Punjab

ਤਰਨਤਾਰਨ ਚਰਚ ਮਾਮਲਾ : ਹਾਈਕੋਰਟ ਪਹੁੰਚਿਆ ਮਸੀਹੀ ਭਾਈਚਾਰਾ, ਵਿੱਤ ਮੰਤਰੀ ਬੋਲੇ-ਕਿਸੇ ਕੀਮਤ ਤੇ ਦੋਸ਼ੀਆਂ ਨੂੰ ਨਹੀਂ ਜਾਵੇਗਾ ਬਖ਼ਸ਼ਿਆ…

ਚੰਡੀਗੜ੍ਹ  : ਤਰਨਤਾਰਨ ਦੀ ਚਰਚ ‘ਚ ਭੰਨਤੋੜ (desecration of church in Tarn Taran) ਤੋਂ ਉਪਜੇ ਮਾਹੌਲ ਨੂੰ ਦੇਖਦੇ ਹੋਏ ਮਸੀਹੀ ਭਾਈਚਾਰੇ ਨੇ ਹਾਈਕੋਰਟ ਦਾ ਦਰਵਾਜਾ ਖੜਕਾਇਆ ਹੈ। ਉਨ੍ਹਾਂ ਵੱਲੋਂ ਇੱਕ ਪਟੀਸ਼ਨ ਹਾਈ ਕੋਰਟ ਵਿੱਚ ਦਾਖਲ ਕੀਤੀ ਗਈ ਹੈ ,ਜਿਸ ਵਿੱਚ ਨਾ ਸਿਰਫ ਪਿੰਡ ਠਕਰਵਾਲ ਵਿੱਚ, ਸਗੋਂ ਪੂਰੇ ਪੰਜਾਬ ਵਿੱਚ ਸਥਿਤ ਚਰਚਾਂ ਤੇ ਇਸਾਈਆਂ ਵਾਸਤੇ ਸੁਰੱਖਿਆ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੌਜੂਦਾ ਹਾਲਾਤ ਖ਼ਤਰੇ ਦੀ ਘੰਟੀ ਹੈ ਤੇ ਘੱਟ ਗਿਣਤੀ ਮਸੀਹੀ ਭਾਈਚਾਰੇ ਨੂੰ ਸੁਰੱਖਿਆ ਦਿੱਤੀ ਜਾਵੇ।

ਉਨ੍ਹਾਂ ਇਹ ਵੀ ਕਿਹਾ ਕਿ ਗਿਰਜਿਆਂ ਅਤੇ ਯੀਸੂ ਮਸੀਹ ਦੇ ਬੁੱਤਾਂ ਦੀ ਸੁਰੱਖਿਆ ਹੋਵੇ ਤੇ ਸ਼ਾਂਤੀ ਤੇ ਭਾਈਚਾਰਕ ਸਾਂਝ ਕਾਇਮ ਰੱਖੀ ਜਾਵੇ। ਦੋ ਦਿਨ ਪਹਿਲਾਂ ਤਰਨਤਾਰਨ ਦੇ ਪਿੰਡ ਠੱਕਰਪੁਰਾ ਦੀ ਚਰਚ ਚ ਕੁਝ ਲੋਕਾਂ ਨੇ ਭੰਨਤੋੜ ਕੀਤੀ ਸੀ ਅਤੇ ਪਾਦਰੀ ਦੀ ਗੱਡੀ ਨੂੰ ਅੱਗ ਲਗਾ ਦਿੱਤੀ ਸੀ। ਜਿਸ ਕਰਕੇ ਹਾਲਾਤ ਬਹੁਤ ਖਰਾਬ ਹੋ ਗਏ ਸੀ ਪਰ ਪੁਲਿਸ ਨੇ ਸੂਝਬੂਝ ਨਾਲ ਕੰਮ ਲੈਂਦੇ ਹੋਏ ਹਾਲਾਤਾਂ ਨੂੰ ਜਿਆਦਾ ਵਿਗੜਨ ਨਹੀਂ ਦਿੱਤਾ ਸੀ।

 

ਵਿੱਤ ਮੰਤਰੀ ਨੇ ਕਹੀ ਇਹ ਗੱਲ

ਇਸ ਸਬੰਧ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਇੱਕ ਬਿਆਨ ਵੀ ਸਾਹਮਣੇ ਆਇਆ ਹੈ। ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਹੈ ਕਿ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਤੇ ਬੱਖਸ਼ਿਆ ਨਹੀਂ ਜਾਵੇਗਾ। ਪੰਜਾਬ ਸਰਕਾਰ ਇਸ ਵੇਲੇ ਦੋਸ਼ੀਆਂ ਨੂੰ ਫੜਨ ਲਈ ਆਪਣੀ ਪੂਰੀ ਵਾਹ ਲਾ ਰਹੀ ਹੈ ਤੇ ਜਲਦ ਹੀ ਦੋਸ਼ੀ ਸਲਾਖਾਂ ਪਿੱਛੇ ਹੋਣਗੇ।

ਹਰਪਾਲ ਚੀਮਾ,ਵਿੱਤ ਮੰਤਰੀ ਪੰਜਾਬ

ਪੰਜਾਬ ਵਿੱਚ ਪੁਲਿਸ ਮੁਸਤੈਦ

ਤਰਨਤਾਰਨ ਦੀ ਚਰਚ ‘ਚ ਭੰਨਤੋੜ ਤੋਂ ਬਾਅਦ ਹੁਣ ਪੂਰੇ ਪੰਜਾਬ ਵਿੱਚ ਪੁਲਿਸ ਮੁਸਤੈਦ ਹੋ ਗਈ ਹੈ ਤੇ ਪੁਲਿਸ ਦੇ ਉੱਚ ਅਧਿਕਾਰੀ ਵੀ ਹਰਕਤ ਵਿੱਚ ਆ ਗਏ ਹਨ। ਨਵੇਂ ADGP ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਤੇ ਐਸਐਸਪੀ ਵਿਵੇਕਸ਼ੀਲ ਸੋਨੀ ਨੇ ਮੁਹਾਲੀ ‘ਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਹੈ ਤੇ ਕਿਹਾ ਹੈ ਕਿ ਪੰਜਾਬ ਪੁਲਿਸ ਪੂਰੀ ਤਰਾਂ ਨਾਲ ਮੁਸਤੈਦ ਹੈ। ਕਿਸੇ ਨੂੰ ਵੀ ਇਹ ਇਜ਼ਾਜਤ ਨਹੀਂ ਹੈ ਕਿ ਉਹ ਪੰਜਾਬ ਵਿੱਚ ਜੋ ਮਰਜੀ ਕਰੇ।ਇਹਨਾਂ ਨੂੰ ਫੜ ਕੇ ਸਜ਼ਾ ਦਿੱਤੀ ਜਾਵੇਗੀ।

ਅਰਪਿਤ ਸ਼ੁਕਲਾ,ਏਡੀਜੀਪੀ ਲਾਅ ਐਂਡ ਆਰਡਰ,ਪੰਜਾਬ

ਸੂਚਨਾ ਦੇਣ ਵਾਲੇ ਨੂੰ ਇੱਕ ਲੱਖ ਦਾ ਇਨਾਮ

ਇਸ ਮਾਮਲੇ ਵਿੱਚ ਛੇ ਟੀਮਾਂ ਅਲੱਗ ਅਲੱਗ ਕੰਮ ਕਰ ਰਹੀਆਂ ਹਨ ਤੇ ਦੋਸ਼ੀਆਂ ਦੀ ਸੂਚਨਾ ਦੇਣ ਵਾਲੇ ਨੂੰ ਇੱਕ ਲੱਖ ਦਾ ਇਨਾਮ ਦੇਣ ਦੀ ਵੀ ਘੋਸ਼ਣਾ ਕੀਤੀ ਗਈ ਹੈ।ਪੰਜਾਬ ਪੁਲਿਸ ਨੂੰ ਪੂਰੀ ਉਮੀਦ ਹੈ ਕਿ ਜਲਦ ਹੀ ਦੌਸ਼ੀ ਸਲਾਖਾਂ ਪਿੱਛੇ ਹੋਣਗੇ।ਉਹਨਾਂ ਇਸ ਪਿਛੇ ਕਿਸੇ ਵੀ ਤਰਾਂ ਦਾ ਅੱਤਵਾਦੀ ਸਬੰਧ ਹੋਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ ਤੇ ਕਿਹਾ ਹੈ ਕਿ ਪੰਜਾਬ ਵਿੱਚ ਸਿਰਫ ਧਾਰਮਿਕ ਹਾਲਾਤ ਖਰਾਬ ਕਰਨ ਲਈ ਇਹ ਕੰਮ ਹੋਇਆ ਹੈ ।

ਤਰਨਤਾਰਨ ਮਾਮਲੇ ਵਿੱਚ ਜਾਂਚ ਕਰ ਰਹੀ ਪੰਜਾਬ ਪੁਲਿਸ ਦੇ ਹੱਥ ਕੁੱਝ ਅਹਿਮ ਸੁਰਾਗ ਲੱਗੇ ਹਨ। ਪਿੰਡ ਠਕਰਵਾਲ ਵਿੱਖੇ ਸਖ਼ਤ ਸੁਰੱਖਿਆ ਇੰਤਜਾਮ ਕੀਤੇ ਜਾਣ ਤੋਂ ਬਾਅਦ ਪੁਲਿਸ ਨੇ ਕਰੀਬ 250 ਸੀਸੀਟੀਵੀ ਫਰੋਲੇ ਹਨ ਤੇ 5 ਮੋਬਾਇਲ ਟਾਵਰਾਂ ਦੇ ਡੰਪ ਡਾਟਾ ਨੂੰ ਚੈਕ ਕੀਤਾ ਹੈ।ਜਿਸ ਤੋਂ ਬਾਅਦ 12 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਹਾਲਾਂਕਿ ਉੱਚ ਅਧਿਕਾਰੀਆਂ ਨੇ ਵਾਰਦਾਤ ਵਿੱਚ ਅੱਤਵਾਦੀ ਕਨੈਕਸ਼ਨ ਹੋਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ।ਇਹ ਵੀ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਪੈਦਲ ਹੀ ਚਰਚ ਤੱਕ ਗਏ ਸੀ।ਪੁਲਿਸ ਨੇ ਮੁਲਜ਼ਮਾਂ ਦੀ ਸੀਸੀਟੀਵੀ ਫੁਟੇਜ਼ ਵੀ ਜਾਰੀ ਕੀਤੀ ਹੈ।ਹਾਲਾਂਕਿ ਚਰਚ ਦੇ ਫਾਦਰ ਥਾਮਸ ਨੇ ਦੱਸਿਆ ਹੈ ਕਿ ਇਸ ਤੋਂ ਇੱਕ ਮਹੀਨੇ ਪਹਿਲਾਂ ਇਸੇ ਤਰਾਂ ਰਾਤ ਨੂੰ ਕੁਝ ਲੋਕਾਂ ਨੇ ਚਰਚ ਦੇ ਬੋਰਡ ਨੂੰ ਨੁਕਸਾਨ ਪਹੁੰਚਾਇਆ ਸੀ ਪਰ ਕੋਈ ਵੀ ਕਾਰਵਾਈ ਪੁਲਿਸ ਨੇ ਨਹੀਂ ਕੀਤੀ ਸੀ।

ਡੀਐਸਪੀ ਸਤਨਾਮ ਸਿੰਘ ਨੇ ਅਨੁਸਾਰ ਇਸ ਮਾਮਲੇ ਨਾਲ ਸਬੰਧਤ ਕੋਈ ਵੀ ਪੁਖਤਾ ਜਾਣਕਾਰੀ ਦੇਣ ਵਾਲੇ ਨੂੰ ਇੱਕ ਲੱਖ ਰੁਪਏ ਦਾ ਇਨਾਮ ਵੀ ਦਿੱਤਾ ਜਾਵੇਗਾ ਤੇ ਇਸ ਸਬੰਧ ਵਿੱਚ ਕੋਈ ਵੀ ਸੂਚਨਾ ਐਸਪੀ ਤਰਨਤਾਰਨ ਦੇ ਮੋਬਾਇਲ ਨੰ 9815086860,ਡੀਐਸਪੀ ਦੇ ਮੋਬਾਇਲ ਨੰਬਰ 9915700557 ਤੇ 8725021100 ਤੇ ਜਾਣਕਾਰੀ ਦੇ ਸਕਦੇ ਹਨ ਤੇ ਜਾਣਕਾਰੀ ਦੇਣ ਵਾਲੇ ਦੀ ਪਛਾਣ ਨੂੰ ਗੁਪਤ ਰੱਖਿਆ ਜਾਵੇਗਾ।

ਤਰਤਾਰਨ ਵਿੱਚ ਹੋਈ ਇਸ ਘਟਨਾ ਤੋਂ ਬਾਅਦ ਕੇਂਦਰ ਸਰਕਾਰ ਨੇ ਵੀ ਇਸ ਮਾਮਲੇ ਵੱਲ ਧਿਆਨ ਦਿੱਤਾ ਹੈ ਤੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਸਬੰਧ ਵਿੱਚ ਪੰਜਾਬ ਸਰਕਾਰ ਤੋਂ 24 ਘੰਟਿਆਂ ਦੇ ਅੰਦਰ ਰਿਪੋਰਟ ਮੰਗੀ ਹੈ।ਸੂਬਾ ਸਰਕਾਰ ਤੋਂ ਪੁੱਛਿਆ ਗਿਆ ਹੈ ਕਿ ਮੁੱਢਲਾ ਜਾਂਚ ਵਿੱਚ ਹੁਣ ਤੱਕ ਕੀ ਕਾਰਵਾਈ ਹੋਈ ਹੈ? ਹਾਲਾਂਕਿ ਰਾਜ ਤੇ ਕੇਂਦਰੀ ਇੰਟੈਂਲੀਜੈਂਸ ਦੀਆਂ ਖੁਫੀਆ ਏਜੰਸੀਆਂ ਨੇ ਸਾਂਝੇ ਤੋਰ ਤੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੰਜਾਬ ਸਰਕਾਰ ਨੇ ਚਰਚ ਮਾਮਲੇ ਦੀ ਜਾਂਚ ਲਈ 3 ਮੈਂਬਰੀ ਐਸਆਈਟੀ ਬਣਾ ਦਿੱਤੀ ਹੈ,ਜੋ ਇਸ ਮਾਮਲੇ ਦੀ ਜਾਂਚ ਕਰੇਗੀ। ਆਈਜੀ ਪੁਲਿਸ ਫਿਰੋਜ਼ਪੁਰ ਦੀ ਅਗਵਾਈ ਵਿਚ ਇਸ ਐਸਆਈਟੀ ਦਾ ਗਠਨ ਕੀਤਾ ਗਿਆ ਹੈ। ਐਸਐਸਪੀ ਤਰਨਤਾਰਨ ਤੇ ਐਸਪੀ ਤਰਨਤਾਰਨ ਇਸ ਦੇ ਮੈਂਬਰ ਹੋਣਗੇ, ਜਿਨ੍ਹਾਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ।