Lok Sabha Election 2024 Punjab

ਹੁਸ਼ਿਆਰਪੁਰ ’ਚ ਵੱਡਾ ਸਿਆਸੀ ਉਲਟਫੇਰ! BSP ਉਮੀਦਵਾਰ ‘AAP’ ‘ਚ ਸ਼ਾਮਲ! ਕਾਂਗਰਸ ਦੇ ਸਾਬਕਾ ਵਿਧਾਇਕ ਦੀ ਘਰ ਵਾਪਸੀ

ਬਿਉਰੋ ਰਿਪੋਰਟ – ਲੋਕਸਭਾ ਚੋਣਾਂ ਦੇ ਲਈ ਨਾਮਜ਼ਦਗੀਆਂ ਦੇ ਨਾਲ ਹੁਣ ਸਿਆਸਤੀ ਤਿਤਲੀਆਂ ਦੀ ਉਡਾਰੀਆਂ ਵੀ ਤੇਜ਼ ਹੋ ਗਈਆਂ ਹਨ। ਹੁਸ਼ਿਆਰਪੁਰ ਤੋਂ BSP ਨੂੰ ਵੀ ਵੱਡਾ ਝਟਕਾ ਲੱਗਾ ਹੈ। ਹੁਸ਼ਿਆਰਪੁਰ ਤੋਂ BSP ਉਮੀਦਵਾਰ ਰਾਕੇਸ਼ ਸੁਮਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। CM ਭਗਵੰਤ ਮਾਨ ਨੇ ਖ਼ੁਦ ਰਾਕੇਸ਼ ਸੁਮਨ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾਇਆ ਹੈ। ਪਿਛਲੀਆਂ ਲੋਕਸਭਾ ਚੋਣਾਂ ਵਿੱਚ BSP ਨੂੰ ਹੁਸ਼ਿਆਰਪੁਰ ਤੋਂ 40 ਹਜ਼ਾਰ ਦੇ ਕਰੀਬ ਵੋਟ ਮਿਲੇ ਸਨ, ਰਿਜ਼ਰਵ ਸੀਟ ਹੋਣ ਦੀ ਵਜ੍ਹਾ ਕਰਕੇ ਬਹੁਜਨ ਸਮਾਜਵਾਦੀ ਪਾਰਟੀ ਦਾ ਹੁਸ਼ਿਆਰਪੁਰ ਵਿੱਚ ਚੰਗਾ ਅਧਾਰ ਵੀ ਹੈ। ਉੱਧਰ ਕਾਂਗਰਸ ਦੇ ਸਾਬਕਾ ਵਿਧਾਇਕ ਦੀ ਵੀ ਘਰ ਵਾਪਸੀ ਹੋਈ ਹੈ।

ਕਾਂਗਰਸ ਦੇ ਸਾਬਕਾ ਵਿਧਾਇਕ ਜੱਸੀ ਖੰਗੂੜਾ ਨੇ ਆਮ ਆਦਮੀ ਤੋਂ ਅਸਤੀਫਾ ਦੇ ਕੇ ਮੁੜ ਤੋਂ ਕਾਂਗਰਸ ਦਾ ਪੱਲਾ ਫੜ ਲਿਆ ਹੈ। ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਦੀ ਮੌਜੂਦਗੀ ’ਚ ਜੱਸੀ ਖੰਗੂੜਾ ਕਾਂਗਰਸ ’ਚ ਸ਼ਾਮਲ ਹੋਏ ਹਨ। ਹਾਲਾਂਕਿ ਜੱਸੀ ਖੰਗੂੜਾ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਟਿਕਟ ਦਾ ਕੋਈ ਲਾਲਚ ਨਹੀਂ ਹੈ। ਪਰ ਟਿਕਟ ਨਾ ਮਿਲਣ ਦੀ ਵਜ੍ਹਾ ਕਰਕੇ ਹੀ ਖੰਗੂੜਾ ਨੇ ਆਮ ਆਦਮੀ ਪਾਰਟੀ ਛੱਡੀ ਹੈ। ਜੱਸੀ ਖੰਗੂੜਾ ਵੱਡੇ ਹੋਟਲ ਵਪਾਰੀ ਹਨ, 2012 ਵਿੱਚ ਉਹ ਚੋਣ ਹਾਰ ਗਏ ਸਨ ਇਸ ਤੋਂ ਬਾਅਦ 2017 ਅਤੇ 2022 ਵਿੱਚ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਸੀ। ਉਹ UK ਤੋਂ ਅਪਣੀ ਬ੍ਰਿਟਿਸ਼ ਨਾਗਰਿਕਤਾ ਤਿਆਗ ਕੇ ਪੰਜਾਬ ਆਏ ਸਨ।

ਖੰਗੂੜਾ ਕਿਲ੍ਹਾ ਰਾਏਪੁਰ ਤੋਂ ਵਿਧਾਇਕ ਰਹਿ ਚੁੱਕੇ ਹਨ। ਬੀਤੇ ਦਿਨੀਂ ਹੀ ਜੱਸੀ ਖੰਗੂੜਾ ਨੇ ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦਿਤਾ ਸੀ ਅਤੇ ਹੁਣ ਉਨ੍ਹਾਂ ਨੇ ਕਾਂਗਰਸ ਵਿੱਚ ਵਾਪਸੀ ਕੀਤੀ ਹੈ। ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਨੇ ਉਮੀਦ ਜਤਾਈ ਹੈ ਕਿ ਕਾਂਗਰਸ ਦਾ ਪਰਿਵਾਰ ਵਧਦਾ ਨਜ਼ਰ ਆ ਰਿਹਾ ਹੈ ਅਤੇ ਜੱਸੀ ਖੰਗੂੜਾ ਦੀ ਮੌਜੂਦਗੀ ਲੋਕ ਸਭਾ ਚੋਣਾਂ ਵਿੱਚ ਵੱਡੀ ਭੂਮਿਕਾ ਨਿਭਾਏਗੀ।

ਕਾਂਗਰਸ ਵਿੱਚ ਵਾਪਸੀ ਮਗਰੋਂ ਜੱਸੀ ਖੰਗੂੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨਾਲ ਉਨ੍ਹਾਂ ਦਾ ਤਜਰਬਾ ਸਹੀ ਨਹੀਂ ਰਿਹਾ, ਇਸ ਲਈ ਉਨ੍ਹਾਂ ਪਾਰਟੀ ਛੱਡਣ ਦਾ ਮਨ ਬਣਾਇਆ। ਪੰਜਾਬ ਦੀ ਸਿਆਸੀ ਹਵਾ ਬਦਲ ਰਹੀ ਹੈ, ਜਿਸ ਵਿੱਚ ਕਾਂਗਰਸ ਦੀ ਧਮਾਕੇਦਾਰ ਵਾਪਸੀ ਹੋਵੇਗੀ। ਉਨ੍ਹਾਂ ਦਾਅਵਾ ਕੀਤਾ ਹੈ ਕਿ ਚੋਣਾਂ ਵਿੱਚ ਕਾਂਗਰਸ ਸਭ ਤੋਂ ਵੱਧ ਸੀਟਾਂ ’ਤੇ ਜਿੱਤ ਹਾਸਲ ਕਰੇਗੀ।

ਇਹ ਵੀ ਪੜ੍ਹੋ – ‘ਭਾਰਤ ਨੇ ਟਰੂਡੋ ਦੇ ਜਹਾਜ ਨੂੰ ਉਤਾਰਨ ਦੇ ਲਈ ਰੱਖੀ ਸੀ ਸ਼ਰਤ!’ ‘ਕੈਪਟਨ ਅਮਰਿੰਦਰ ਦਾ ਵੀ ਵੱਡਾ ਰੋਲ!’ ਕੈਨੇਡੀਅਨ ਮੀਡੀਆ ਦਾ ਵੱਡਾ ਦਾਅਵਾ