Punjab

ਵਾਕਆਊਟ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਘੇਰੀ ਮਾਨ ਸਰਕਾਰ,ਮਾਨ ਨੂੰ ਦੱਸਿਆ ਕਾਗਜ਼ੀ ਮੁੱਖ ਮੰਤਰੀ

ਚੰਡੀਗੜ੍ਹ : ਇੱਕ ਸਮਾਂ ਸੀ ਜਦੋਂ ਪੰਜਾਬ ਵਿੱਚ ਅਮਨ-ਸ਼ਾਤੀ ਵਾਲਾ ਮਾਹੌਲ ਸੀ ਪਰ ਜਦੋਂ ਦੀ ਪੰਜਾਬ ਵਿੱਚ ਆਪ ਸਰਕਾਰ ਆਈ ਹੈ,ਉਦੋਂ ਤੋਂ ਇਹ ਸ਼ਾਂਤੀ ਭੰਗ ਹੋ ਗਈ ਹੈ। ਇਹ ਦਾਅਵਾ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕੀਤਾ ਹੈ।

ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਅੱਜ ਚਰਚਾ ਕਰਨ ਲਈ ਕਾਂਗਰਸ ਨੇ ਕੰਮ-ਰੋਕੁ ਪ੍ਰਸਤਾਵ ਪੇਸ਼ ਕਰਨ ਨੂੰ ਲੈ ਕੇ ਆਪਣੀ ਮੰਗ ਨਾ ਮੰਨੇ ਜਾਣ ਤੋਂ ਬਾਅਦ ਕਾਂਗਰਸ ਨੇ ਵਾਕਆਊਟ ਕੀਤਾ ਤੇ ਵਿਰੋਧੀ ਧਿਰ ਨੇਤਾ  ਪ੍ਰਤਾਪ ਸਿੰਘ ਬਾਜਵਾ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਪੰਜਾਬ ਸਰਕਾਰ ਜਵਾਬਦੇਹੀ ਤੋਂ ਬਚ ਰਹੀ ਹੈ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਵੀ ਖਹਿਰਾ ਨੇ ਪੱਖਪਾਤੀ ਰਵੱਈਆ ਅਪਨਾਉਣ ਲਈ ਘੇਰਿਆ ਹੈ।

ਕੱਲ ਹਾਈ ਕੋਰਟ ਵਿੱਚ ਮਾਨ ਸਰਕਾਰ ਨੂੰ ਅਦਾਲਤ ਵਲੋਂ ਪਈ ਫਿਟਕਾਰ ਦੀ ਗੱਲ ਕਰਦਿਆਂ ਬਾਜਵਾ ਨੇ ਕਿਹਾ ਹੈ ਕਿ ਸਾਰੇ ਸੂਬੇ ਦੀ ਪੁਲਿਸ ਰਲ ਕੇ ਇੱਕ ਬੰਦੇ ਨੂੰ ਨਹੀਂ ਫੜ ਸਕੀ ? ਉਸ ਦੇ ਸਾਥੀ ਗ੍ਰਿਫਤਾਰ ਕਰ ਲਏ ਗਏ ਤੇ ਸਾਰੀਆਂ ਗੱਡੀਆਂ ਜ਼ਬਤ ਕਰ ਲਈਆਂ ਗਈਆਂ ਪਰ ਉਹ ਹਾਲੇ ਤੱਕ ਪੁਲਿਸ ਦੇ ਹੱਥ ਕਿਉਂ ਨਹੀਂ ਆਇਆ ਹੈ ? ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਇਸ ਗੱਲ ਦੀ ਜਵਾਬਦੇਹੀ ਤੋਂ ਬਚ ਨਹੀਂ ਸਕਦੇ। ਹਾਈ ਕੋਰਟ ਨੇ ਵੀ ਇਹ ਮੰਨਿਆ ਹੈ ਕਿ ਇਥੇ ਪੂਰੀ ਤਰਾਂ ਸਰਕਾਰੀ ਤੰਤਰ ਤੇ ਇੰਟੈਲੀਜੈਂਸ ਏਜੰਸੀਆਂ ਫੇਲ ਹੋਈਆਂ ਹਨ।

ਬਾਜਵਾ ਨੇ ਕਿਹਾ ਕਿ ਇਹ ਪਹਿਲੀ ਵਾਰ ਨੀ,ਸਗੋਂ ਦੂਜੀ ਵਾਰ ਹੋਇਆ ਹੈ। ਇੱਕ ਮਹੀਨਾ ਪਹਿਲਾਂ ਵੀ ਅੰਮ੍ਰਿਤਪਾਲ ਨੇ ਦੱਸ ਕੇ ਅਜਨਾਲਾ ਘਟਨਾ ਨੂੰ ਅੰਜਾਮ ਦਿੱਤਾ ਸੀ ਪਰ ਉਦੋਂ ਵੀ ਸਰਕਾਰ ਇਸ ਨੂੰ ਰੋਕਣ ਵਿੱਚ ਅਸਮਰਥ ਰਹੀ ਸੀ।

ਇਸ ਸਾਰੀ ਘਟਨਾ ਪਿੱਛੇ ਬਾਜਵਾ ਨੇ ਮੁੱਖ ਤੌਰ  ਤੇ ਦੋ ਕਾਰਨ ਦੱਸੇ ਹਨ। ਉਹਨਾਂ ਦਾਅਵਾ ਕੀਤਾ ਹੈ ਕਿ ਕੇਂਦਰ ਸਰਕਾਰ ਇਸ ਪਿੱਛੇ ਪਾਰਲੀਮੈਂਟ ਵਿੱਚ ਉੱਠ ਰਹੇ ਅਡਾਨੀ ਦੇ ਮੁੱਦੇ ਨੂੰ ਦਬਾਉਣਾ ਚਾਹੁੰਦੀ ਹੈ ਤੇ  ਵਿਰੋਧੀ ਧਿਰ ਦਾ ਧਿਆਨ ਹੋਰ ਪਾਸੇ ਪਾਉਣ ਲਈ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਤੇ ਹੁਣ ਸਾਰੇ ਨੈਸ਼ਨਲ ਚੈਨਲਾਂ ਤੇ ਇਸ ਦੀ ਹੀ ਚਰਚਾ ਚੱਲ ਰਹੀ ਹੈ। ਇਸ ਸਾਰੀ ਘਟਨਾ ਦੀ ਤਿਆਰੀ ਪਿਛਲੇ ਕਈ ਹਫਤਿਆਂ ਤੋਂ ਚੱਲ ਰਹੀ ਸੀ।ਵਿਦੇਸ਼ਾਂ ਵਿੱਚ ਤਿਰੰਗੇ ਝੰਡੇ ਦਾ ਅਪਮਾਨ ਕੀਤੇ ਜਾਣ ਦੀਆਂ ਘਟਨਾਵਾਂ ਦੀ ਵੀ ਬਾਜਵਾ ਨੇ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਹੈ ਕਿ ਆਜ਼ਾਦੀ ਤੋਂ ਪਹਿਲਾਂ ਤੇ ਬਾਅਦ ਵਿੱਚ ਹੋਈਆਂ ਲੜਾਈਆਂ ਵਿੱਚ ਪੰਜਾਬੀਆਂ ਨੇ ਹਿੱਕ ਡਾਹ ਕੇ ਯੋਗਦਾਨ ਪਾਇਆ ਹੈ ਪਰ ਇਹ ਮੁੱਖ ਮੰਤਰੀ ਦਿੱਲੀ ਦੇ ਹੱਥਾਂ ਦੀ ਕੱਠਪੁਤਲੀ ਬਣ ਕੇ ਰਹਿ ਗਿਆ ਹੈ।

ਅੰਮ੍ਰਿਤਪਾਲ ਬਾਰੇ ਬੋਲਦਿਆਂ ਬਾਜਵਾ ਨੇ ਕਿਹਾ ਹੈ ਕਿ ਉਸ ਨੂੰ ਉਸ ਦੇ ਪਿੰਡ ਤੋਂ ਆਸਾਨੀ ਨਾਲ ਫੜਿਆ ਜਾ ਸਕਦਾ ਸੀ ਪਰ ਉਸ  ਨੂੰ ਸ਼ਾਹਕੋਟ,ਜਲੰਧਰ ਤੱਕ ਆ ਜਾਣ ਦਿੱਤਾ ਗਿਆ। ਤਾਂ ਜੋ ਜਲੰਧਰ ਵਿੱਚ ਆਉਣ ਵਾਲੀਆਂ ਜ਼ਿਮਨੀ ਚੋਣਾਂ ਵਿੱਚ ਲਾਭ ਲਿਆ ਜਾ ਸਕੇ।ਕੇਂਦਰ ਸਰਕਾਰ ਨੂੰ ਇਸ ਵਿੱਚ ਆਪਣਾ ਫਾਇਦਾ ਸੀ ਤੇ ਆਪ ਸਰਕਾਰ ਨੂੰ ਆਪਣਾ ਕਿਉਂਕਿ ਜਲੰਧਰ ਜ਼ਿਮਨੀ ਚੋਣ ਵਿੱਚ ਹਾਰ ਆਪ ਲਈ ਨਾ-ਬਰਦਾਸ਼ਤ ਕਰਨ ਯੋਗ ਹੋਵੇਗੀ। ਇਸ ਸੰਬੰਧ ਵਿੱਚ ਪਹਿਲਾਂ ਹੀ ਮੁੱਖ ਮੰਤਰੀ ਮਾਨ ਦਿੱਲੀ ਜਾ ਕੇ ਇਹ ਸਾਰੀ ਯੋਜਨਾ ਬਣਾ ਕੇ ਆਇਆ ਹੈ।

ਲਾਰੈਂਸ ਬਿਸ਼ਨੋਈ ਦੀਆਂ ਲਗਾਤਾਰ ਦੋ ਇੰਟਰਵਿਊ ਆਈਆਂ ਪਰ ਸਰਕਾਰ ਕੋਲ ਕੋਈ ਜਵਾਬ ਨਹੀਂ ਸੀ। ਪੰਜਾਬ ਦੇ ਪ੍ਰਸਿਧ ਗਾਇਕ ਸਿੱਧੂ ਮੂਸੇ ਵਾਲੇ ਦੇ ਮਾਤਾ ਪਿਤਾ ਨੇ ਜਦੋਂ ਵਿਧਾਨ ਸਭਾ ਆ ਕੇ  ਗੁਹਾਰ ਲਗਾਈ ਤਾਂ ਮੁੱਖ ਮੰਤਰੀ ਆਪ ਨਹੀਂ ਆਇਆ ਮਿਲਣ,ਸਗੋਂ ਆਪਣੇ ਇੱਕ ਮੰਤਰੀ ਨੂੰ ਭੇਜ ਦਿੱਤਾ। ਸਿੱਧੂ ਦੇ ਪਿਤਾ ਨੇ ਇਹ ਚੁਣੌਤੀ ਦਿੰਦੇ ਹੋਏ ਕਿਹਾ ਸੀ ਕਿ ਸਿੱਧੂ ਦੀ ਪਹਿਲੀ ਬਰਸੀ ਤੇ ਹੋਣ ਵਾਲੇ ਇਕੱਠ ਰਾਹੀਂ ਉਹ ਆਪਣਾ ਸ਼ਕਤੀ ਪ੍ਰਦਰਸ਼ਨ ਕਰਨਗੇ ਪਰ ਇੱਕ ਦਿਨ ਪਹਿਲਾਂ ਹੀ ਇੰਟਰਨੈਟ ਬੰਦ ਕਰ ਦਿੱਤਾ ਗਿਆ ਤਾਂ ਜੋ ਉਸ ਦੀ ਬਰਸੀ ਤੇ ਹੋਣ ਵਾਲਾ ਇਕੱਠ ਰੋਕਿਆ ਜਾ ਸਕੇ। ਨੈਟ ਬੰਦ ਹੋਣ  ਕਾਰਨ ਆਮ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਹੈ। ਸੋ ਇਸ ਸਾਰੀ ਸੋਚੀ ਸਮਝੀ ਸਾਜਿਸ਼ ਦੇ ਤਹਿਤ ਇਸ ਯੋਜਨਾ ਨੂੰ ਅੰਜਾਮ ਦਿੱਤਾ ਗਿਆ ਹੈ।

ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਪੁਲਿਸ ਕੋਲ ਸਾਰੀ ਇਤਲਾਹ ਹੈ ਕਿ ਕਦੋਂ ਅੰਮ੍ਰਿਤਪਾਲ ਫਰਾਰ ਹੁੰਦਾ ਹੈ,ਕਿਥੇ ਉਸ ਨੇ ਕਪੜੇ ਬਦਲੇ ਤੇ ਕਿਥੇ ਗੱਡੀਆਂ ਪਰ ਸਿਰਫ ਇਹ ਇਤਲਾਹ ਨਹੀਂ ਹੈ ਕਿ ਉਹ ਕਿਥੇ ਹੈ? ਮੁੱਖ ਮੰਤਰੀ ਮਾਨ ਦੇ ਅਸਤੀਫੇ ਦੀ ਮੰਗ ਕਰਦਿਆਂ ਵਿਰੋਧੀ ਧਿਰ ਨੇਤਾ ਨੇ ਕਿਹਾ ਕਿ ਇੱਕ ਸਾਲ ਵਿੱਚ ਪੰਜਾਬ ਨੇ ਦੇਖ ਲਿਆ ਹੈ ਕਿ ਮਾਨ ਸਰਕਾਰ ਕਿੰਨੇ ਜੋਗੀ ਹੈ।

ਜੇਲ੍ਹਾਂ ਵਿੱਚ ਬਹੁਤ ਸਾਰੀਆਂ ਵਾਰਦਾਤਾਂ ਲਗਾਤਾਰ ਹੋਈਆਂ ਹਨ ਪਰ ਮੁੱਖ ਮੰਤਰੀ ਦੇ ਕੰਟਰੋਲ ਵਿੱਚ ਕੋਈ ਜੇਲ੍ਹ ਨਹੀਂ ਹੈ।ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਮਾਨ ਦੇ ਪੰਜਾਬੀਆਂ ਨੂੰ ਹਿੰਦੀ ਵਿੱਚ ਕੀਤੇ  ਸੰਬੋਧਨ ‘ਤੇ ਵੀ ਬਾਜਵਾ ਨੇ ਮੁੱਖ ਮੰਤਰੀ ਨੂੰ ਘੇਰਿਆ ਹੈ ਤੇ ਕਿਹਾ ਹੈ  ਕਿ ਮਾਂ-ਬੋਲੀ ਪੰਜਾਬੀ ਨੂੰ ਉਪਰ ਤੱਕ ਲੈ ਕੇ ਜਾਣ ਦਾ ਦਾਅਵਾ ਕਰਨ ਵਾਲੇ ਨੂੰ ਖੁੱਦ ਮਾਂ ਬੋਲੀ ਵੀ ਭੁੱਲ ਗਈ ਹੈ ਤੇ ਆਪਣੇ ਬਣਾਏ ਕਾਨੂੰਨ ਵੀ।

ਇੱਕ ਵਿਅਕਤੀ ਅਨਿਕੇਤ ਸਕਸੇਨਾ ਦਾ ਨਾਂ ਲੈਂਦੇ ਹੋਏ ਬਾਜਵਾ ਨੇ ਇਹ ਸਿੱਧਾ ਇਲਜ਼ਾਮ ਲਗਾਇਆ ਹੈ ਕਿ ਇਹ ਵਿਅਕਤੀ ਲਾਈਵ ਵਿਧਾਨ ਸਭਾ ਲਾਈਵ ਦੇ ਦੌਰਾਨ ਦਖਲਅੰਦਾਜੀ ਕਰਦਾ ਹੈ।ਇਸ ਤੋਂ ਇਲਾਵਾ ਪ੍ਰੈਸ ਨੂੰ ਦਬਾਉਣ ਦਾ ਕੰਮ ਵੀ ਇਹ ਆਦਮੀ ਕਰਦਾ ਹੈ।

ਪੰਜਾਬ ਵਿੱਚ ਕੇਂਦਰ ਦੇ ਸਹਿਯੋਗ ਨਾਲ ਇਹ ਆਪਰੇਸ਼ਨ ਕੀਤਾ ਗਿਆ ਹੈ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਨੇ ਇਹ ਗੱਲ ਖੁੱਦ ਮੰਨੀ ਹੈ।