Punjab

ਕਿੰਝ ਰਚੀ ਗਈ ਸੀ 84 ਵਾਲੀ ਸਾਜਿਸ਼ ? ਸੀਨੀਅਰ ਵਕੀਲ H.S ਫੂਲਕਾ ਨੇ ਕੀਤੇ ਖੁਲਾਸੇ

ਦਿੱਲੀ : ਲੰਬੇ ਸਮੇਂ ਤੇਂ 84 ਸਿੱਖ ਕਤਲੇਆਮ ਨਾਲ ਜੁੜੇ ਕੇਸਾਂ ਦੀ ਪੈਰਵਾਈ ਕਰ ਰਹੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚ ਐਸ ਫੂਲਕਾ ਨੇ ਵੀ 1984 ਦੀ ਜਾਂਚ ਦੀਆਂ ਫਾਇਲਾਂ ਜਨਤਕ ਕਰਨ ਦੀ ਮੰਗ ਕੀਤੀ ਹੈ ਤਾਂ ਜੋ 84 ਦੇ ਅਸਲ ਦੋਸ਼ੀਆਂ ਦਾ ਚਿਹਰਾ ਸਭ ਦੇ ਸਾਹਮਣੇ ਆਵੇ।

ਇੱਕ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਉਸ ਵੇਲੇ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਅੰਗ ਰਖਿਅਕ ਦੀਆਂ ਤਸਵੀਰਾਂ ਵੀ ਸਾਰਿਆਂ ਸਾਹਮਣੇ ਪੇਸ਼ ਕੀਤੀਆਂ ਹਨ ਤੇ ਕਿਹਾ ਹੈ ਕਿ ਮ੍ਰਿਤਕ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਕੋਲ ਏਮਜ਼ ਪਹੁੰਚੇ ਉਸ ਵੇਲੇ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਅੰਗ ਰਖਿਅਕ ‘ਤੇ ਸਭ ਤੋਂ ਪਹਿਲਾਂ ਹਮਲਾ ਹੋਇਆ ਸੀ,ਜਿਸ ਰਾਹੀਂ ਇਹ ਸੰਦੇਸ਼ ਦਿੱਤਾ ਗਿਆ ਸੀ ਕਿ ਕਿਸੇ ਵੀ ਸਿੱਖ ਨੂੰ ਛੱਡਿਆ ਨਾ ਜਾਵੇ।

ਵੱਡੀ ਤ੍ਰਾਸਦੀ ਹੈ ਕਿ ਇਸ ਦੀ ਕੋਈ ਵੀ ਐਫਆਈ ਆਰ ਦਰਜ ਨਹੀਂ ਕੀਤੀ ਗਈ। ਉਸ ਵੇਲੇ ਉਥੇ ਮੌਜੂਦ ਪੁਲਿਸ ਵੀ ਸਿਰਫ ਤਮਾਸ਼ਾ ਦੇਖ ਰਹੀ ਸੀ। ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਪਰੰਪਰਾ ਨੂੰ ਛਿਕੇ ਟੰਗ ਕੇ ਦੇਸ਼ ਦੇ ਰਾਸ਼ਟਰਪਤੀ ਨੂੰ ਵੀ ਡਰਾਇਆ ਗਿਆ।

ਫੂਲਕਾ ਨੇ ਕਿਹਾ ਕਿ ਇਸ ਮਗਰੋਂ ਸ਼ਾਮ ਤੱਕ ਕੋਈ ਵੀ ਖਾਸ ਹਲਚਲ ਨਹੀਂ ਸੀ ਪਰ ਰਾਤ ਨੂੰ ਸਾਰੀ ਯੋਜਨਾ ਬਣਾਈ ਗਈ ਤੇ ਸਿੱਖਾਂ ਦੇ ਘਰਾਂ ਦੀਆਂ ਤਿਆਰ ਸੂਚੀਆਂ ਵੰਡੀਆਂ ਗਈਆਂ। ਇਹਨਾਂ ਸੂਚੀਆਂ ਨੂੰ ਬਣਾਉਣਾ ਇੱਕ ਦੋ ਦਿਨ ਦਾ ਕੰਮ ਨਹੀਂ ਸੀ,ਇਹ ਪਹਿਲਾਂ ਤੋਂ ਹੀ ਤਿਆਰ ਕੀਤੀਆਂ ਗਈਆਂ ਸਨ।

ਐਚਐਸ ਫੂਲਕਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਸਿੱਖਾਂ ਦੇ ਘਰ ਜਲਾਉਣ ਵਾਲੀ ਭੀੜ ਇੱਕ ਖਾਸ ਤਰਾਂ ਦਾ ਪਾਊਡਰ ਵਰਤ ਰਹੀ ਸੀ,ਜੋ ਕਿ ਤੁਰੰਤ ਅੱਗ ਫੜ ਰਿਹਾ ਸੀ। ਇਸ ਦਾ ਇੰਤਜ਼ਾਮ ਵੀ ਪਹਿਲਾਂ ਤੋਂ ਹੀ ਕਰ ਕੇ ਰੱਖਿਆ ਗਿਆ ਸੀ ਤੇ ਇਸ ਨੂੰ ਵਰਤਣ ਲਈ ਵੀ ਖਾਸ ਤਰਾਂ ਦੀ ਟਰੇਨਿੰਗ ਦਿੱਤੀ ਗਈ ਸੀ।

ਫੂਲਕਾ ਨੇ ਇਸ ਪ੍ਰੈਸ ਕਾਨਫਰੰਸ ਵਿੱਚ ਇਹ ਵੀ ਗੱਲ ਰੱਖੀ ਕਿ ਹਮਲਾ ਕਰਨ ਵਾਲੀ ਭੀੜ ਨੇ ਕਿਸੇ ਵੀ ਮੁਹੱਲੇ ਵਿੱਚ ਵੜਦਿਆਂ ਹੀ ਸਭ ਤੋਂ ਪਹਿਲਾਂ ਗੁਰੂਘਰਾਂ ਤੇ ਹਮਲਾ ਕੀਤਾ ਗਿਆ ਤਾਂ ਜੋ ਸਿੱਖ ਕਿਤੇ ਇਕੱਠੇ ਨਾ ਹੋ ਜਾਣ।

ਇਸ ਤੋਂ ਇਲਾਵਾ ਦਿੱਲੀ ਦੇ ਹਰ ਥਾਣੇ ਵਿੱਚ ਦਰਜ ਕੀਤੀ ਗਈ ਐਫਆਈਆਰ ਦੀ ਬਣਤਰ ਇਕੋ ਜਿਹੀ ਸੀ ,ਜੋ ਕਿ ਇਸ ਯੋਜਨਾ ਦੇ ਤਹਿਤ ਜਾਣ ਬੁੱਝ ਕੇ ਕੀਤਾ ਗਿਆ ਸੀ ਕਿ ਹਮਲਾ ਕਰਨ ਵਾਲਿਆਂ ਨੂੰ ਬਚਾਇਆ ਜਾ ਸਕੇ,ਕੋਈ ਅੜਚਨ ਨਾ ਆਵੇ।

ਇਸ ਤੋਂ ਇਲਾਵਾ ਸੀਨੀਅਰ ਵਕੀਲ ਐਚ.ਐਸ.ਫੂਲਕਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ 1984 ਦੇ ਸਿੱਖ ਕਤਲੇਆਮ ਦੇ ਪਿੱਛੇ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ‘ਟਰੁਥ ਕਮਿਸ਼ਨ’ ਦੇ ਗਠਨ ਦੀ ਮੰਗ ਕੀਤੀ ਹੈ। ਪੱਤਰ ਵਿੱਚ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਲਈ ਹੱਕੀ ਲੜਾਈ ਲੜ ਰਹੇ ਸੀਨੀਅਰ ਵਕੀਲ ਐਚ.ਐਸ. ਸਿੱਖ ਦੰਗਿਆਂ ਨੇ ਸਾਬਕਾ ਪ੍ਰਧਾਨ ਮੰਤਰੀਆਂ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਤੋਂ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਵਾਪਸ ਲੈਣ ਦੀ ਵੀ ਮੰਗ ਕੀਤੀ ਹੈ।