International

ਬ੍ਰਿਟਿਸ਼ ਸਾਂਸਦਾਂ ਨੇ ਵਿਦੇਸ਼ ਸਕੱਤਰ ਨੂੰ ਪੱਤਰ ਲਿਖਕੇ ਖੇਤੀ ਕਾਨੂੰਨਾਂ ‘ਤੇ PM ਨਰਿੰਦਰ ਮੋਦੀ ਦੇ ਨਾਲ ਚਰਚਾ ਕਰਕੇ ਮਸਲੇ ਨੂੰ ਸੁਲਝਾਉਣ ਲਈ ਕੀਤੀ ਅਪੀਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਿਸਾਨੀ ਸੰਘਰਸ਼ ਨੂੰ ਸਮਰਥਨ ਦੇਣ ਤੋਂ ਬਾਅਦ ਹੁਣ ਬ੍ਰਿਟਿਸ਼ ਸਾਂਸਦਾਂ ਨੇ ਵੀ ਕਿਸਾਨੀ ਹੱਕ ‘ਚ ਆਵਾਜ਼ ਬੁਲੰਦ ਕੀਤੀ ਹੈ। 36 ਸਾਂਸਦਾਂ ਨੇ ਵਿਦੇਸ਼ ਸਕੱਤਰ ਡੋਮੀਨਲ ਰੈਬ ਨੂੰ ਪੱਤਰ ਲਿਖਕੇ ਮੰਗ ਕੀਤੀ ਹੈ ਕਿ ਭਾਰਤ ਦੇ ਇਸ ਬਿਲ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਚਰਚਾ ਕੀਤੀ ਜਾਵੇ।

ਬ੍ਰਿਟੇਨ ਵਿੱਚ ਭਾਰਤੀ ਮੂਲ ਦੇ 36 ਸੰਸਦ ਮੈਂਬਰਾਂ ਦਾ ਕਹਿਣਾ ਹੈ ਕਿ ਬ੍ਰਿਟੇਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਇਹ ਮੁੱਦਾ ਚੁੱਕ ਕੇ ਕਿਸਾਨਾਂ ਦੀ ਸਮੱਸਿਆ ਸੁਲਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਪੱਤਰ ਉੱਤੇ ਹਸਤਾਖਰ ਕਰਨ ਵਾਲਿਆਂ ਵਿੱਚ ਲੇਬਰ ਪਾਰਟੀ ਦੇ ਨਾਲ ਹੀ ਕੰਜਰਵੇਟਿਵ ਸੰਸਦ ਵੀ ਸ਼ਾਮਿਲ ਹਨ। ਇਨ੍ਹਾਂ ਦੋਵਾਂ ਦਲਾਂ ਤੋਂ ਇਲਾਵਾ ਸਕਾਟਿਸ਼ ਨੈਸ਼ਨਲ ਪਾਰਟੀ ਦੇ ਨੇਤਾਵਾਂ ਨੇ ਵੀ ਇਸ ਪੱਤਰ ਉੱਤੇ ਹਸਤਾਖਰ ਕੀਤੇ ਹਨ। ਪੱਤਰ ਵਿੱਚ ਵਿਦੇਸ਼ ਸਕੱਤਰ ਨੂੰ ਮੰਗ ਕੀਤੀ ਗਈ ਹੈ ਕਿ ਛੇਤੀ ਹੀ ਇਸ ਸੰਬੰਧੀ ਬੈਠਕ ਸੱਦੀ ਜਾਵੇ।

ਕਈ ਸੂਬਿਆਂ ਤੇ ਕਿਸਾਨੀ ਅੰਦੋਲਨ ਦਾ ਅਸਰ ਪੈਣ ਦੀ ਜਤਾਈ ਸੰਭਾਵਨਾ

ਸਾਂਸਦਾਂ ਵੱਲੋਂ ਲਿਖੀ ਚਿੱਠੀ ਵਿੱਚ ਚਿੰਤਾ ਜ਼ਾਹਰ ਕੀਤੀ ਗਈ ਹੈ ਕਿ ਕਿਸਾਨੀ ਸੰਘਰਸ਼ ਦਾ ਅਸਰ ਕਈ ਸੂਬਿਆਂ ਦੀ ਆਰਥਿਕਤਾ ‘ਤੇ ਪਵੇਗਾ। ਵਿਦੇਸ਼ਾਂ ‘ਚ ਰਹਿੰਦੇ ਭਾਰਤੀ ਭਾਈਚਾਰੇ ਲਈ ਵੀ ਭਾਰਤ ‘ਚ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਲੈ ਕੇ ਖਾਸੀ ਚਿੰਤਾ ਹੈ ਕਿਉਂਕਿ ਉਹ ਪੰਜਾਬ ਅਤੇ ਭਾਰਤ ਨਾਲ ਅੱਜ ਵੀ ਆਪਣੀਆਂ ਜੜਾਂ ਨਾਲ ਜੁੜਾਵ ਮਹਿਸੂਸ ਕਰਦੇ ਹਨ।

ਵਿਦੇਸ਼ਾਂ ‘ਚ ਵਸੇ ਭਾਰਤੀਆਂ ਨੇ ਵੀ ਮੰਗ ਕੀਤੀ ਕਿ ਕਿਸਾਨਾਂ ਦੀਆਂ ਮੰਗਾਂ ਭਾਰਤ ਸਰਕਾਰ ਨੂੰ ਮੰਨ ਲੈਣੀਆਂ ਚਾਹੀਦੀਆਂ ਹਨ ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦਾ ਸਹੀ ਮੁੱਲ ਮਿਲ ਸਕੇ। ਸਾਂਸਦਾਂ ਵੱਲੋਂ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਕੇ ਕਿਸਾਨੀ ਸੰਘਰਸ਼ ਨੂੰ ਭਰਪੂਰ ਸਮਰਥਨ ਦਿੱਤਾ ਜਾ ਰਿਹਾ ਹੈ ਅਤੇ ਭਾਰਤ ਸਰਕਾਰ ਵੱਲੋਂ ਵਰਤੇ ਜਾ ਰਹੇ ਰਵੱਈਏ ‘ਤੇ ਤਿੱਖੀਆਂ ਪ੍ਰਤੀਕ੍ਰਿਆਵਾਂ ਦਿੱਤੀਆਂ ਜਾ ਰਹੀਆਂ ਹਨ।

ਜਸਟਿਨ ਟਰੂਡੋ ਨੇ ਵੀ ਭਾਰਤ ਸਰਕਾਰ ਨੂੰ ਦਿੱਤੀ ਹੈ ਨਸੀਹਤ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਸਾਨੀ ਸੰਘਰਸ਼ ਨੂੰ ਸਮਰਥਨ ਦਿੰਦਿਆਂ ਭਾਰਤ ਸਰਕਾਰ ਨੂੰ ਮਸਲਾ ਜਲਦ ਹੱਲ ਕਰਨ ਦੀ ਨਸੀਹਤ ਦਿੱਤੀ ਸੀ, ਜਿਸ ਤੋਂ ਬਾਅਦ ਭਾਰਤ ਸਰਕਾਰ ਨੇ ਟਰੂਡੋ ਦੀ ਟਿੱਪਣੀ ‘ਤੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕੀਤੀ ਸੀ ਅਤੇ ਕੈਨੇਡਾ ਦੇ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਗਿਆ ਸੀ।

ਭਾਰਤ ਨੇ ਕੈਨੇਡਾ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਨਾਲ ਦੋਵਾਂ ਮੁਲਕਾਂ ਦੇ ਅੰਦਰੂਨੀ ਮਾਮਲਿਆਂ ‘ਤੇ ਮਾੜਾ ਅਸਰ ਪਵੇਗਾ, ਜੋ ਕਿ ਭਾਰਤ ਨੂੰ ਬਿਲਕੁਲ ਵੀ ਮੰਜ਼ੂਰ ਨਹੀਂ ਹੈ। ਇਸ ਦੇ ਬਾਵਜੂਦ ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਮੁੜ ਤੋਂ ਕਿਸਾਨਾਂ ਦੀ ਹਮਾਇਤ ਕਰਨ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰਾਲੇ ਨੇ ਕੋਵਿਡ-19 ਦੀ ਕੈਨੇਡਾ ਵਿੱਚ ਹੋਣ ਵਾਲੀ ਮੀਟਿੰਗ ਦਾ ਬਾਇਕਾਟ ਕਰ ਦਿੱਤਾ ਹੈ।