚਾਉਣ ਲਈ ਭੱਜੀ, ਪਰ ਭੀੜ ਵਿੱਚੋਂ ਕੁਝ ਹੱਥਾਂ ਨੇ ਮੈਨੂੰ ਖਿੱਚ ਲਿਆ ਅਤੇ ਦੂਰ ਸੁੱਟ ਦਿੱਤਾ। ਹੱਥ ਬਚਾਉਂਦੇ ਹੋਏ ਮੇਰੀ ਕੂਹਣੀ ਸੜ ਗਈ।

50 ਸਾਲ ਤੋਂ ਉਪਰ ਉਮਰ ਦੇ ਨਿਰਮਲ ਕੌਰ ਇਹ ਦੱਸਦੇ ਹੋਏ ਭੁੱਬਾਂ ਮਾਰ ਕੇ ਰੋਣ ਲੱਗ ਪੈਂਦੇ ਹਨ।

ਉਹਨਾਂ ਦੇ ਨੌਜਵਾਨ ਭਰਾ ਦਾ ਕਤਲ ਕਰ ਦਿੱਤਾ,ਤਾਏ-ਚਾਚਿਆਂ ਨੂੰ ਵੀ ਮਾਰ ਦਿੱਤਾ ਗਿਆ। 37 ਸਾਲ ਪਹਿਲਾਂ ਖਤਮ ਹੋ ਗਏ ਪਰਿਵਾਰ ਦੇ ਇਹਨਾਂ ਸਾਰੇ ਉਹਨਾਂ ਰਿਸ਼ਤਿਆਂ ਨੂੰ ਇੱਕ ਇੱਕ ਕਰ ਕੇ ਯਾਦ ਕਰਦਿਆਂ ਉਹ ਦੱਸਦੇ ਹਨ ਕਿ ਸਾਡੇ ਸਰੀਰ ਤਾਂ ਬਚ ਗਏ, ਪਰ ਸਾਡੇ ਦਿਲ ਉਸੇ ਅੱਗ ਵਿਚ ਸੜ ਗਏ। ਉਹ ਸੇਕ ਸਾਡੀਆਂ ਆਂਦਰਾਂ ਤੱਕ ਵੀ ਪਹੁੰਚਿਆ।

ਬੀਬੀ ਨਿਰਮਲ ਕੌਰ ਇਹ ਵੀ ਦੱਸਦੇ ਹਨ ਕਿ 3 ਨਵੰਬਰ ਨੂੰ ਫੌਜ ਅਤੇ ਪੁਲਿਸ ਵਲੋਂ ਟਰੱਕ ਵਿੱਚ ਪਾ ਕੇ ਜਮਨਾ ਵਿੱਚ ਸੁੱਟੇ ਗਏ ਲੋਕਾਂ ਵਿਚੋਂ ਕਈ ਜਿਉਂਦੇ ਸਨ ਤੇ ਪਾਣੀ ਮੰਗ ਰਹੇ ਸਨ ਪਰ ਜਾਲਮਾਂ ਨੂੰ ਕੋਈ ਤਰਸ ਨਹੀਂ ਸੀ ਆਇਆ ਤੇ ਸਾਰਿਆਂ ਨੂੰ ਜਮਨਾ ਵਿੱਚ ਬਹਾ ਦਿੱਤਾ ਗਿਆ ।

ਬੀਬੀ ਨਿਰਮਲ ਕੌਰ ਅੱਗੇ ਦੱਸਦੇ ਹਨ ਕਿ ਘਰਾਂ ਨੂੰ ਤਾਂ ਸਾੜ ਦਿੱਤਾ ਗਿਆ।ਅਸੀਂ ਕਈ ਮਹੀਨੇ ਕੈਂਪਾਂ ਵਿਚ ਰਹੇ,ਜਿਥੇ ਕਦੇ ਕਦੇ ਰੋਟੀ ਪਾਣੀ ਮਿਲਦਾ। ਪਾਉਣ ਲਈ ਕਪੜੇ ਵੀ ਨਹੀਂ ਸਨ। ਇਕੋ ਸਲਵਾਰ-ਸੂਟ ਨਾਲ ਚਾਰ ਮਹੀਨੇ ਵੀ ਕੱਢੇ।

ਇਸ ਦੌਰਾਨ ਕੈਂਪ ਵਿੱਚ ਵਾਪਰੀ ਇੱਕ ਹੋਰ ਘਟਨਾ ਨੂੰ ਵੀ ਉਹ ਬਿਆਨ ਕਰਦੇ ਹਨ ਕਿ ਕਿਵੇਂ ਇੱਕ ਮਾਂ ਨੇ ਆਪਣੇ ਬੱਚੇ ਨੂੰ ਪਿਆਸ ਨਾਲ ਤੜਫਦਿਆਂ ਦੇਖ ਕੇ ਆਪਣਾ ਪਿਸ਼ਾਬ ਪਿਆਇਆ ਸੀ ਤਾਂ ਜੋ ਕੀਤੇ ਉਹ ਮਰ ਨਾ ਜਾਵੇ । ਕਿਉਂਕਿ ਕੈਂਪ ਵਿੱਚ ਪਾਣੀ ਕੀਤੇ ਵੀ ਨਹੀਂ ਸੀ ਮਿਲ ਰਿਹਾ ।

ਆਖਰ ਇਹ ਦੱਸਦਿਆਂ ਉਹਨਾਂ ਦੀਆਂ ਅੱਖਾਂ ਇੱਕ ਵਾਰ ਫਿਰ ਤੋਂ ਨਮ ਹੋ ਜਾਂਦੀਆਂ ਹਨ ਕਿ ਸਾਰਾ ਸਾਲ ਇਸ ਤਰ੍ਹਾਂ ਕੱਟਿਆ ਜਾਂਦਾ ਹੈ, ਪਰ ਅਕਤੂਬਰ ਦਾ ਸਮਾਂ ਆਉਂਦਿਆਂ ਹੀ ਦਿਲ ਬੇਚੈਨ ਹੋਣ ਲੱਗਦਾ ਹੈ। ਮਾਨਸਿਕ ਹਾਲਤ ਇੰਨੀ ਖਰਾਬ ਹੋ ਜਾਂਦੀ ਹੈ ਕਿ ਚੰਗੇ ਭੋਜਨ ਤੋਂ ਵੀ ਮਨੁੱਖੀ ਸਰੀਰ ਦੇ ਸੜਨ ਦੀ ਬਦਬੂ ਆਉਣ ਲੱਹ ਪੈਂਦੀ ਹੈ।

ਇਹ ਸੀ ਦਿੱਲੀ ਦੀ ਵਿਧਵਾ ਕਾਲੋਨੀ ਦੇ ਵਿੱਚ ਰਹਿੰਦੇ ਬੀਬੀ ਨਿਰਮਲ ਕੌਰ ਦੀ ਦਾਸਤਾਨ,ਜਿਨਾਂ ਨੇ ਨਾ ਸਿਰਫ ਇਹ ਕਤਲੇਆਮ ਦੇਖਿਆ ਹੈ,ਸਗੋਂ ਆਪਣੇ ਉਤੇ ਹੰਢਾਇਆ ਵੀ ਹੈ। ਪਰ ਇਹਨਾਂ ਲਈ ਸਮੇਂ ਦੀਆਂ ਸਰਕਾਰਾਂ ਕੋਲ ਕੁੱਝ ਵੀ ਨਹੀਂ ਹੈ,ਸ਼ਾਇਦ ਇਨਸਾਫ਼ ਵੀ ਨਹੀਂ।