Punjab

ਪਸ਼ੂਆਂ ਦੀ ਤਸਕਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼,ਇਸ ਇਲਾਕੇ ਦੇ ਵਿਧਾਇਕ ਨੇ ਕੀਤੀ ਕਾਰਵਾਈ

ਤਰਨਤਾਰਨ : ਹਲਕਾ ਤਰਨਤਾਰਨ ਵਿੱਚ ਅੱਜ ਪਸ਼ੂਆਂ ਦੀ ਤਸਕਰੀ ਕਰਨ ਵਾਲੇ ਇੱਕ ਗਰੋਹ ਦਾ ਪਰਦਾਫਾਸ਼ ਹੋਇਆ ਹੈ ਤੇ ਤਸਕਰਾਂ ਵੱਲੋਂ 5 ਵੱਡੀਆਂ ਗੱਡੀਆਂ ਵਿੱਚ ਬੇਰਹਿਮੀ ਨਾਲ ਬੰਦ ਕੀਤੇ 500 ਦੇ ਕਰੀਬ ਜਾਨਵਰਾਂ ਨੂੰ ਛੁਡਾਇਆ ਗਿਆ।

ਤਰਨਤਾਰਨ ਹਲਕਾ ਵਿਧਾਇਕ ਅਤੇ ਪੁਲਿਸ ਵਲੋਂ ਸਾਂਝੇ ਤੌਰ ‘ਤੇ ਕੀਤੇ ਗਈ ਇਸ ਕਾਰਵਾਈ ਦੇ ਦੌਰਾਨ ਪੁਰਾਣੀ ਮਾਲ ਮੰਡੀ ‘ਚ ਤਸਕਰਾਂ ਦੀਆਂ 5 ਗੱਡੀਆਂ ਨੂੰ ਪੁਲਿਸ ਨੇ ਜਦੋਂ ਖੁਲਵਾਇਆ ਤਾਂ ਉਸ ਚੋਂ ਬੇਰਹਿਮੀ ਤੇ ਮੰਦੇ ਹਾਲ ਵਿੱਚ ਬੰਦ ਕੀਤੇ ਗਏ ਜਾਨਵਰ ਪਾਏ ਗਏ ,ਜਿਹਨਾਂ ਨੂੰ ਛੁਡਵਾ ਲਿਆ ਗਿਆ।

ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਇਹਨਾਂ 7 ਤਸਕਰਾਂ ਦਾ ਸੰਬੰਧ ਉੱਤਰ ਪ੍ਰਦੇਸ਼ ਸੂਬੇ ਨਾਲ ਦੱਸਿਆ ਜਾ ਰਿਹਾ ਹੈ । ਹਲਕਾ ਵਿਧਾਇਕ ਕਸ਼ਮੀਰ ਸਿੰਘ ਸੋਹਲ ਅਤੇ ਵਰਕਰਾਂ  ਸਮੇਤ ਵੱਡੀ ਗਿਣਤੀ ‘ਚ ਪੁਲਿਸ ਪ੍ਰਸ਼ਾਸਨ ਮੰਡੀ ਵਿੱਚ ਹਾਜ਼ਰ ਸੀ। ਇਸ ਮੌਕੇ ਵਿਧਾਇਕ ਸੋਹਲ ਨੇ ਦਸਿਆ ਕਿ ਜਾਨਵਰਾਂ ਦੀ ਤਸਕਰੀ ਦਾ ਮਾਮਲਾ ਸਾਹਮਣੇ ਆਇਆ ਹੈ। ਇਹਨਾਂ ਤੱਸਕਰਾਂ ਨੂੰ ਗ੍ਰਿਫਤਾਰ ਕਰਨ ਦੇ ਨਾਲ-ਨਾਲ 500 ਦੇ ਕਰੀਬ ਜਾਨਵਰ ਬੜੀ ਤਰਸਯੋਗ ਹਾਲਤ ਵਿੱਚ ਬੰਦ ਗੱਡੀਆਂ ਚੋ ਬਾਹਰ ਕੱਢੇ ਗਏ ਹਨ। ਜਿਨ੍ਹਾਂ ਚ ਵਧੇਰੇ ਗਿਣਤੀ ਮੱਝਾਂ ,ਝੋਟੀਆਂ-ਕੱਟੇ-ਕਟੀਆਂ ਦੀ ਹੈ। ਇਹਨਾਂ ਵਿਚੋਂ ਕਈ ਜਾਨਵਰਾਂ ‘ਤੇ ਤਸ਼ੱਦਦ ਕਰਕੇ ਉਹਨਾਂ ਦੀਆ ਲੱਤਾਂ ਤੋੜੀਆਂ ਹੋਈਆਂ  ਸਨ ਅਤੇ ਜਾਨਵਰ ਭੁੱਖੇ ਪਿਆਸੇ ਬੰਦ ਕੀਤੇ ਗਏ ਸਨ।