Punjab

ਜਲੰਧਰ ‘ਚ ਰੋਕੀਆਂ ਜਾ ਰਹੀਆਂ ਰਾਹਤ ਸਮੱਗਰੀ ਦੀਆਂ ਗੱਡੀਆਂ, ਬਾਜਵਾ ਨੇ ਮਾਨ ਸਰਕਾਰ ਨੂੰ ਘੇਰਿਆ…

Apply Chief Minister's sticker or deposit the goods: relief vehicles being stopped in Jalandhar, Bajwa surrounded the mann government

ਚੰਡੀਗੜ੍ਹ : ਪੰਜਾਬ ਵਿੱਚ ਹੜ੍ਹਾਂ ਕਾਰਨ ਹਾਲਾਤ ਖ਼ਰਾਬ ਹਨ। ਲੋਕ ਪਾਣੀ ਨੂੰ ਵੀ ਤਰਸ ਰਹੇ ਅਤੇ ਪ੍ਰਸ਼ਾਸਨ ਵੱਲੋਂ ਰਾਹਤ ਸਮਗਰੀ ਲੈ ਕੇ ਜਾਣ ਵਾਲੇ ਲੋਕਾਂ ਨੂੰ ਰੋਕਿਆ ਜਾ ਰਿਹਾ ਹੈ। ਜਲੰਧਰ ਦੀ ਸਬ-ਡਵੀਜ਼ਨ ਸ਼ਾਹਕੋਟ ‘ਚ ਪੁਲਿਸ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਬਾਹਰ ਨਾਕਾਬੰਦੀ ਕਰ ਦਿੱਤੀ ਹੈ। ਰਾਹਤ ਸਮਗਰੀ ਲਿਆਉਣ ਵਾਲੀਆਂ ਸੰਸਥਾਵਾਂ ਦੇ ਵਾਹਨਾਂ ਨੂੰ ਚੌਕੀਆਂ ‘ਤੇ ਰੋਕਿਆ ਜਾ ਰਿਹਾ ਹੈ। ਉਨ੍ਹਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਸਾਮਾਨ ਲੈ ਕੇ ਅੱਗੇ ਨਹੀਂ ਜਾ ਸਕਦੇ। ਮਾਲ ਲਿਜਾਣ ਲਈ ਸ਼ਰਤ ਰੱਖੀ ਜਾ ਰਹੀ ਹੈ।

ਸ਼ਰਤ ਇਹ ਹੈ ਕਿ ਜਾਂ ਤਾਂ ਤੁਸੀਂ ਮਾਲ ਪੁਲਿਸ ਨਾਕੇ ’ਤੇ ਜਮ੍ਹਾਂ ਕਰਵਾ ਦਿਓ, ਪ੍ਰਸ਼ਾਸਨ ਆਪ ਹੀ ਸਾਮਾਨ ਵੰਡੇਗਾ ਜਾਂ ਫਿਰ ਜਾਣਾ ਹੋਵੇ ਤਾਂ ਗੱਡੀ ’ਤੇ ਮੁੱਖ ਮੰਤਰੀ ਦੀ ਫ਼ੋਟੋ ਵਾਲਾ ਪੰਜਾਬ ਸਰਕਾਰ ਦੀ ਹੜ੍ਹ ਰਾਹਤ ਗੱਡੀ ਦਾ ਸਟਿੱਕਰ ਲਗਾ ਦਿਓ। ਰਾਹਤ ਕਾਰਜਾਂ ਵਿੱਚ ਲੱਗੀਆਂ ਜਥੇਬੰਦੀਆਂ ਦਾ ਦੋਸ਼ ਹੈ ਕਿ ਸਰਕਾਰ ਆਪਣੇ ਪੱਧਰ ’ਤੇ ਲੋਕਾਂ ਨੂੰ ਰਾਹਤ ਦੇਣ ਵਿੱਚ ਨਾਕਾਮ ਰਹੀ ਹੈ ਅਤੇ ਹੁਣ ਸਮਾਜ ਸੇਵੀ ਸੰਸਥਾਵਾਂ ਤੋਂ ਜ਼ਬਰਦਸਤੀ ਸਾਮਾਨ ਲੈ ਕੇ ਝੂਠੇ ਲਾਰੇ ਲਾ ਕੇ ਲੁੱਟਣ ਦੀ ਕੋਸ਼ਿਸ਼ ਕਰ ਰਹੀ ਹੈ।

ਸ਼ਾਹਕੋਟ ਤੋਂ ਲੋਹੀਆ ਤੱਕ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਜਾਣ ਵਾਲੀਆਂ ਸੜਕਾਂ ‘ਤੇ ਲਗਾਏ ਗਏ। ਪੁਲਿਸ ਨਾਕਿਆਂ ਦੀਆਂ ਵੀਡੀਓਜ਼ ਵੀ ਕੁਝ ਸੰਸਥਾਵਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਵਾਇਰਲ ਕੀਤੀਆਂ ਗਈਆਂ ਹਨ। ਦੋਆਬਾ ਕਿਸਾਨ ਯੂਨੀਅਨ ਦੇ ਆਗੂ ਤਰਸੇਮ ਸਿੰਘ ਢਿੱਲੋਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਲਾਈਵ ਹੋ ਕੇ ਕਿਹਾ ਕਿ ਪੁਲੀਸ ਮੁਲਾਜ਼ਮ ਰੋਕ ਰਹੇ ਹਨ ਅਤੇ ਕਹਿ ਰਹੇ ਹਨ ਕਿ ਰਾਹਤ ਸਮਗਰੀ ਉਨ੍ਹਾਂ ਕੋਲ ਜਮ੍ਹਾਂ ਕਰਵਾਉਣ ਲਈ ਅਧਿਕਾਰੀਆਂ ਦੇ ਹੁਕਮ ਹਨ। ਸਿੱਧਾ ਜਾ ਕੇ ਕੋਈ ਵੀ ਨਹੀਂ ਵੰਡੇਗਾ ।

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਰਾਹਤ ਸਮਗਰੀ ਦੀ ਢੋਆ-ਢੁਆਈ ਨੂੰ ਰੋਕਣ ਦੀ ਕਾਰਵਾਈ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਟਵੀਟ ਕਰ ਕੇ ਮਾਨ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਹੜ੍ਹ ਵੀ ਸਰਕਾਰ ਲਈ ਆਫ਼ਤ ਦਾ ਮੌਕਾ ਬਣ ਕੇ ਆਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਟੈਗ ਕਰਦੇ ਹੋਏ ਲਿਖਿਆ ਹੈ ਕਿ ਪਰੇਸ਼ਾਨ ਪਾਣੀਆਂ ‘ਚ ਵੀ ਮੱਛੀਆਂ ਫੜੀਆਂ ਜਾ ਰਹੀਆਂ ਹਨ।

ਪੁਲਿਸ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦੀਆਂ ਸਰਹੱਦਾਂ ‘ਤੇ ਨਾਕੇ ਲਗਾਏ ਹਨ, ਜਿੱਥੇ ਸਹਾਇਤਾ ਪ੍ਰਦਾਤਾਵਾਂ (ਵਿਅਕਤੀ, ਸੰਸਥਾਵਾਂ ਦੇ ਮੈਂਬਰ) ਨੂੰ ਜਾਂ ਤਾਂ ਆਪਣੀ ਸਮਗਰੀ ਜਿਵੇਂ ਪਾਣੀ ਦੀਆਂ ਬੋਤਲਾਂ ਅਤੇ ਹੋਰ ਚੀਜ਼ਾਂ ਸਰਕਾਰ ਕੋਲ ਜਮ੍ਹਾ ਕਰਵਾਉਣ ਲਈ ਕਿਹਾ ਜਾ ਰਿਹਾ ਹੈ ਜਾਂ ਮੁੱਖ ਮੰਤਰੀ ਭਗਵੰਤ ਦੀ ਫ਼ੋਟੋ ਵਾਲੇ ਸਟਿੱਕਰ ਲਗਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ।

ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਮਦਦ ਕਰਨ ਦੀ ਬਜਾਏ ਪ੍ਰਚਾਰ ਕਰਨ ਮੌਕੇ ਵਜੋਂ ਆਈ ਜਾਪਦੀ ਹੈ। ਉਨ੍ਹਾਂ ਨੇ ਕਿਹਾ ਕਿ ‘ਆਪ’ ਆਗੂ, ਵਿਧਾਇਕ ਅਤੇ ਮੰਤਰੀ ਲੋਕਾਂ ਦੀ ਮਦਦ ਕਰਨ ਦੀ ਬਜਾਏ ਸੋਸ਼ਲ ਮੀਡੀਆ ‘ਤੇ ਪੋਸਟਾਂ ਲਈ ਫ਼ੋਟੋਆਂ ਖਿਚਵਾਉਣ ‘ਚ ਲੱਗੇ ਹੋਏ ਹਨ। ਬਾਜਵਾ ਨੇ ਕਿਹਾ ਹੈ ਕਿ ਅਸੀਂ ਉਸ ਪਾਰਟੀ ਤੋਂ ਕੀ ਆਸ ਰੱਖ ਸਕਦੇ ਹਾਂ, ਜਿਸ ਦਾ ਮਾਲਕ ਖ਼ੁਦ ਝੂਠ ਅਤੇ ਡਰਾਮੇ ਰਚ ਕੇ ਲੋਕਾਂ ਨੂੰ ਮੂਰਖ ਬਣਾਉਣ ਵਿੱਚ ਮਾਹਰ ਹੋਵੇ।