Punjab

ਵਿੱਤ ਮੰਤਰੀ ਨੇ ਪੇਸ਼ ਕੀਤੇ ਆਮਦਨ ਸੰਬੰਧੀ ਵੱਡੇ ਅੰਕੜੇ,ਸ਼ਰਾਬ ਮਾਫੀਆ ਨੂੰ ਤਹਿਸ-ਨਹਿਸ ਕਰਨ ਦਾ ਕੀਤਾ ਦਾਅਵਾ

ਚੰਡੀਗੜ੍ਹ : ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਵਿੱਚ ਮਾਫੀਆ ਰਾਜ ਲਈ ਪਿਛਲੀ ਅਕਾਲੀ-ਭਾਜਪਾ ਤੇ ਕਾਂਗਰਸ ਸਰਕਾਰ ਨੂੰ ਦੋਸ਼ੀ ਠਹਿਰਾਇਆ ਹੈ ਤੇ ਦਾਅਵਾ ਕੀਤਾ ਹੈ ਕਿ ਵਿਰੋਧੀ ਧਿਰ ਵਜੋਂ ਆਪ ਨੇ ਪੰਜਾਬ ਵਿੱਚ ਸ਼ਰਾਬ ਮਾਫੀਆ ਦੇ ਵਿਰੁਧ ਲਗਾਤਾਰ ਆਵਾਜ਼ ਉਠਾਈ ਹੈ।

ਉਹਨਾਂ ਦਾਅਵਾ ਕੀਤਾ ਕਿ ਗੰਦੀ ਤੇ ਨਕਲੀ ਸ਼ਰਾਬ ਕਾਰਨ ਪੰਜਾਬ ਵਿੱਚ 128 ਮੌਤਾਂ ਹੋਈਆਂ,ਜਿਸ ਸੰਬੰਧੀ ਕਾਨੂੰਨੀ ਕਾਰਵਾਈ ਵੀ ਹੋਈ ਸੀ।

ਪਿਛਲੀਆਂ ਸਰਕਾਰਾਂ ਦੀ ਐਕਸਾਈਜ਼ ਪਾਲਿਸੀ ਕਾਰਨ ਸੰਨ 2015-16 ਵਿੱਚ 4797 ਕਰੋੜ ਰੁਪਏ ਆਏ ਪਰ 2016-17 ਵਿੱਚ ਇਹ ਆਮਦਨ ਘੱਟ ਕੇ 4406 ਕਰੋੜ ਰੁਪਏ ਰਹਿ ਗਈ।ਇਸ ਤੋਂ ਇਲਾਵਾ 2020-21 ਤੇ 2021-22 ਵਿੱਚ ਵੀ ਪੰਜਾਬ ਵਿੱਚ ਕਾਂਗਰਸ ਵੇਲੇ ਵੀ ਇਹ ਘਾਟਾ ਜਾਰੀ ਰਿਹਾ।

ਪੰਜਾਬ ਵਿੱਚ ਆਪ ਸਰਕਾਰ ਦੇ ਸੱਤਾ ਵਿੱਚ ਆਉਣ ਮਗਰੋਂ ਪੰਜਾਬ ਵਿੱਚ ਵਧੀਆ ਐਕਸਾਈਜ ਪਾਲਿਸੀ ਤਿਆਰ ਕੀਤੀ ਗਈ,ਜਿਸ ਕਾਰਨ ਪੰਜਾਬ ਵਿੱਚ ਪਹਿਲੀ ਵਾਰ 6254 ਕਰੋੜ ਤੋਂ ਵੱਧ ਕੇ 8841 ਕਰੋੜ ‘ਤੇ ਪਹੁੰਚ ਗਿਆ ਤੇ ਪਹਿਲੀ ਵਾਰ  ਲਗਭਗ 41.41 ਫੀਸਦੀ ਦਾ ਇਤਿਹਾਸਕ ਵਾਧਾ ਦਰਜ਼ ਕੀਤਾ ਗਿਆ। ਪੰਜਾਬ ਦਾ ਖ਼ਜਾਨਾ ਇਸ ਨਾਲ ਭਰਿਆ ਹੈ। ਪੁਰਾਣੀਆਂ ਸਰਕਾਰਾਂ ਵਿੱਚ ਬੇਈਮਾਨੀ ਸੀ ਤੇ ਉਹ ਕਿਸੇ ਵੀ ਪਾਲਿਸੀ ਨੂੰ ਸਹੀ ਤਰਾਂ ਲਾਗੂ ਨਹੀਂ ਕਰਦੀ ਸੀ। ਜਿਸ ਕਾਰਨ ਲਗਾਤਾਰ ਘਾਟਾ ਨਜ਼ਰ ਆਉਂਦਾ ਸੀ ਤੇ ਖ਼ਜਾਨਾ ਖਾਲੀ ਰਹਿੰਦਾ ਸੀ।

ਵਿੱਤ ਮੰਤਰੀ ਚੀਮਾ ਨੇ ਇਹ ਵੀ ਜਾਣਕਾਰੀ ਦਿੱਤੀ 170 ਐਕਸਾਈਜ਼ ਗਰੁਪ ਬਣਾ ਕੇ ਉਹਨਾਂ ਨੂੰ 31 ਮਾਰਚ ਤੋਂ ਪਹਿਲਾਂ ਹੀ ਵਾਧੇ ਨਾਲ ਵੇਚ ਦਿੱਤਾ ਗਿਆ ਸੀ।ਇਹਨਾਂ ਤੋਂ ਹੋਣ ਵਾਲੀ ਆਮਦਨ 7989 ਕਰੋੜ ਦਾ ਅੰਦਾਜ਼ਾ ਲਗਾਇਆ ਗਿਆ ਸੀ ਪਰ ਇਹ 8 ਹਜ਼ਾਰ 7 ਕਰੋੜ 45 ਲੱਖ ਰੁਪਏ ‘ਚ ਵਿਕੇ ਹਨ ਮਤਲਬ 18 ਕਰੋੜ 45 ਲੱਖ ਵਾਧੂ ਆਮਦਨ ਇਸ ਵਿੱਚੋਂ ਹੋਈ ਹੈ।ਇਸ ਵਾਰ ਇਸ ਪਾਲਿਸੀ ਰਾਹੀਂ 2023-24 ਵਿੱਚ 9754 ਕਰੋੜ ਦਾ ਟੀਚਾ ਰੱਖਿਆ ਗਿਆ ਹੈ ਤੇ ਕੋਸ਼ਿਸ਼ ਕੀਤੀ ਜਾਵੇਗੀ ਕਿ 10,000 ਦਾ ਅੰਕੜਾ ਵੀ ਛੂ ਲਿਆ ਜਾਵੇ।

ਇਸ ਤਰਾਂ ਪਿਛਲੀਆਂ ਸਰਕਾਰਾਂ ਵੱਲੋਂ ਘਾਟੇ ਵਿੱਚ ਦਿਖਾਈ ਜਾਂਦੀ ਪਾਲਿਸੀ ਤੋਂ ਆਪ ਸਰਕਾਰ ਨੇ ਆਮਦਨ ਪੈਦਾ ਕਰ ਦੇ ਦਿਖਾਈ ਹੈ ਤੇ ਸ਼ਰਾਬ ਮਾਫੀਏ ਨੂੰ ਤਹਿਸ ਨਹਿਸ ਕਰਨ ਲਈ ਕੀਤੀ ਕਾਰਵਾਈ ਦੇ ਦੌਰਾਨ ਲਗਭਗ 6317 ਲੋਕਾਂ ਦੇ ਖਿਲਾਫ਼ ਸ਼ਿਕਾਇਤ ਦਰਜ ਕੀਤੀ ਗਈ ਤੇ 6114 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਸ਼ਰਾਬ ਦੀਆਂ ਭੱਠੀਆਂ ਨੂੰ ਬੰਦ ਕਰਵਾਇਆ ਗਿਆ ਤੇ ਟਰੈਕ ਐਂਡ ਟਰੈਸ ਸਿਸਟਮ ਲਾਗੂ ਕਰ ਕੇ ਬਹੁਤ ਵੱਡਾ ਫਾਇਦਾ ਪਹੁੰਚਿਆ ਹੈ।

ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦੇ ਹੋਏ ਵਿੱਤ ਮੰਤਰੀ ਨੇ ਇਹਨਾਂ ਸਾਰੀਆਂ ਪ੍ਰਾਪਤੀਆਂ ਦਾ ਸਿਹਰਾ ਇਮਾਨਦਾਰ ਸਰਕਾਰੀ ਨੀਤੀਆਂ ਦੇ ਸਿਰ ਬੰਨਿਆ ਹੈ।