Punjab

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਗਿਣਾਏ ਆਪ ਸਰਕਾਰ ਦੇ ਕੰਮ,ਸਿੱਧੂ ਨੂੰ ਦੇ ਦਿੱਤੀ ਆਰਾਮ ਕਰਨ ਦੀ ਸਲਾਹ

ਜਲੰਧਰ : ਪੰਜਾਬ ਦੀ ਆਪ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਿਥੇ ਜਲੰਧਰ ਵਿੱਚ ਇੱਕ ਪਾਸੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ ਹਨ,ਉਥੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੂੰ ਹਾਲ ਦੀ ਘੜੀ ਆਰਾਮ ਕਰਨ ਦੀ ਸਲਾਹ ਵੀ ਦੇ ਛੱਡੀ ਹੈ।

ਜਲੰਧਰ ਵਿੱਚ ਹੋਈ ਇੱਕ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਆਪਣੀ ਸਰਕਾਰ ਦੇ ਇੱਕ ਸਾਲ ਦੇ ਕਾਰਜਕਾਲ ਦੇ ਦੌਰਾਨ ਪ੍ਰਾਪਤ ਹੋਏ ਰੈਵੇਨਿਉ ਨੂੰ ਇਤਿਹਾਸਕ ਦੱਸਿਆ ਹੈ।ਪਿਛਲੀਆਂ ਸਰਕਾਰਾਂ ‘ਤੇ ਵਰਦੇ ਹੋਏ ਚੀਮਾ ਨੇ ਕਿਹਾ ਕਿ ਇਹਨਾਂ ਵੱਲੋਂ ਘਟੀਆ ਨੀਤੀਆਂ ਅਪਨਾਏ ਜਾਣ ਤੇ ਮਾਲੀਆ ਵਧਾਏ ਜਾਣ ਵੱਲ ਧਿਆਨ ਨਾ ਦੇਣ ਕਰਕੇ ਕੋਈ ਤਰੱਕੀ ਨਹੀਂ ਹੋਈ ਹੈ। ਪੰਜਾਬ ਵਿੱਚ ਆਪ ਦੀ ਸਰਕਾਰ ਆਉਣ ਤੋਂ ਬਾਅਦ ਹੁਣ ਮਾਲੀਏ ਵਿੱਚ ਰਿਕਾਰਡ ਵਾਧਾ ਹੋਇਆ ਹੈ। ਅਜਿਹਾ ਇਸ ਲਈ ਸੰਭਵ ਹੋਇਆ ਹੈ ਕਿਉਂਕਿ ਪੰਜਾਬ ਵਿੱਚ ਹੁਣ ਇੱਕ ਇਮਾਨਦਾਰ ਸਰਕਾਰ ਹੈ ਤੇ ਆਪ ਸੁਪਰੀਮੋ ਅਰਵਿੰਦ ਕੇਜ਼ਾਰੀਵਾਲ ਨੇ ਹਮੇਸ਼ਾ ਇਮਾਨਦਾਰੀ ਦਾ ਪਾਠ ਪੜਾਇਆ ਹੈ।

ਚੀਮਾ ਨੇ ਅਕਾਲੀ-ਭਾਜਪਾ ਸਰਕਾਰ ‘ਤੇ ਮਾਫੀਆ ਨੂੰ ਪੈਦਾ ਕਰਨ ਦੇ ਕਾਂਗਰਸ ‘ਤੇ ਉਸ ਨੂੰ ਹੋਰ ਵਧਾਉਣ ਦਾ ਇਲਜ਼ਾਮ ਲਗਾਇਆ ਹੈ।ਉਹਨਾਂ ਕਿਹਾ ਹੈ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਲੜ ਲਾਉਣ ਵਾਲਿਆਂ ਨੂੰ 2022 ਵਿੱਚ ਲੋਕਾਂ ਨੇ ਜਵਾਬ ਦਿੱਤਾ ਹੈ ਤੇ ਆਪ ਦੀ ਬਹੁਮਤ ਦੀ ਸਰਕਾਰ ਬਣਾਈ। ਨਵੀਂ ਐਕਸਆਈਜ਼ ਪਾਲਿਸੀ ਨੂੰ ਬਣਾ ਕੇ ਲਾਗੂ ਕੀਤਾ ਗਿਆ ਤੇ ਰਿਕਾਰਡ 41.41 ਫੀਸਦੀ ਤੋਂ ਉਪਰ ਮਾਲੀਆ ਇਕੱਠਾ ਹੋਇਆ ਜਦੋਂ ਕਿ ਅਕਾਲੀ ਦਲ ਤੇ ਕਾਂਗਰਸ ਵੇਲੇ ਇਹ ਹਮੇਸ਼ਾ ਘੱਟ ਹੁੰਦਾ ਸੀ।ਅਉਣ ਵਾਲੇ ਸਾਲ ਵਿੱਚ ਇਸ ਵਿੱਚ ਇਸ ਨੂੰ ਹੋਰ ਵਧਾਇਆ ਜਾਵੇਗਾ।

ਜੀਐਸਟੀ ਦੀ  collection ਵਿੱਚ 17 ਫੀਸਦੀ ਦੇ ਲਗਭਗ  ਵਾਧਾ ਹੋਇਆ ਹੈ।ਰਜਿਸਟਰੀਆਂ ਲਈ ਸਟੈਂਪ ਡਿਊਟੀ ਵਿੱਚ ਛੋਟ ਦੇਣ ਨਾਲ ਮਾਲੀਏ ਵਿੱਚ ਹੋਰ ਵਾਧਾ ਹੋਇਆ ਹੈ।

ਉਹਨਾਂ ਇਲਜ਼ਾਮ ਲਗਾਇਆ ਕਿ ਪਿਛਲੀਆਂ ਸਰਕਾਰਾਂ ਲੋਕਾਂ ਨੂੰ ਧਰਮ ਦੇ ਨਾਂ ਨਾਲ ਲੜਾ ਕੇ ਵੋਟਾਂ ਲਈਆਂ ਜਾਂਦੀਆਂ ਸੀ ਪਰ ਆਪ  ਸਰਕਾਰ ਨੇ ਲੋਕ ਭਲਾਈ ਦੇ ਕੰਮ ਕਰਦਿਆਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਪ੍ਰਕ੍ਰਿਆ ਪਹਿਲੇ ਤਿੰਨ ਮਹੀਨਿਆਂ ‘ਚ ਹੀ ਸ਼ੁਰੂ ਕਰ ਦਿੱਤੀ ਜਦੋਂ ਕਿ ਪਿਛਲੀਆਂ ਸਰਕਾਰਾਂ ਆਖਰੀ ਸਾਲ ਕਰਦੀਆਂ ਸੀ।

ਆਪਣੀ ਸਰਕਾਰ ਦੇ ਹੋਰ ਕੰਮਾਂ ਨੂੰ ਗਿਣਾਉਂਦੇ ਹੋਏ ਚੀਮਾ ਨੇ ਕਿਹਾ ਕਿ 26454 ਨੌਕਰੀਆਂ ਦਾ ਇਸ਼ਤਿਹਾਰ ਪਹਿਲੀ ਕੈਬਨਿਟ ਮੀਟਿੰਗ ਵਿੱਚ ਲਿਆ ਗਿਆ। ਹੁਣ ਤੱਕ 28000 ਤੋਂ ਉਪਰ ਨਿਯੁਕਤੀ ਪੱਤਰ ਨੌਜਵਾਨਾਂ ਨੂੰ ਦਿੱਤੇ ਗਏ ਹਨ। ਜਿਸ ਨਾਲ ਪੰਜਾਬ ਦੇ ਨੌਜਵਾਨਾਂ ਦਾ ਵਿਸ਼ਵਾਸ ਸਰਕਾਰ ਵਿੱਚ ਬਹਾਲ ਹੋਇਆ ਹੈ।

ਆਪ ਸਰਕਾਰ ਨੇ ਆਪਣੇ ਸਾਰੇ ਵਾਅਦੇ ਤੇ ਗਰੰਟੀਆਂ ਪੂਰੀਆਂ ਕੀਤੀਆਂ। ਪੰਜਾਬ ਵਿੱਚ 90 ਫੀਸਦੀ ਲੋਕਾਂ ਦਾ ਬਿੱਲ 0 ਆਉਂਦਾ ਹੈ । ਆਪ ਸਰਕਾਰ ਨੇ  20,000 ਕਰੋੜ ਦੀ ਸਬਸਿਡੀ ਬਿਜਲੀ ਵਿਭਾਗ ਨੂੰ ਦਿੱਤੀ ਹੈ। ਪਿਛਲੀਆਂ ਸਰਕਾਰਾਂ ਵੇਲੇ 9000 ਕਰੋੜ ਦੇ ਕਰੀਬ ਬਕਾਇਆ ਸੀ ,ਜਿਸ ਨੂੰ ਸਰਕਾਰ ਨੇ ਹੁਣ ਕਿਸ਼ਤਾਂ ਵਿੱਚ ਦੇਣਾ ਹੈ।ਪਹਿਲੇ ਸਾਲ ਹੀ ਸਿੱਖਿਆ ਦਾ ਬਜਟ ਵੱਧਾ ਕੇ ਸੁਧਾਰ ਕੀਤਾ ਗਿਆ ਹੈ। ਸਕੂਲ ਆਫ ਐਮੀਨੈਂਸ ਬਣਾ ਕੇ ਪੰਜਾਬ ਦੇ ਬੱਚਿਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਸਿੱਖਿਆ ਦਿੱਤੀ ਜਾਵੇਗੀ।

ਇਸੇ ਤਰਾਂ ਸਿਹਤ ਸਹੂਲਤਾਂ ਨੂੰ ਹੋਰ ਵਧੀਆ ਬਣਾਉਣ ਲਈ 500 ਤੋਂ ਉਪਰ ਮੁਹੱਲਾ ਕਲੀਨਿਕ ਬਣਾਏ ਗਏ ਹਨ। ਇਸ ਤੋਂ ਇਲਾਵਾ ਇੱਕ ਵਿਧਾਇਕ,ਇੱਕ ਪੈਨਸ਼ਨ ਨੂੰ ਲਾਗੂ ਕਰਨਾ,ਸਰਕਾਰੀ ਜ਼ਮੀਨ ਨੂੰ ਨਾਜਾਇਜ਼ ਕਬਜ਼ੇ ਤੋਂ ਛੁਡਵਾਉਣਾ,ਭ੍ਰਿਸ਼ਟਾਚਾਰ ਨੂੰ ਨੱਥ ਪਾਉਣੀ,ਬਹੁਤ ਸਾਰੇ ਕੰਮ ਹਨ ਜੋ ਕਿ ਆਪ ਸਰਕਾਰ ਨੇ ਕਰਵਾਏ ਹਨ।

ਮੁੱਖ ਮੰਤਰੀ ਮਾਨ ਦੇ ਖਿਲਾਫ ਹੁੰਦੀ ਬਿਆਨਬਾਜ਼ੀ ਦਾ ਜ਼ਿਕਰ ਕਰਦੇ ਹੋਏ ਵਿੱਤ ਮੰਤਰੀ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਰੋਜਾਨਾ ਕੰਮ ‘ਤੇ ਲੱਗੇ ਰਹਿੰਦੇ ਹਨ ਤੇ ਉਹਨਾਂ ਦੀ ਇਮਾਨਦਾਰੀ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਹੈ। ਪਰ ਆਪਣੇ ਰਾਜਕਾਲ ਦੇ ਦੌਰਾਨ ਮਾਫੀਆ ਨੂੰ ਪਾਲਣ ਵਾਲਿਆਂ ਨੂੰ ਹੁਣ ਇਹ ਚੰਗਾ ਨਹੀਂ ਲੱਗ ਰਿਹਾ ਕਿ ਪੰਜਾਬ ਵਿੱਚ ਹੁਣ ਤਰੱਕੀ ਹੋ ਰਹੀ ਹੈ ਤੇ ਇੱਕ ਇਮਾਨਦਾਰ ਸਰਕਾਰ ਕੰਮ ਕਰ ਰਹੀ ਹੈ।

ਵਿੱਤ ਮੰਤਰੀ ਚੀਮਾ ਨੇ ਜਲੰਧਰ ਜ਼ਿਮਨੀ ਚੋਣਾਂ ਲਈ ਇੰਚਾਰਜ ਬਣਾਏ ਜਾਣ ਤੇ ਮੁੱਖ ਮੰਤਰੀ ਪੰਜਾਬ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕੀਤਾ ਤੇ ਇਹ ਚੋਣਾਂ ਜਿੱਤਣ ਦੀ ਆਸ ਪ੍ਰਗਟਾਈ ਹੈ ।

ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੀ ਪ੍ਰੈਸ ਕਾਨਫਰੰਸ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਨਵਜੋਤ ਸਿੰਘ ਸਿੱਧੂ ਨੂੰ ਸਲਾਹ ਦਿੱਤੀ ਹੈ ਕਿ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੇ ਉਹਨਾਂ ਨੂੰ ਸਜ਼ਾ ਸੁਣਾਈ ਸੀ ਤੇ ਇੱਕ ਸਾਲ ਜੇਲ੍ਹ ਦੀ ਸਜ਼ਾ ਕੱਟ ਕੇ ਆਏ ਹਨ ,ਸੋ ਉਹਨਾਂ ਨੂੰ ਆਰਾਮ ਕਰਨਾ ਚਾਹੀਦਾ ਹੈ।