Punjab

ਸਵੇਰੇ-ਸਵੇਰੇ ਇਸ ਮੰਤਰੀ ਨੇ ਸੜਕਾਂ ‘ਤੇ ਘੇਰ ਲਏ ਟਰੱਕ,ਕਿਹਾ ਹੁਣ ਨਹੀਂ ਬਖਸ਼ਣਾ ਕਿਸੇ ਨੂੰ ਵੀ

ਰਾਜਪੁਰਾ : ਭ੍ਰਿਸ਼ਟਾਚਾਰ ਨੂੰ ਰੋਕਣ ਤੇ ਜੀਐਸਟੀ ਸੰਬੰਧੀ ਹੁੰਦੀ ਹੇਰਾਫੇਰੀ ਨੂੰ ਖਤਮ ਕਰਨ ਦੇ ਉਦੇਸ਼ ਨਾਲ ਪੰਜਾਬ ਦੇ ਵਿੱਤ ਤੇ ਆਬਕਾਰੀ ਵਿਭਾਗ ਦੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਸਵੇਰੇ-ਸਵੇਰੇ ਹੀ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਰਾਜਪੁਰਾ ‘ਚ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਨਾਕਾ ਲਾਇਆ ਤੇ ਟਰੱਕਾਂ ਦੀ ਖੁਦ ਚੈਕਿੰਗ ਕੀਤੀ।

ਅਚਾਨਕ ਕੀਤੀ ਗਈ ਇਸ ਚੈਕਿੰਗ ਦੇ ਦੌਰਾਨ 20 ਤੋਂ ਵੱਧ ਟਰੱਕਾਂ ਨੂੰ ਲੱਖਾਂ ਦਾ ਜੁਰਮਾਨਾ ਕੀਤਾ ਗਿਆ ਕਿਉਂਕਿ ਉਹਨਾਂ ਕੋਲ ਬਿੱਲ ਨਹੀਂ ਸਨ। ਇਹ ਸਾਰੀ ਕਾਰਵਾਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜੀਐੱਸਟੀ ਚੋਰੀ ਕਰਨ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਕੀਤੀ ਹੈ । ਕੈਬਿਨਟ ਮੰਤਰੀ ਡਾ. ਚੀਮਾ ਨੂੰ ਲਗਾਤਾਰ ਇਸ ਸੰਬੰਧ ਵਿੱਚ ਸ਼ਿਕਾਇਤਾਂ ਮਿਲ ਰਹੀਆਂ ਸੀ । ਇਸ ਲਈ ਆਪਣੇ ਅੱਜ ਸਵੇਰੇ ਆਪਣੇ ਹਲਕੇ ਵਿੱਚ ਜਾਂਦੇ ਹੋਏ ਉਨ੍ਹਾਂ ਨੇ ਅਫ਼ਸਰਾਂ ਨੂੰ ਨਾਲ ਲੈ ਕੇ  ਇਥੇ ਚੈਕਿੰਗ ਕੀਤੀ ਹੈ।

 

ਇਸ ਸੰਬੰਧ ਵਿੱਚ ਆਪਣੇ ਸੋਸ਼ਲ ਮੀਡੀਆ ਖਾਤੇ ‘ਤੇ ਪਾਈ ਇੱਕ ਪੋਸਟ ਵਿੱਚ ਵੀ ਉਹਨਾਂ ਇਸ ਕਾਰਵਾਈ ਦਾ ਜ਼ਿਕਰ ਕੀਤਾ ਹੈ । ਆਪਣੇ ਟਵਿੱਟ ਵਿੱਚ ਉਹਨਾਂ ਇੱਕ ਵੀਡੀਓ ਵੀ ਨਾਲ ਸਾਂਝੀ ਕੀਤੀ ਹੈ,ਜਿਸ ਵਿੱਚ ਉਹ ਟਰੱਕਾਂ ਦੀ ਚੈਕਿੰਗ ਕਰਦੇ ਦਿਖਾਈ ਦੇ ਰਹੇ ਹਨ। ਉਹਨਾਂ ਲਿਖਿਆ ਹੈ ਕਿ ਕਰ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਰਾਜਮਾਰਗ ‘ਤੇ ਵਾਹਨਾਂ ਦੀ ਜਾਂਚ ਕੀਤੀ ਗਈ ਹੈ ਤੇ ਟੈਕਸ ਚੋਰੀ ਕਰਨ ਵਾਲੇ ਵਾਹਨਾਂ ਨੂੰ ਮੌਕੇ ‘ਤੇ ਨੋਟਿਸ ਜਾਰੀ ਕੀਤੇ ਗਏ। ਉਹਨਾਂ ਇਹ ਵੀ ਲਿਖਿਆ ਹੈ ਕਿ ਸਰਕਾਰ ਇਮਾਨਦਾਰ ਪ੍ਰਸ਼ਾਸਨ ਲਈ ਵਚਨਬੱਧ ਹੈ, ਟੈਕਸ ਚੋਰੀ ਕਰਨ ਜਾਂ ਪੰਜਾਬ ਦੇ ਖਜ਼ਾਨੇ ਵਿੱਚੋਂ ਚੋਰੀ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।