Punjab

ਡੀਸੀ ਦਫ਼ਤਰਾਂ ‘ਤੇ ਰੋਸ ਪ੍ਰਦਰਸ਼ਨਾਂ ਤੋਂ ਬਾਅਦ ਸਰਕਾਰ ਨੇ ਦਿੱਤਾ ਕਿਸਾਨਾਂ ਨੂੰ ਮੀਟਿੰਗ ਦਾ ਸੱਦਾ, ਕੱਲ੍ਹ ਕੀਤੇ ਜਾਣਗੇ ਡੀਸੀ ਦਫਤਰਾਂ ਦੇ ਕੰਮ 4 ਘੰਟੇ ਲਈ ਠੱਪ

ਚੰਡੀਗੜ੍ਹ : ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਡੀਸੀ ਦਫ਼ਤਰਾਂ ‘ਤੇ ਪੱਕੇ ਧਰਨਿਆਂ ‘ਤੇ ਬੈਠੇ ਕਿਸਾਨਾਂ ਨੂੰ ਪੰਜਾਬ ਸਰਕਾਰ ਨੇ ਮੀਟਿੰਗ ਦਾ ਸੱਦਾ ਦਿੱਤਾ ਹੈ। ਕਿਸਾਨ ਆਗੂਆਂ ਦੀ ਇਹ ਮੀਟਿੰਗ ਕੱਲ 7 ਦਸੰਬਰ ਨੂੰ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਮੰਗਾ ਨਾਲ ਸਬੰਧਿਤ ਵਿਭਾਗਾਂ ਦੇ ਅਫ਼ਸਰਾਂ ਨਾਲ 11:30 ਵਜੇ ਪੰਜਾਬ ਭਵਨ ਸੈਕਟਰ 3 ਵਿਚ ਹੋਵੇਗੀ।

ਕਿਸਾਨ ਆਗੂਆਂ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਸਰਕਾਰ ਵੱਲੋਂ ਮੀਟਿੰਗ ਦੀ ਪੇਸ਼ਕਸ਼ ਲਈ ਚਿੱਠੀ ਭੇਜੀ ਗਈ ਹੈ। ਓਹਨਾਂ ਇਹ ਵੀ ਕਿਹਾ ਹੈ ਕਿ ਜਥੇਬੰਦੀ ਕੱਲ੍ਹ ਨੂੰ ਪਹਿਲਾ ਤੋਂ ਤਹਿ ਕੀਤੇ ਪ੍ਰੋਗਰਾਮ ਦੇ ਤਹਿਤ 4 ਘੰਟੇ ਲਈ ਪੰਜਾਬ ਭਰ ਦੇ ਡੀਸੀ ਦਫਤਰਾਂ ਦੇ ਕੰਮਕਾਜ਼ ਸੰਕੇਤਕ ਤੌਰ ‘ਤੇ ਠੱਪ ਕਰੇਗੀ।

ਉਹਨਾਂ ਇਹ ਵੀ ਕਿਹਾ ਕਿ ਗੱਲਬਾਤ ਤੋਂ ਜਥੇਬੰਦੀ ਕਦੀ ਵੀ ਪਿੱਛੇ ਨਹੀਂ ਹੁੰਦੀ ਤੇ ਸਰਕਾਰ ਨਾਲ ਗੱਲਬਾਤ ਵੇਲੇ ਲੋਕਾਂ ਦੇ ਮਸਲੇ ਪੂਰੇ ਜੋਰ ਨਾਲ ਰੱਖੇ ਜਾਣਗੇ । ਕਿਸਾਨਾਂ ਦੀਆਂ ਮੰਗਾਂ ‘ਚ ਜੁਮਲਾ ਮੁਸਤਰਕਾ ਜਮੀਨਾਂ ਦੇ ਨੋਟੀਫਿਕੇਸ਼ਨ ਰੱਦ ਕਰਨ, ਕੇਰਲ ਸਰਕਾਰ ਦੀ ਤਰਜ਼ ‘ਤੇ ਫ਼ਸਲਾਂ ‘ਤੇ ਐਮ ਐਸ ਪੀ ਗਰੰਟੀ ਕਨੂੰਨ ਬਣਾਉਣ, ਕਿਸਾਨਾਂ ਤੇ ਮਜ਼ਦੂਰਾਂ ਦੇ ਕਰਜ਼ੇ ਤੇ ਸਰਕਾਰ ਦੇ ਸਟੈਂਡ ਪ੍ਰਤੀ ,ਮਨਰੇਗਾ ਤਹਿਤ ਕੰਮ ਦੇਣ,ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਨਵੀਂਆਂ ਨੌਕਰੀਆਂ, ਪੰਜਾਬ ਦੇ ਪਾਣੀਆਂ ਨੂੰ ਬਚਾਉਣ, ਕੇਂਦਰ ਵੱਲੋਂ ਬੀਬੀਐਮਬੀ ਅਤੇ ਬਿਜਲੀ ਵੰਡ ਲਾਇਸੈਂਸ ਨਿਯਮ 2022 ਖਿਲਾਫ਼ ਵਿਧਾਨ ਸਭਾ ਵਿਚ ਮੱਤੇ ਪਾਉਣ, ਬੇਦਬੀਆਂ ਤੇ ਬਹਿਬਲ ਕਲਾਂ ਗੋਲੀ ਦੇ ਇਨਸਾਫ, ਭਾਰਤ ਸਰਕਾਰ ਦੇ ਰੋਡ ਪ੍ਰੋਜੈਕਟਾਂ ਹੇਠ ਨਿਕਲ ਰਹੀਆਂ ਸੜਕਾਂ ਦੇ ਮੁਆਵਜ਼ੇ, ਦਿੱਲੀ ਤੇ ਪੰਜਾਬ ਵਿੱਚ ਕਿਸਾਨੀ ਮੋਰਚਿਆਂ ਦੇ ਸ਼ਹੀਦ ਪਰਿਵਾਰਾਂ ਨੂੰ ਨੌਕਰੀ ਤੇ ਮੁਆਵਜ਼ੇ ਆਦਿ ਦੇ ਮੁੱਦਿਆਂ ਤੇ ਸਰਕਾਰ ਨਾਲ ਗੱਲਬਾਤ ਹੋਵੇਗੀ ਤੇ ਦੇਖਿਆ ਜਾਵੇਗਾ ਕਿ ਸਰਕਾਰ ਕੀ ਜਵਾਬ ਦਿੰਦੀ ਹੈ ?

ਪੰਜਾਬ ਸਰਕਾਰ ‘ਤੇ ਵਰਦਿਆਂ ਆਗੂਆਂ ਨੇ ਕਿਹਾ ਕਿ ਸਰਕਾਰ ਹੁਣ ਤੱਕ ਨਸ਼ੇ,ਭ੍ਰਿਸ਼ਟਾਚਾਰ, ਕਾਨੂੰਨ ਵਿਵਸਥਾ, ਪ੍ਰਦੂਸ਼ਣ ਵਰਗੇ ਮਾਮਲਿਆਂ ਨੂੰ ਕੰਟਰੋਲ ਕਰਨ ਵਿਚ ਫੇਲ ਸਾਬਿਤ ਹੋਈ ਹੈ, ਜਿਸ ਲਈ ਪੈਸੇ ਦੀ ਨਹੀ, ਬਲਕਿ ਸਿਰਫ ਦ੍ਰਿੜ੍ਹ ਇੱਛਾ ਸ਼ਕਤੀ ਦੀ ਜਰੂਰਤ ਹੈ। ਉਹਨਾਂ ਕਿਹਾ ਕਿ ਅੱਜ ਵੀ ਰੋਜ਼ਾਨਾ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨਾਂ ਦੀਆਂ ਮੌਤਾਂ, ਖੁਦਕੁਸ਼ੀਆ ਕਰ ਰਹੇ ਕਿਸਾਨਾ ਤੇ ਮਜ਼ਦੂਰਾਂ ਦੀਆਂ ਖਬਰਾਂ ਨਾਲ ਅਖ਼ਬਾਰ ਭਰੇ ਆ ਰਹੇ ਹਨ।

ਲੋਕਾਂ ਨੇ ਸਰਕਾਰ ਤੋਂ ਅੱਕ ਕੇ ਲੰਬੇ ਤੇ ਸ਼ਾਂਤਮਈ ਮੋਰਚੇ ਚਲਾਉਣ ਦਾ ਮਨ ਬਣਾਇਆ ਹੈ ਅਤੇ ਜਥੇਬੰਦੀ ਲਗਾਤਾਰ ਦੇਸ਼ ਅਤੇ ਪੰਜਾਬ ਦੇ ਹਿਤਾਂ ਤੇ ਪਹਿਰੇ ਲਈ ਦ੍ਰਿੜ੍ਹ ਸੰਕਲਪ ਹੈ ਅਤੇ ਇਸ ਵਿੱਚ ਆਮ ਲੋਕਾਂ ਦੀ ਸ਼ਮੂਲੀਅਤ ਵੀ ਲਗਾਤਾਰ ਵਧ ਰਹੀ ਹੈ। ਓਹਨਾ ਕਿਹਾ ਕਿ ਸਰਕਾਰ ਨੂੰ ਮੰਨੀਆ ਹੋਈਆਂ ਮੰਗਾਂ ਤੁਰੰਤ ਲਾਗੂ ਕਰਨੀਆਂ ਪੈਣਗੀਆਂ ਅਤੇ ਜਿੰਨੀ ਦੇਰ ਇਹ ਲਾਗੂ ਨਹੀਂ ਹੁੰਦੀਆਂ,ਉਨੀਂ ਦੇਰ ਤੱਕ ਮੋਰਚੇ ਜਾਰੀ ਰਹਿਣਗੇ।

ਜ਼ਿਕਰਯੋਗ ਹੈ ਕਿ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ‌ ਅਤੇ ਜਰਨਲ ਸਕੱਤਰ ਸਰਵਣ ਸਿੰਘ ਪੰਧੇਰ‌ ਦੀ ਅਗਵਾਈ ‘ਚ ਡੀਸੀ ਦਫ਼ਤਰਾਂ ਅੱਗੇ 26 ਨਵੰਬਰ ਤੋਂ ਧਰਨੇ ਚੱਲ ਰਹੇ ਹਨ।