Punjab

ਦਿੱਲੀ ਤੋਂ ਬਾਅਦ ਕਿਸਾਨਾਂ ਦਾ ਇਸ ਸ਼ਹਿਰ ਲਈ ਵੱਡਾ ਐਲਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਪਟਿਆਲਾ ਵਿੱਚ ਤਿੰਨ ਦਿਨਾਂ ਧਰਨੇ ਦਾ ਅੱਜ ਆਖਰੀ ਦਿਨ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਖੁਦ ਇਸ ਧਰਨੇ ਦੀ ਅਗਵਾਈ ਕੀਤੀ ਹੈ।

ਅੱਜ ਪਟਿਆਲਾ ਵਿੱਚ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਵੀ ਪਹੁੰਚੇ ਸਨ। ਰਾਜੇਵਾਲ ਨੇ ਕਿਸਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਅੰਦੋਲਨ ਦੁਨੀਆ ਦਾ ਇੱਕ ਇਤਿਹਾਸਕ ਅੰਦੋਲਨ ਬਣ ਗਿਆ ਹੈ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਸਰਕਾਰ ਦਾ ਕਰੋਨਾ ਪ੍ਰਤੀ ਕੋਈ ਪ੍ਰਬੰਧ ਨਹੀਂ ਹੈ। ਕਰੋਨਾ ਨਾਲ ਮਰੇ ਲੋਕਾਂ ਦੀਆਂ ਲਾਸ਼ਾਂ ਨੂੰ ਨਦੀਆਂ ਦੇ ਕਿਨਾਰੇ ਕੁੱਤੇ ਖਾ ਰਹੇ ਹਨ। ਕਿਸਾਨ ਮੋਰਚਿਆਂ ‘ਤੇ ਸਫਾਈ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਹੈ’।

ਉਗਰਾਹਾਂ ਨੇ ਕਿਹਾ ਕਿ ‘ਪਟਿਆਲਾ ਵਿੱਚ ਵੀ ਤਿੰਨ ਦਿਨ ਧਰਨਾ ਲਗਾਇਆ ਗਿਆ ਹੈ ਅਤੇ ਇੱਥੇ ਕਰੋਨਾ ਪ੍ਰਤੀ ਪੂਰੇ ਪ੍ਰਬੰਧ ਕੀਤੇ ਗਏ ਹਨ। ਹਰ ਜਗ੍ਹਾ ਨੂੰ ਸੈਨੇਟਾਈਜ਼ ਕੀਤਾ ਗਿਆ ਹੈ, ਸਮਾਜਿਕ ਦੂਰੀ ਦਾ ਪੂਰਾ ਧਿਆਨ ਰੱਖਿਆ ਗਿਆ ਹੈ, ਕਿਸਾਨਾਂ ਵੱਲੋਂ ਮਾਸਕ ਪਾ ਕੇ ਕਰੋਨਾ ਨਿਯਮਾਂ ਦਾ ਧਿਆਨ ਰੱਖਿਆ ਗਿਆ ਹੈ’।

ਉਗਰਾਹਾਂ ਨੇ ਕਿਹਾ ਕਿ ਪਟਿਆਲਾ ਵਿੱਚ ਧਰਨਾ ਅਸੀਂ ਪੰਜਾਬ ਸਰਕਾਰ ਨੂੰ ਜਗਾਉਣ ਲਈ ਲਾਇਆ ਹੈ। ਇਹ ਧਰਨਾ ਪੰਜਾਬ ਸਰਕਾਰ ਵੱਲੋਂ ਕਰੋਨਾ ਪ੍ਰਤੀ ਕੀਤੇ ਗਏ ਪ੍ਰਬੰਧਾਂ ਦੇ ਖਿਲਾਫ ਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਿਸਾਨ ਅੰਦੋਲਨ ਨੇ ਸਿਰਾ ਲਾ ਦਿੱਤਾ ਹੈ’।

ਉਗਰਾਹਾਂ ਨੇ ਕਿਹਾ ਕਿ ਜੇ ਕੇਂਦਰ ਸਰਕਾਰ ਨੇ ਸਾਡੀ ਮੰਗ ਮੰਨ ਲਈ ਤਾਂ ਅਸੀਂ ਸਿੱਧਾ ਘਰਾਂ ਨੂੰ ਨਹੀਂ ਜਾਵਾਂਗੇ, ਸਿੱਧਾ ਪਟਿਆਲਾ ਹੀ ਆਵਾਂਗੇ ਅਤੇ ਪੰਜਾਬ ਸਰਕਾਰ ਨੂੰ ਜਗਾਵਾਂਗੇ। ਰਾਜੇਵਾਲ ਨੇ ਕਿਹਾ ਕਿ ‘ਸਰਕਾਰ ਵੱਲੋਂ ਹਾਲੇ ਤੱਕ ਕਿਸਾਨਾਂ ਦੀ ਚਿੱਠੀ ਦਾ ਕੋਈ ਜਵਾਬ ਨਹੀਂ ਆਇਆ ਹੈ। ਖੇਤੀ ਕਾਨੂੰਨਾਂ ਨੂੰ ਅਸੀਂ ਸਰਕਾਰ ਦੇ ਸਾਹਮਣੇ ਗਲਤ ਸਿੱਧ ਕਰ ਚੁੱਕੇ ਹਾਂ। ਇਹ ਅੰਦੋਲਨ ਸਾਰੇ ਦੇਸ਼ ਦਾ ਸੰਘਰਸ਼ ਹੈ’।