India Punjab

ਅਸੀਂ ਮੋਦੀ ਦੀ ਰੈਲੀ ਦਾ ਡਟ ਕੇ ਵਿਰੋਧ ਕਰਾਂਗੇ – ਪੰਧੇਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਬਾਰੇ ਬੋਲਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਸੜਕਾਂ ਦੇ ਕੋਰੀਡੋਰ ਦਾ ਉਦਘਾਟਨ ਕਰਨਗੇ, ਜਿਸਦੇ ਲਈ ਪੰਜਾਬ ਵਿੱਚ 12 ਜ਼ਿਲ੍ਹਿਆਂ ਵਿੱਚ 25 ਹਜ਼ਾਰ ਏਕੜ ਜ਼ਮੀਨ ਕਿਸਾਨਾਂ ਦੀ ਰਿਕੁਆਇਰ ਹੋ ਰਹੀ ਹੈ। ਉਹ 20 ਫੁੱਟ ਉੱਚੀ ਸੜਕ ਅੰਬਾਨੀਆਂ-ਅਡਾਨੀਆਂ ਲਈ ਬਣਨ ਜਾ ਰਹੀ ਹੈ।

ਪੰਧੇਰ ਨੇ ਕਿਹਾ ਕਿ ਇਹ ਭਰਮ ਫੈਲਾਇਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਪੰਜਾਬ ਵਾਸੀਆਂ ਲਈ ਕੋਈ ਵੱਡੇ ਐਲਾਨ ਕਰਨਗੇ ਕਿਉੁਂਕਿ ਮੋਦੀ ਵੱਲੋਂ ਬਿਹਾਰ ਨੂੰ ਜੋ ਪੈਕੇਜ ਦੇਣ ਦਾ ਐਲਾਨ ਕੀਤਾ ਗਿਆ ਸੀ, ਉਹ ਪੈਕੇਜ ਹਾਲੇ ਤੱਕ ਬਿਹਾਰ ਨੂੰ ਨਹੀਂ ਮਿਲਿਆ ਹੈ। ਮੀਡੀਆ ਵਿੱਚ ਇਹ ਗੱਲਾਂ ਇਸ ਲਈ ਆ ਰਹੀਆਂ ਹਨ ਤਾਂ ਜੋ ਮੋਦੀ ਦਾ ਵਿਰੋਧ ਨਾ ਹੋਵੇ। ਉਨ੍ਹਾਂ ਨੇ ਮੋਦੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇ ਕੋਈ ਵੀ ਐਲਾਨ ਕਿਸਾਨਾਂ ਮਜ਼ਦੂਰਾਂ ਲਈ ਕਰਨਾ ਹੈ ਤਾਂ ਦਿੱਲੀ ਤੋਂ ਵੀ ਹੋ ਸਕਦੇ ਹਨ, ਪਹਿਲਾਂ ਵੀ ਤਾਂ ਕੀਤੇ ਹੀ ਹਨ।

ਪੰਧੇਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਸੱਤ ਹੈਲੀਪੈਡ ਬਣਾ ਰਹੇ ਹਨ। ਇਹ ਟਕਰਾਅ ਦੀ ਨੀਤੀ ਨਾਲੋਂ ਚੰਗਾ ਸੀ ਕਿ ਮੋਦੀ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਬਣਾ ਦਿੰਦੇ, ਲਖੀਮਪੁਰ ਖੀਰੀ ਮਾਮਲੇ ਵਿੱਚ ਅਜੇ ਮਿਸ਼ਰਾ ਟੈਨੀ ਸਾਫ-ਸਾਫ ਦੋਸ਼ੀ ਹਨ। ਇਸ ਲਈ ਉਨ੍ਹਾਂ ਨੂੰ ਮੰਤਰੀ ਮੰਡਲ ਵਿੱਚੋਂ ਬਾਹਰ ਕੱਢ ਦਿੰਦੇ। ਕੇਸਾਂ ਦੇ ਸਾਰੇ ਕੇਸ ਵਾਪਸ ਲੈ ਲੈਂਦੇ। ਪਰ ਮੋਦੀ ਕਾਰਪੋਰੇਟੀ ਪੱਖੀ ਨੀਤੀਆਂ ‘ਤੇ ਵਿਸ਼ਵਾਸ ਰੱਖਦੇ ਹਨ, ਕਿਸਾਨ ਮਜ਼ਦੂਰ ਦੀ ਆਵਾਜ ਦਾ ਉਹ ਸਨਮਾਨ ਨਹੀਂ ਕਰਦੇ।

ਉਨ੍ਹਾਂ ਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਆਪਾਂ ਵੱਡੀ ਰੈਲੀ ਕਰ ਜਾਵਾਂਗੇ। ਪੰਜਾਬ ਦੇ ਲੋਕ ਅਣਖੀ ਹਨ ਅਤੇ ਜਦੋਂ ਵੀ ਲੋਕ ਭਾਜਪਾ ਦੀ ਰੈਲੀ ਵੱਲ ਜਾਣ ਤਾਂ ਉਹ ਇਹ ਜ਼ਰੂਰ ਯਾਦ ਕਰ ਲੈਣ ਕਿ ਸਾਢੇ ਸੱਤ ਸੌ ਤੋਂ ਵੱਧ ਲਾਸ਼ਾਂ ਅਸੀਂ ਆਪਣੇ ਮੋਢਿਆਂ ਉੱਤੇ ਢੋਈਆਂ ਹਨ। ਇਨ੍ਹਾਂ ਨੇ ਸਾਨੂੰ ਖਾਲਿਸਤਾਨੀ, ਮਾਉਵਾਦੀ ਸਮੇਤ ਘਟੀਆ ਤੋਂ ਘਟੀਆ ਸ਼ਬਦ ਵਰਤੇ ਹਨ। ਸਾਡੇ ਸ਼ਹੀਦ ਕਿਸਾਨਾਂ ਦੇ ਲਈ ਇਨ੍ਹਾਂ ਵੱਲੋਂ ਹਮਦਰਦੀ ਦਾ ਇੱਕ ਵੀ ਸ਼ਬਦ ਨਹੀਂ ਕਿਹਾ ਗਿਆ। ਅਸੀਂ ਮੋਦੀ ਦੀ ਰੈਲੀ ਦਾ ਲੋਕਤੰਤਰਿਕ ਢੰਗ ਨਾਲ ਵਿਰੋਧ ਕਰਾਂਗੇ।