Punjab

ਮੁੱਖ ਮੰਤਰੀ ਮਾਨ ਪਹੁੰਚੇ ਪਠਾਨਕੋਟ,ਝੋਨਾ ਚੁੱਕਣ ਦੇ ਪੁਖ਼ਤਾ ਪ੍ਰਬੰਧਾਂ ਦਾ ਲਿਆ ਜਾਇਜ਼ਾ

Chief Minister Mann reached Pathankot, took stock of the arrangements for raising paddy

ਪਠਾਨਕੋਟ : ਮੰਡੀਆਂ ਵਿੱਚ ਝੋਨਾ ਚੁੱਕਣ ਦੇ ਪੁਖ਼ਤਾ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਠਾਨਕੋਟ ਦੌਰੇ ‘ਤੇ ਸਨ। ਇਸ ਦੌਰਾਨ ਉਹਨਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਇਸ ਇਲਾਕੇ ਵਿੱਚ ਮੰਡੀਆਂ ਦੇ ਪ੍ਰਬੰਧਾਂ ਲਈ ਤੇ ਹਰ ਰੋਜ਼ ਖਰੀਦੇ ਜਾ ਰਹੇ ਝੋਨੇ ਦੀ ਖਰੀਦ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ ਤੇ ਹਰ ਰੋਜ ਇਸ ਸਬੰਧੀ ਡਾਟੇ ਦਾ ਨਿਰੀਖਣ ਕੀਤਾ ਜਾ ਰਿਹਾ ਹੈ।

ਮਾਨ ਨੇ ਇਹ ਵੀ ਦੱਸਿਆ ਹੈ ਕਿ 20 ਅਕਤੂਬਰ ਤੱਕ ਪੂਰੇ ਪੰਜਾਬ ਵਿੱਚ 112 ਲੱਖ,46 ਹਜ਼ਾਰ 266 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ । ਜਿਸ ਵਿੱਚੋਂ 110 ਲੱਖ,13 ਹਜ਼ਾਰ 613 ਮੀਟ੍ਰਿਕ ਟਨ ਝੋਨੇ ਦੀ ਖਰੀਦ ਹੋ ਗਈ ਹੈ ਤੇ 88 ਲੱਖ,46 ਹਜ਼ਾਰ 615 ਟਨ ਝੋਨੇ ਦੀ ਚੁਕਾਈ ਹੋ ਗਈ ਹੈ । ਕਿਸਾਨਾਂ ਨੂੰ 18 ਹਜ਼ਾਰ 660 ਕਰੋੜ ਦੀ ਅਦਾਇਗੀ ਹੋ ਚੁੱਕੀ ਹੈ ।

ਇਸ ਸਬੰਧ ਵਿੱਚ ਮਾਨ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਪੂਰੇ ਪੰਜਾਬ ਵਿੱਚ ਕੋਈ ਵੀ ਸ਼ਿਕਾਇਤ ਕਿਸਾਨਾਂ ਨੂੰ ਪੇਸ਼ ਨਹੀਂ ਆਈ ਹੈ। ਸਰਕਾਰ ਦੀ ਸਖ਼ਤੀ ਦੇ ਕਾਰਨ ਇਸ ਵਾਰ ਸੂਬੇ ਵਿੱਚ ਬਾਹਰ ਤੋਂ ਝੋਨਾ ਲਿਆ ਕੇ ਵੇਚਣ ਦੇ ਰੁਝਾਨ ਨੂੰ ਵੀ ਠੰਢ ਪਈ ਹੈ। ਇਸ ਤੋਂ ਇਲਾਵਾ ਸ਼ੈਲਰਾਂ ਵਿੱਚ ਜਾਣ ਵਾਲੇ ਟਰੱਕਾਂ ਦੇ ਪਾਸ ਡਿਜ਼ੀਟਲ ਕਰ ਦਿੱਤੇ ਗਏ ਹਨ।ਸ਼ੈਲਰਾਂ ਵਿੱਚ ਹੋਣ ਵਾਲੀ ਹੇਰਾਫੇਰੀ ਨੂੰ ਵੀ ਬੜੇ ਤਰੀਕੇ ਨਾਲ ਕਾਬੂ ਕੀਤਾ ਗਿਆ ਹੈ,ਜਿਸ ਨੂੰ ਕੇਂਦਰ ਸਰਕਾਰ ਨੇ ਵੀ ਸਰਾਹਿਆ ਹੈ। ਸੀਜ਼ਨ ਦੇ ਦੌਰਾਨ ਸ਼ੈਲਰ ਵਿੱਚ ਢੋਆ-ਢੁਆਈ ਲਈ ਆਉਣ ਵਾਲੇ ਵਾਹਨਾਂ ਵਿੱਚ ਟਰੈਕਟਰ ਟਰਾਲੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ ।

ਮਾਨ ਨੇ ਝੋਨੇ ਦੀ ਬਿਜਾਈ ਵੇਲੇ ਪੰਜਾਬ ਦੇ ਖੇਤਰਾਂ ਦੀ ਕੀਤੀ ਗਈ ਵੰਡ ਨੂੰ ਵੀ ਸਰਾਹਿਆ ਹੈ ਤੇ ਕਿਹਾ ਹੈ ਇਸ ਸਿਸਟਮ ਨਾਲ ਇਸ ਵਾਰ ਬਿਜਲੀ ਪਾਣੀ ਦੀ ਕੋਈ ਵੀ ਸਮੱਸਿਆ ਨਹੀਂ ਆਈ ਹੈ ।ਇਸ ਤੋਂ ਇਲਾਵਾ ਹਲਕਾ ਵਿਧਾਇਕਾਂ ਨੂੰ ਵੀ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਦਾ ਕੰਮ ਸੌਂਪਿਆ ਗਿਆ ਸੀ।

ਪਠਾਨਕੋਟ ਹਲਕੇ ਵਿੱਚ ਫਸਲਾਂ ‘ਤੇ ਹੋਏ ਚਾਇਨੀਜ਼ ਵਾਇਰਸ ਦੀ ਗੱਲ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਹੈ ਕਿ ਇਸ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮਾਲਵਾ ਪੱਟੀ ਦਾ ਵੀ ਉਹਨਾਂ ਜ਼ਿਕਰ ਕੀਤਾ ਹੈ ਕਿ ਇਸ ਵਾਰ ਉਧਰ ਵੀ ਝੋਨੇ ਦਾ ਝਾੜ ਪ੍ਰਤੀ ਏਕੜ ਬਹੁਤ ਵਧੀਆ ਰਿਹਾ ਹੈ ਤੇ ਆਉਣ ਵਾਲੇ ਇੱਕ ਹਫਤੇ ਦੇ ਅੰਦਰ ਹੀ ਝੋਨੇ ਦੀ ਚੁਕਾਈ ਦਾ ਕੰਮ ਨਬੇੜ ਲਿਆ ਜਾਵੇਗਾ ਤੇ ਫਿਰ ਕਣਕ ਤੇ ਹੋਰ ਫਸਲਾਂ ਦੀ ਬਿਜਾਈ ਵੱਲ ਵੀ ਧਿਆਨ ਦਿੱਤਾ ਜਾਵੇਗਾ।

ਸਿੱਧੂ ਮੂਸੇ ਵਾਲਾ  ਦੇ ਪਿਤਾ ਬਾਰੇ ਪੁੱਛੇ ਗਏ  ਸਵਾਲ ਦੇ ਜੁਆਬ ਵਿੱਚ ਮਾਨ ਨੇ ਕਿਹਾ ਹੈ ਕਿ ਇਹ ਬਹੁਤ ਹੀ ਸੰਗੀਨ ਮਾਮਲਾ ਹੈ । ਇਸ ਮਾਮਲੇ ਨਾਲ ਸਬੰਧਤ ਸਾਰੇ ਮੁਲਜ਼ਮ ਫੜ ਲਏ ਗਏ ਹਨ,ਉਹਨਾਂ ਦਾ ਅਦਾਲਤ ਵਿੱਚ ਚਲਾਨ ਪੇਸ਼ ਕਰ ਦਿੱਤਾ ਗਿਆ ਹੈ। ਵਿਦੇਸ਼ਾਂ ਵਿੱਚ ਬੈਠੇ ਮੁਲਜ਼ਮਾਂ ਨੂੰ ਭਾਰਤ ਲਿਆਉਣ ਲਈ ਕਾਰਵਾਈ ਚੱਲ ਰਹੀ ਹੈ।ਉਹਨਾਂ ਇਨਸਾਫ਼ ਵਿੱਚ ਦੇਰੀ ਹੋਣ ਦੀ ਗੱਲ ਤੋਂ ਵੀ ਇਨਕਾਰ ਕੀਤਾ ਹੈ ਤੇ ਕਿਹਾ ਹੈ ਕਿ ਕਿਸੇ ਵੀ ਸਬੂਤ ਦੇ ਸਾਹਮਣੇ ਆਉਣ ਦੀ ਸੂਰਤ ਵਿੱਚ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ ਤੇ ਜਲਦ ਹੀ ਇਹ ਮਾਮਲਾ ਵੀ ਹਲ ਕਰ ਲਿਆ ਜਾਵੇਗਾ।

 

ਪਠਾਨਕੋਟ ਦੀ ਕਰਸ਼ਰ ਇੰਡਸਟਰੀ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜੁਆਬ ਵਿੱਚ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਪਹਿਲੀ ਵਾਰ ਰੇਤ ਤੇ ਕਰਸ਼ਰ ਲਈ ਅਲੱਗ ਅਲੱਗ ਨੀਤੀਆਂ ਬਣਾਈਆਂ ਗਈਆਂ ਹਨ। ਕਰਸ਼ਰ ਵਾਲਿਆਂ ਦੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਲੈ ਕੇ ਇਹ ਨੀਤੀ ਬਣਾਈ ਗਈ ਹੈ।

 

ਗੁਰਬਾਣੀ ਦੇ ਮੁਫਤ ਪ੍ਰਸਾਰਣ ਬਾਰੇ ਮਾਨ ਨੇ ਸ਼੍ਰੋਮਣੀ ਕਮੇਟੀ ਨੂੰ ਚਿੱਠੀ ਲਿੱਖਣ ਵਾਲੀ ਗੱਲ ਨੂੰ ਦੋਹਰਾਇਆ ਹੈ ਤੇ ਕਿਹਾ ਹੈ ਕਿ ਇਸ ਸਬੰਧ ਵਿੱਚ ਐਸਜੀਪੀਸੀ ਨੇ ਆਪਣਾ ਚੈਨਲ ਬਣਾਉਣ ਦੀ ਗੱਲ ਕੀਤੀ ਸੀ ਪਰ ਹਾਲੇ ਤੱਕ ਉਹਨਾਂ ਵੱਲੋਂ ਕੋਈ ਵੀ ਜੁਆਬ ਨਹੀਂ ਆਇਆ ਹੈ।

ਖਰਾਬ ਹੋਈ ਝੋਨੇ ਦੀ ਫਸਲ ਬਾਰੇ ਮਾਨ ਨੇ ਕਿਹਾ ਹੈ ਕਿ ਇਸ ਵਾਰ ਗਿਰਦਾਵਰੀ ਕਰਵਾ ਕੇ ਜਲਦੀ ਹੀ ਕਿਸਾਨਾਂ  ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਮਾਨ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਸ ਵਾਰ ਸਰਕਾਰ ਨੇ ਕਿਸੇ ਵੀ ਕਿਸਾਨ ਦਾ ਕੋਈ ਵੀ ਗੰਨੇ ਨਾਲ ਸਬੰਧਤ ਕੋਈ ਵੀ ਬਕਾਇਆ ਨਹੀਂ ਦੇਣਾ ਹੈ।

ਇਸ ਤੋਂ ਇਲਾਵਾ ਕਿਸਾਨਾਂ ਨੂੰ ਬਦਲਵੀਆਂ ਫਸਲਾਂ ਦਾ ਬਾਰੇ ਦੱਸਦਿਆਂ ਮਾਨ ਨੇ ਪਠਾਨਕੋਟ ਦੀ ਲੀਚੀ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਝੋਨੇ ਤੋਂ ਇਲਾਵਾ ਹੋਰ ਫਸਲਾਂ ਸਬੰਧਤ ਨੀਤੀਆਂ ਵੀ ਸਰਕਾਰ ਬਣਾਏਗੀ ਤੇ ਇਹਨਾਂ ਲਈ ਇੱਕ ਅੰਤਰਰਾਸ਼ਟਰੀ ਮਾਰਕੀਟ ਵੀ ਤਿਆਰ ਕਰੇਗੀ।

ਗੁਜਰਾਤ ਚੋਣਾਂ ਵਿੱਚ ਕੀਤੇ ਜਾ ਰਹੇ ਖਰਚਿਆਂ ਬਾਰੇ ਪੁੱਛੇ ਗਏ ਸਵਾਲ ਦਾ ਮਾਨ ਨੇ ਵਿਰੋਧੀ ਧਿਰ ‘ਤੇ ਵਰਦਿਆਂ ਜਵਾਬ ਦਿੰਦੇ ਹੋਏ ਕਿਹਾ ਕਿ ਅੱਜ ਦੀ ਟ੍ਰਿਬਿਊਨ ਵਿੱਚ ਪਹਿਲੇ ਪੰਨੇ ਤੇ ਕਿਸ ਦਾ ਇਸ਼ਤਿਹਾਰ ਹੈ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਖੁੱਦ ਜਿਸ ਵਿੱਚ ਸਫਰ ਕਰ ਰਹੇ ਹਨ,ਉਸ ਦਾ ਵੀ ਹਿਸਾਬ ਲਿਆ ਜਾਣਾ ਚਾਹੀਦਾ ਹੈ। ਕਾਂਗਰਸ ਦਾ ਆਪ ਸਾਰੇ ਭਾਰਤ ਵਿੱਚ ਮਾੜਾ ਹਾਲ ਹੋਇਆ ਪਿਆ ਹੈ । ਜੇਕਰ ਇਸ਼ਤਿਹਾਰਾਂ ਰਾਹੀਂ ਬਾਹਰਲੇ ਲੋਕਾਂ ਨੂੰ ਇਹ ਪਤਾ ਲਗਦਾ ਹੈ ਕਿ ਪੰਜਾਬ ਵਿੱਚ ਕੰਮ ਹੋ ਰਹੇ ਹਨ ਤਾਂ ਹੋਰ ਪਾਸੇ ਵੀ ਹੋ ਸਕਦੇ ਹਨ ,ਇਸ ਵਿੱਚ ਕੀ ਮਾੜਾ ਹੈ ? ਸਾਬਕਾ ਕਾਂਗਰਸੀ ਆਗੂ ਸ਼ਾਮ ਸੁੰਦਰ ਅਰੋੜਾ ਦੇ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਜੇਕਰ ਕੋਈ ਭਾਜਪਾ ਵਿੱਚ ਸ਼ਾਮਲ ਹੋ ਗਿਆ ਹੈ ਤਾਂ ਉਹ ਦੁੱਧ ਧੋਤਾ ਨਹੀਂ ਬਣ ਜਾਂਦਾ ਹੈ । ਅਰੋੜਾ ਦੇ ਘਰੋਂ ਨੋਟ ਗਿਣਨ ਵਾਲੀ ਮਸ਼ੀਨ ਵੀ ਮਿਲੀ ਹੈ,ਕੋਈ ਇਸ ਬਾਰੇ ਵੀ ਪੁੱਛ ਲਉ।