Punjab

ਹਨੀ,ਮਨੀ,ਚੰਨੀ,ਝਾੜੂ ਦੀ ਪੋਲ ਖੋਲੀ ‘ਸਾਧੂ’ ਨੇ! ‘ਮਾਨ ਸਰਕਾਰ ਨੇ ਕੀਤਾ 300 ਕਰੋੜ ਦਾ ਘੁਟਾਲਾ’!CBI ਕਰੇ ਜਾਂਚ ! ‘AAP’ ਦਾ ਜਵਾਬ ਤਿਆਰ

ਬਿਉਰੋ ਰਿਪੋਰਟ : ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਭਗਵੰਤ ਮਾਨ ਸਰਕਾਰ ‘ਤੇ 10 ਮਹੀਨੇ ਦੇ ਅੰਦਰ ਦਿੱਲੀ ਤੋਂ ਵੀ ਵੱਡੇ ਐਕਸਾਇਜ਼ ਘੁਟਾਲੇ ਦਾ ਇਲਜ਼ਾਮ ਲਗਾਉਂਦੇ ਹੋਏ CBI ਜਾਂ ਫਿਰ ਸਿਟਿੰਗ ਜੱਜ ਤੋਂ ਜਾਂਚ ਦੀ ਮੰਗ ਕੀਤੀ ਹੈ । ਮਜੀਠੀਆ ਨੇ ਖੁਲਾਸਾ ਕੀਤਾ ਕਿ ਮਾਨ ਸਰਕਾਰ ਨੇ ਰਾਕੇਸ਼ ਚੌਧਰੀ ਨਾਂ ਦੇ ਉਸ ਸ਼ਖ਼ਸ ਦੀ ਮਾਈਨਿੰਗ ਕੰਟਰੈਕਟ ਨੂੰ ਰਿਨਿਊ ਕੀਤਾ ਜੋ ਭਗੌੜਾ ਹੈ ਅਤੇ ਜਿਸ ਦੇ ਖਿਲਾਫ FIR ਦਰਜ ਹੈ। ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇੱਕ ਅਫਸਰ ਨੇ ਸਾਧੂ ਦੇ ਭੇਸ ਵਿੱਚ ਮੋਹਾਲੀ ਅਤੇ ਰੋਪੜ ਵਿੱਚ ਰਾਕੇਸ਼ ਚੌਧਰੀ ਵੱਲੋ ਕੀਤੀ ਗਈ ਗੈਰ ਕਾਨੂੰਨੀ ਮਾਇਨਿੰਗ ਦੀ ਰਿਪੋਰਟ ਪੇਸ਼ ਕੀਤੀ ਸੀ ਜਿਸ ਤੋਂ ਬਾਅਦ ਅਦਾਲਤ ਨੇ ਰਾਕੇਸ਼ ਚੌਧਰੀ ਨੂੰ ਫੌਰਨ ਗ੍ਰਿਫਤਾਰ ਕਰਨ ਦੇ ਨਿਰਦੇਸ਼ ਦਿੱਤੇ ਸਨ । ਪਰ ਉਹ ਫਰਾਰ ਹੋ ਗਿਆ । ਸਿਰਫ਼ ਇੰਨ੍ਹਾਂ ਹੀ ਨਹੀਂ ਮਜੀਠੀਆ ਨੇ ਵੀ ਦਾਅਵਾ ਕੀਤਾ ਹੈ ਕਿ ਜਦੋਂ ਮਾਨ ਸਰਕਾਰ ਨੇ ਰਾਕੇਸ਼ ਚੌਧਰੀ ਦਾ ਕੰਟਰੈਕਟ ਰਿਨਿਊ ਕੀਤਾ ਤਾਂ ED ਨੇ ਮਾਨ ਸਰਕਾਰ ਨੂੰ ਚਿੱਠੀ ਲਿਖ ਕੇ ਸਖ਼ਤ ਇਤਰਾਜ਼ ਜਤਾਇਆ ਸੀ ਅਤੇ ਸਵਾਲ ਪੁੱਛੇ ਸਨ । ਮਜੀਠੀਆ ਨੇ ਸਵਾਲ ਪੁੱਛਿਆ ਜਿਹੜਾ ਸ਼ਖ਼ਸ ਭਗੌੜਾ ਹੈ ਉਸ ਦਾ ਕੰਟਰੈਕਟ ਆਖਿਰ ਕਿਵੇਂ ਰਿਨਿਊ ਕੀਤਾ ਗਿਆ ? ਮਜੀਠੀਆ ਨੇ ਇਹ ਵੀ ਸਵਾਲ ਪੁੱਛਿਆ ਕੀ ਆਖਿਰ ਹਰਜੋਤ ਸਿੰਘ ਬੈਂਸ ਤੋਂ ਕਿਉਂ ਮਾਈਨਿੰਗ ਵਿਭਾਗ ਵਾਪਸ ਲਿਆ ਗਿਆ । ਉਧਰ ਮਜੀਠੀਆ ਦੇ ਇੰਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਆਮ ਆਦਮੀ ਪਾਰਟੀ ਵੱਲੋਂ ਵੀ ਦਿੱਤਾ ਗਿਆ ਹੈ ।

CGM ਨੇ ਖੋਲਿਆ ਭੇਦ

ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪਹਿਲਾਂ ਮਾਈਨਿੰਗ ਘੁਟਾਲੇ ਵਿੱਚ ਹਨੀ,ਮਨੀ ਅਤੇ ਚੰਨੀ ਸੀ ਅਤੇ ਹੁਣ ਝਾੜੂ ਵੀ ਸ਼ਾਮਲ ਹੋ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਰਾਕੇਸ਼ ਚੌਧਰੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਜ਼ਦੀਕੀ ਹੈ ਅਤੇ ਹੁਣ ਆਮ ਆਦਮੀ ਪਾਰਟੀ ਦਾ ਵੀ ਨਜ਼ਦੀਕੀ ਹੋ ਗਿਆ ਹੈ । ਮਜੀਠੀਆ ਨੇ ਇਲਜ਼ਾਮ ਲਗਾਇਆ ਕਿ ਮੋਹਾਲੀ ਅਤੇ ਰੋਪੜ ਦੇ ਸਾਰੇ ਕੰਟਰੈਟਰ ਰਾਕੇਸ਼ ਚੌਧਰੀ ਦੇ ਹਵਾਲੇ ਹਨ । ਉਸ ਦੇ ਖਿਲਾਫ਼ ਹਾਈਕੋਰਟ ਵਿੱਚ ਇੱਕ ਪਟੀਸ਼ਨ ਪਈ ਸੀ ਜਿਸ ਤੋਂ ਬਾਅਦ DC ਵੱਲੋਂ ਜਾਂਚ ਕੀਤੀ ਗਈ ਪਰ ਉਸ ਵੇਲੇ ਚੰਨੀ ਦੀ ਸਰਕਾਰ ਨੇ ਉਸ ਨੂੰ ਕਲੀਨ ਚਿੱਟ ਦੇ ਦਿੱਤੀ । ਉਸ ਤੋਂ ਬਾਅਦ CGM ਨੇ ਸਾਧੂ ਦੇ ਭੇਸ ਵਿੱਚ ਮੋਹਾਲੀ ਅਤੇ ਰੋਪੜ ਵਿੱਚ ਜਦੋਂ ਗੈਰ ਕਾਨੂੰਨੀ ਮਾਇਿੰਗ ਦੀ ਜਾਂਚ ਕੀਤੀ ਅਤੇ ਦੱਸਿਆ ਕਿ ਗੁੰਡਾ ਟੈਕਟ ਅਤੇ ਜੰਗਲਾਤ ਜ਼ਮੀਨੇ ‘ਤੇ ਗੈਰ ਕਾਨੂੰਨੀ ਮਾਇੰਗ ਚੱਲ ਰਹੀ ਹੈ ਤਾਂ ਅਦਾਲਤ ਨੇ ਫੌਰਨ ਕੰਟਰੈਕਟ ਰੱਦ ਕਰਨ ਦੇ ਨਿਰਦੇਸ਼ ਦਿੱਤੇ ਅਤੇ ਪ੍ਰਸ਼ਾਸਨ ਨੇ ਰਾਕੇਸ਼ ਚੌਧਰੀ ‘ਤੇ 26 ਕਰੋੜ ਦਾ ਜੁਰਮਾਨਾ ਲਗਾਇਆ ਅਤੇ ਗ੍ਰਿਫਤਾਰੀ ਦਾ ਵਾਰੰਟ ਨਿਕਲਿਆ । ਪਰ ਇਸ ਦੇ ਬਾਵਜੂਦ ਜਦੋਂ ਮਾਨ ਸਰਕਾਰ ਆਈ ਤਾਂ ਰਾਕੇਸ਼ ਚੌਧਰੀ ਦੇ ਕੰਟਰੈਕਟ ਨੂੰ ਰਿਨਿਊ ਕਰ ਦਿੱਤਾ ਗਿਆ। ਇਸ ਦੇ ਬਾਵਜੂਦ ਕਿ ਪ੍ਰਸ਼ਾਸਨ ਨੇ 26 ਕਰੋੜ ਰਿਕਵਰ ਕਰਨੇ ਸਨ । ਮਜੀਠੀਆ ਨੇ ਪੁੱਛਿਆ ਕਿ ਜਿਹੜਾ ਸ਼ਖ਼ਸ ਭਗੌੜਾ ਹੈ ਉਹ ਕਿਵੇਂ ਆਕੇ ਕੰਟਰੈਕਟ ਰਿਨਿਊ ‘ਤੇ ਹਸਤਾਖਰ ਕਰ ਗਿਆ । ਇਹ ਸਰਕਾਰ ਦੇ ਮਿਲੀ ਭੁਗਤ ਤੋਂ ਬਿਨਾਂ ਸੰਭਵ ਨਹੀਂ ਹੈ । ਇਸ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ। ED ਨੇ ਵੀ ਰਾਕੇਸ਼ ਚੌਧਰੀ ਨੂੰ ਦਿੱਤੇ ਗਏ ਕੰਟਰੈਕਟ ਨੂੰ ਲੈਕੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ ।

ਮਜੀਠੀਆ ਨੇ ਕਿਹਾ ਕੇਜਰੀਵਾਲ ਕਹਿੰਦੇ ਸਨ ਕਿ 20 ਹਜ਼ਾਰ ਕਰੋੜ ਉਹ ਮਾਈਨਿੰਗ ਤੋਂ ਲੈਕੇ ਆਉਣਗੇ 10 ਮਹੀਨੇ ਦੇ ਅੰਦਰ ਸਰਕਾਰ ਨਵੀਂ ਮਾਈਨਿੰਗ ਪਾਲਿਸੀ ਨਹੀਂ ਬਣਾ ਸਕੀ ਹੈ । ਉਨ੍ਹਾਂ ਨੇ ਸੀਐੱਮ ਮਾਨ ‘ਤੇ ਤੰਜ ਕੱਸ ਦੇ ਹੋਏ ਕਿਹਾ ਆਖਿਰ ਉਨ੍ਹਾਂ ਨੇ ਕਿਉਂ ਹਰਜੋਤ ਸਿੰਘ ਬੈਂਸ ਤੋਂ ਮਾਈਨਿੰਗ ਵਿਭਾਗ ਵਾਪਸ ਲਿਆ । ਜੇਕਰ ਉਹ ਇੰਨਾਂ ਚੰਗਾ ਕੰਮ ਕਰ ਰਹੇ ਸਨ । ਮਜੀਠੀਆ ਨੇ ਜ਼ੀਰਾ ਫੈਕਟਰੀ ਨੂੰ ਲੈਕੇ ਵੀ ਮਾਨ ਸਰਕਾਰ ‘ਤੇ ਵੱਡਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਦੀਪ ਮਲਹੋਤਰਾ ਨੇ ਕੇਜਰੀਵਾਲ ਸਰਕਾਰ ਨੂੰ 300 ਕਰੋੜ ਰੁਪਏ ਦਿੱਤੇ ਹਨ। ਅਜਿਹੇ ਵਿੱਚ ਮਾਨ ਸਰਕਾਰ ਕਿਵੇਂ ਸ਼ਰਾਬ ਫੈਕਰਟੀ ਨੂੰ ਬੰਦ ਕਰ ਦੇਵੇਗੀ । ਰਾਕੇਸ਼ ਚੌਧਰੀ ਦੇ ਕੰਟਰੈਕਟ ਰਿਨਿਊ ਕਰਨ ਨੂੰ ਲੈਕੇ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਜਵਾਬ ਦਿੱਤਾ ।

ਮਾਲਵਿੰਦਰ ਸਿੰਘ ਕੰਗ ਦਾ ਮਜੀਠੀਆ ਨੂੰ ਜਵਾਬ

ਮਾਲਵਿੰਦਰ ਸਿੰਘ ਕੰਗ ਨੇ ਕਿਹਾ 84 ਮਾਈਨਿੰਗਾਂ ਖਿਲਾਫ਼ ਉਨ੍ਹਾਂ ਦੀ ਸਰਕਾਰ ਨੇ FIR ਦਰਜ ਕੀਤੀ ਹੈ । ਰਾਕੇਸ਼ ਚੌਧਰੀ ਦਾ ਕੰਟਰੈਕਟ ਉਨ੍ਹਾਂ ਦੀ ਸਰਕਾਰ ਨੇ ਰੱਦ ਕਰ ਦਿੱਤਾ ਸੀ । ਪਰ ਹਾਈਕੋਰਟ ਤੋਂ ਰਾਕੇਸ਼ ਚੌਧਰੀ ਨੇ ਸਟੇਅ ਲੈ ਲਿਆ ਸੀ ਇਸ ਲਈ ਮਜ਼ਬੂਰੀ ਵਿੱਚ ਉਨ੍ਹਾਂ ਨੂੰ ਕੰਟਰੈਕਟ ਰਿਨਿਊ ਕਰਨਾ ਪਿਆ । ਕੰਗ ਨੇ ਕਿਹਾ ਰਾਕੇਸ਼ ਚੌਧਰੀ ਨੂੰ ਕੰਟਰੈਕਟ ਅਕਾਲੀ ਦਲ ਅਤੇ ਕਾਂਗਰਸ ਦੀ ਸਰਕਾਰ ਵਿੱਚ ਦਿੱਤਾ ਗਿਆ ਸੀ । ਹੁਣ ਜਦੋਂ ਅਕਾਲੀ ਦਲ ਦੇ ਟੋਲ ਪਲਾਜ਼ਾ ਦੇ ਘੁਟਾਲੇ ਬਾਹਰ ਆ ਰਹੇ ਹਨ ਤਾਂ ਹੁਣ ਉਹ ਜਾਂਚ ਦੇ ਡਰ ਤੋਂ ਬੇਤੁਕੀ ਗੱਲਾਂ ਕਰ ਰਹੇ ਹਨ। ਕੰਗ ਨੇ ਮਜੀਠੀਆ ਨੂੰ ਚੁਣੌਤੀ ਦਿੱਤੀ ਕਿ ਉਹ ਜ਼ੀਰਾ ਜਾਕੇ ਇਹ ਸਾਬਿਤ ਕਰ ਦੇਣ ਕੀ ਫੈਕਟਰੀ ਬੰਦ ਕਰਕੇ ਮਾਨ ਸਰਕਾਰ ਨੇ ਗੱਲ ਕੀਤਾ । ਉਨ੍ਹਾਂ ਕਿ ਸਾਡੀ ਸਰਕਾਰ ਲਈ ਲੋਕਾਂ ਦੀ ਸਿਹਤ ਤੋਂ ਉੱਤੇ ਕੁਝ ਨਹੀਂ ਹੈ। ਮਜੀਠੀਆ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਪਰ ਲੋਕ ਉਨ੍ਹਾਂ ਦੀਆਂ ਗੱਲਾਂ ਵਿੱਚ ਨਹੀਂ ਆਉਣਗੇ ।