India Punjab

ਪੰਜਾਬ ਦੇ 70 ਪਿੰਡਾਂ ‘ਚ ਕਿਸਾਨਾਂ ਦਾ ਵੱਡਾ ਐਕਸ਼ਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਅੱਜ ਚਾਰ ਜ਼ੋਨਾਂ ਦੇ 70 ਪਿੰਡਾਂ ਦੇ ਕਿਸਾਨਾਂ, ਮਜ਼ਦੂਰਾਂ ਦੇ ਨਾਲ ਗੁਰਦੁਆਰਾ ਬਾਬਾ ਸਾਧੂ ਸਿੰਘ ਵਿਖੇ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਪਿੰਡਾਂ ਵਿੱਚ ਕਿਸਾਨ ਅੰਦੋਲਨ ਲਈ ਫੰਡ ਵਧਾਉਣ ਅਤੇ 5 ਜੁਲਾਈ ਨੂੰ ਕਿਸਾਨਾਂ ਨੂੰ ਦਿੱਲੀ ਮੋਰਚੇ ‘ਤੇ ਕੂਚ ਕਰਨ ਲਈ ਲਾਮਬੰਦ ਕਰਨ ਲਈ ਚਰਚਾ ਕੀਤੀ ਗਈ। ਇਸ ਮੀਟਿੰਗ ਵਿੱਚ ਪਿੰਡ ਪੱਧਰ ’ਤੇ ਇਕੱਠੇ ਹੋ ਰਹੇ ਫੰਡਾਂ ਦਾ ਜਾਇਜ਼ਾ ਲਿਆ ਗਿਆ।

ਆਮ ਪਿੰਡਾਂ ਵਿੱਚ 50 ਹਜ਼ਾਰ ਤੋਂ 1 ਲੱਖ ਤੱਕ ਫੰਡ ਇਕੱਠਾ ਹੋਣ ਦੀ ਰਿਪੋਰਟ ਹੈ। ਸਾਰੰਗੜਾ ਵਿੱਚ 1 ਲੱਖ 75 ਹਜ਼ਾਰ, ਬੱਚੀਵਿੰਡ ਵਿਖੇ 1 ਲੱਖ 50 ਹਜ਼ਾਰ, ਬਾਸਰਕੇ ਵਿਖੇ 1 ਲੱਖ ਰੁਪਏ ਫੰਡ ਇਕੱਠਾ ਹੋਇਆ ਹੈ। ਇਸੇ ਤਰ੍ਹਾਂ ਹੋਰਨਾਂ ਪਿੰਡਾਂ ਵਿੱਚ ਵੀ ਫੰਡ ਇਕੱਠਾ ਹੋ ਰਿਹਾ ਹੈ। ਜਿਹੜੇ ਪਿੰਡਾਂ ਨੇ ਹਾਲੇ ਤੱਕ ਫੰਡ ਇਕੱਠਾ ਨਹੀਂ ਕੀਤਾ, ਉਨ੍ਹਾਂ ਨੂੰ ਵੀ ਫੰਡ ਮੁਹਿੰਮ ਸਿਰੇ ਲਾਉਣ ਦੀ ਅਪੀਲ ਕੀਤੀ ਗਈ ਹੈ।

ਜਥੇਬੰਦੀ ਨੇ ਪਿੰਡਾਂ ਦੇ ਲੋਕਾਂ ਨੂੰ 5 ਜੁਲਾਈ ਨੂੰ ਦਿੱਲੀ ਮੋਰਚੇ ਵਿੱਚ ਜਾਣ ਦੀ ਤਿਆਰੀ ਕਰਨ ਦੀ ਅਪੀਲ ਵੀ ਕੀਤੀ ਹੈ। ਪੰਧੇਰ ਨੇ ਲੋਕਾਂ ਨੂੰ 5 ਜੂਨ ਨੂੰ ਭਾਜਪਾ ਲੀਡਰਾਂ ਦੇ ਘਰਾਂ ਅੱਗੇ ਕਾਲੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜਨ ਦੀ ਤਿਆਰੀ ਕਰਨ ਲਈ ਵੀ ਕਿਹਾ ਹੈ।