Punjab

ਪੰਜਾਬ ‘ਚ ਘੱਗਰ ਦੇ ਪਾਣੀ ਦਾ ਪੱਧਰ ਵਧਿਆ ,11 ਜ਼ਿਲ੍ਹਿਆਂ ਲਈ ਮੀਂਹ ਦਾ ਯੈਲੋ ਅਲਰਟ…

Yellow alert of rain for 11 districts of Punjab; Water level increased in Bhakra

 ਚੰਡੀਗੜ੍ਹ : ਪੰਜਾਬ ‘ਚ ਹੜ੍ਹਾਂ ਤੋਂ ਬਾਅਦ ਸਥਿਤੀ ਆਮ ਵਾਂਗ ਹੁੰਦੀ ਨਜ਼ਰ ਆ ਰਹੀ ਹੈ ਪਰ ਹਿਮਾਚਲ ‘ਚ ਮੀਂਹ ਕਾਰਨ ਘੱਗਰ ਦਰਿਆ ‘ਚ ਪਾਣੀ ਦਾ ਪੱਧਰ ਇਕ ਵਾਰ ਫਿਰ ਤੋਂ ਵਧਣਾ ਸ਼ੁਰੂ ਹੋ ਗਿਆ ਹੈ। ਹਰਿਆਣਾ ਦੇ ਪੰਚਕੂਲਾ ਖੇਤਰ ਵਿੱਚ ਘੱਗਰ ਦੇ ਪਾਣੀ ਦਾ ਪੱਧਰ ਵੱਧ ਰਿਹਾ ਹੈ, ਜਿਸ ਤੋਂ ਬਾਅਦ ਮਾਨਸਾ ਸਮੇਤ ਹੋਰ ਇਲਾਕਿਆਂ ਵਿੱਚ ਵੀ ਘੱਗਰ ਦੇ ਕੰਢਿਆਂ ਉੱਤੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਬਚਾਅ ਟੀਮਾਂ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਹਾਲਾਤ ਪਹਿਲਾਂ ਵਰਗੇ ਨਾ ਬਣ ਜਾਣ।

ਇਸ ਦੇ ਨਾਲ ਹੀ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1651 ਨੂੰ ਪਾਰ ਕਰ ਗਿਆ ਹੈ, ਇਹ ਪੱਧਰ ਫਲੱਡ ਗੇਟ ਲੈਵਲ ਤੋਂ 6 ਫੁੱਟ ਉੱਚਾ ਹੈ, ਪਰ ਪਾਣੀ ਦਾ ਪੱਧਰ ਖ਼ਤਰੇ ਦੇ ਪੱਧਰ ਤੋਂ 29 ਫੁੱਟ ਹੇਠਾਂ ਹੈ। ਭਾਖੜਾ ਦੇ ਹੇਠਾਂ ਬਣੇ ਨੰਗਲ ਡੈਮ ਵਿੱਚ ਪਾਣੀ ਦਾ ਪੱਧਰ 1951 ਦੱਸਿਆ ਜਾਂਦਾ ਹੈ, ਜੋ ਕਿ ਖ਼ਤਰੇ ਦੇ ਪੱਧਰ ਤੋਂ ਸਿਰਫ਼ 3 ਫੁੱਟ ਹੇਠਾਂ ਹੈ। ਅਜਿਹੇ ‘ਚ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਅੱਜ ਹਿਮਾਚਲ ‘ਚ ਹੋਈ ਬਾਰਸ਼ ਤੋਂ ਬਾਅਦ ਹਾਲਾਤ ਨੂੰ ਦੇਖਦੇ ਹੋਏ ਭਾਖੜਾ ਦੇ ਫਲੱਡ ਗੇਟ ਖੋਲ੍ਹੇ ਜਾ ਸਕਦੇ ਹਨ। SDM ਨੰਗਲ ਨੇ ਅਲਰਟ ਜਾਰੀ ਕੀਤਾ ਹੈ ਕਿ ਜੇਕਰ ਭਾਖੜਾ ਵਿੱਚੋਂ ਹੋਰ ਪਾਣੀ ਛੱਡਿਆ ਗਿਆ ਤਾਂ ਸਤਲੁਜ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ।

ਇਸ ਦੌਰਾਨ ਮੌਸਮ ਵਿਭਾਗ ਨੇ ਅੱਜ ਫਿਰ ਤੋਂ ਪੂਰੇ ਸੂਬੇ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ। ਦੁਪਹਿਰ 1 ਵਜੇ ਤੱਕ ਪਟਿਆਲਾ, ਐੱਸ ਏ ਐੱਸ ਨਗਰ, ਫ਼ਤਿਹਗੜ੍ਹ ਸਾਹਿਬ, ਰੂਪਨਗਰ, ਐੱਸ ਬੀ ਐੱਸ ਨਗਰ, ਤਰਨਤਾਰਨ, ਜਲੰਧਰ, ਹੁਸ਼ਿਆਰਪੁਰ, ਅੰਮ੍ਰਿਤਸਰ, ਗੁਰਦਾਸਪੁਰ, ਕਪੂਰਥਲਾ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਦੂਜੇ ਪਾਸੇ ਹਿਮਾਚਲ ਵਿੱਚ ਅੱਜ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

ਕੁੱਲੂ-ਮੰਡੀ ਅਤੇ ਸ਼ਿਮਲਾ ‘ਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਦੇ ਅਲਰਟ ਕਾਰਨ ਸਬੰਧਿਤ ਜ਼ਿਲ੍ਹਿਆਂ ਦੀਆਂ ਟੀਮਾਂ ਰਾਵੀ, ਬਿਆਸ, ਸਤਲੁਜ ਅਤੇ ਘੱਗਰ ਦੇ ਆਸ-ਪਾਸ ਦੇ ਇਲਾਕਿਆਂ ਦੀ ਨਿਗਰਾਨੀ ਕਰ ਰਹੀਆਂ ਹਨ। ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ 22 ਤੋਂ 24 ਜੁਲਾਈ ਤੱਕ ਸੂਬੇ ਦੇ ਵੱਖ-ਵੱਖ ਇਲਾਕਿਆਂ ‘ਚ ਗਰਜ ਨਾਲ ਮੀਂਹ ਪੈ ਸਕਦਾ ਹੈ। ਤੂਫ਼ਾਨ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ, ਜਿਸ ਕਾਰਨ ਸ਼ਹਿਰਾਂ ਅਤੇ ਇਲਾਕਿਆਂ ‘ਚ ਪਾਣੀ ਭਰ ਸਕਦਾ ਹੈ।

ਦੂਜੇ ਪਾਸੇ ਗੁਰਦਾਸਪੁਰ ਨਾਲੋਂ ਕੱਟੇ 7 ਪਿੰਡਾਂ ਵਿੱਚ ਬਚਾਅ ਕਾਰਜ ਜਾਰੀ ਹੈ। ਰਾਵੀ ਵਿੱਚ ਪਾਣੀ ਦਾ ਪੱਧਰ ਅਜੇ ਵੀ ਆਮ ਵਾਂਗ ਹੈ, ਜਿਸ ਕਾਰਨ ਰਾਵੀ ਦੇ ਆਲ਼ੇ-ਦੁਆਲੇ ਮਿੱਟੀ ਦੀਆਂ ਬੋਰੀਆਂ ਭਰੀਆਂ ਜਾ ਰਹੀਆਂ ਹਨ, ਤਾਂ ਜੋ ਕਿਸੇ ਵੀ ਸਥਿਤੀ ਨੂੰ ਤੁਰੰਤ ਕਾਬੂ ਵਿੱਚ ਲਿਆਂਦਾ ਜਾ ਸਕੇ। ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ-ਨਾਲ ਗੁਰਦਾਸਪੁਰ ਨਾਲ ਕੱਟੇ ਗਏ ਘਣੀਕੇਬੇਟ ਇਲਾਕੇ ਵਿੱਚ ਫ਼ੌਜ ਨੂੰ ਵੀ ਅਲਰਟ ‘ਤੇ ਰੱਖਿਆ ਗਿਆ ਹੈ। ਰਾਵੀ ਦੇ ਪਾਰ ਤੋਂ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ, ਜਦਕਿ ਸਿਹਤ ਵਿਭਾਗ ਦੀਆਂ ਟੀਮਾਂ ਵੀ ਰਾਵੀ ਦੇ ਪਾਰ ਭੇਜ ਦਿੱਤੀਆਂ ਗਈਆਂ ਹਨ।