Punjab

ਕਿਸਾਨਾਂ ਦੀ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਨਾਲ ਮੀਟਿੰਗ,ਦਿੱਤੇ ਪ੍ਰੋਗਰਾਮ ਅਨੁਸਾਰ ਕਾਰਵਾਈ ਕਰਨਗੇ ਕਿਸਾਨ

ਚੰਡੀਗੜ੍ਹ : ਅੱਜ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਡੀਸੀ ਦਫਤਰਾਂ ਅੱਗੇ ਪੱਕੇ ਧਰਨੇ ਲਾ ਕੇ ਬੈਠੀ ਜਥੇਬੰਦੀ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ ਹੋਈ ਹੈ । ਪੰਜਾਬ ਭਵਨ ਵਿਖੇ ਕਿਸਾਨ ਆਗੂਆਂ ਦੇ ਪੰਜ ਮੈਂਬਰੀ ਵਫਦ ਨੇ ਕੈਬਨਿਟ ਮੰਤਰੀ ਨਾਲ ਮੀਟਿੰਗ ਕੀਤੀ ਹੈ,ਜਿਸ ਵਿੱਚ ਖੇਤੀਬਾੜੀ ਸਕੱਤਰ, ADGP ਲਾਅ ਐਂਡ ਆਰਡਰ ਸਮੇਤ ਤਕਰੀਬਨ ਸਾਰੇ ਵਿਭਾਗਾਂ ਦੇ ਉਚ ਅਧਿਕਾਰੀ ਵੀ ਸ਼ਾਮਲ ਹੋਏ ।

ਤਿੰਨ ਘੰਟੇ ਤੋਂ ਵੱਧ ਸਮੇਂ ਤੱਕ ਚੱਲੀ ਇਸ ਮੀਟਿੰਗ ਦੌਰਾਨ ਖੇਤੀਬਾੜੀ ਮੰਤਰੀ ਨੇ ਸਾਰੀਆਂ ਕਿਸਾਨੀ ਮੰਗਾਂ ਮੰਨਣ ਤੇ ਇਸ ਸਬੰਧ ਵਿੱਚ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਣ ਦੀ ਵੀ ਗੱਲ ਕਹੀ ਹੈ ਤੇ ਇਸ ਦਾ ਭਰੋਸਾ ਦਿੱਤਾ ਹੈ।

ਕਿਸਾਨ ਆਗੂਆਂ ਨੇ ਅੱਗੇ ਦੱਸਿਆ ਕਿ ਅੱਜ ਪੰਜਾਬ ਭਰ ਵਿੱਚ 9 ਡੀ.ਸੀ. ਦਫ਼ਤਰਾਂ ਦੇ ਮੇਨ ਗੇਟ ਬੰਦ ਕੀਤੇ ਤੇ 12 ਦਸੰਬਰ ਨੂੰ ਪੰਜਾਬ ਭਰ ਵਿੱਚ ਮੰਤਰੀਆਂ ਵਿਧਾਇਕਾਂ ਦੇ ਘਰਾਂ ਅੱਗੇ ਵਿਸ਼ਾਲ ਧਰਨੇ ਦੇਣ ਤੇ 15 ਦਸੰਬਰ ਤੋਂ 15 ਜਨਵਰੀ ਤੱਕ ਟੋਲ ਪਲਾਜਾ ਫਰੀ ਕਰਨ ਦੇ ਐਲਾਨੇ ਐਕਸ਼ਨ ਜਾਰੀ ਰਹਿਣਗੇ। ਮੋਰਚੇ ਦੀ ਸਮੀਖਿਆ ਕਰਨ ਲਈ 13 ਦਸੰਬਰ ਨੂੰ ਸੂਬਾ ਕਮੇਟੀ ਦੀ ਮੀਟਿੰਗ ਸੱਦ ਲਈ ਹੈ।

ਕਿਸਾਨ ਆਗੂਆਂ ਨੇ ਅੱਗੇ ਦੱਸਿਆ ਕਿ ਮੰਤਰੀ ਸਾਹਿਬ ਨੇ ਕਿਸਾਨਾਂ ਮਜਦੂਰਾਂ ਦੇ ਕਰਜ਼ੇ ਖ਼ਤਮ ਕਰਨ, 23 ਫ਼ਸਲਾਂ ਦੀ ਖ਼ਰੀਦ ਦੀ ਗਰੰਟੀ ਕਾਨੂੰਨ ਬਣਾਉਣ, ਬਿਜਲੀ ਵੰਡ ਰੂਲਜ 2022 ਰੱਦ ਕਰਨ, ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦੇਣ, ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਆਦਿ ਮੁੱਦਿਆਂ ਉਤੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਣ ਦਾ ਭਰੋਸਾ ਦਿੱਤਾ ਹੈ ਤੇ ਇਸ ਤੋਂ ਇਲਾਵਾ ਦਿੱਲੀ ਮੋਰਚੇ ਦੇ ਸ਼ਹੀਦਾਂ ਦੇ ਰਹਿੰਦੇ 308 ਪਰਿਵਾਰਾਂ ਦੇ ਇਕ ਜੀਅ ਨੂੰ ਨੌਕਰੀ ਦੇਣ ਦੀ ਗੱਲ ਵੀ ਕੀਤੀ ਹੈ ।

ਜ਼ਿਕਰਯੋਗ ਹੈ ਕਿ ਕੱਲ ਹੀ ਕਿਸਾਨ ਆਗੂਆਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਮੀਟਿੰਗ ਲਈ ਸੱਦਾ ਪੱਤਰ ਆਇਆ ਸੀ । ਪਿਛਲੇ ਕਈ ਦਿਨਾਂ ਤੋਂ ਕਿਸਾਨ ਆਪਣੀਆਂ ਮੰਗਾਂ ਨੂੰ ਲਾ ਕੇ ਡੀਸੀ ਦਫਤਰਾਂ ਅੱਗੇ ਪੱਕਾ ਧਰਨਾ ਲਾ ਕੇ ਬੈਠੇ ਹਨ ਤੇ ਇਹਨਾਂ ਦੀਆਂ ਮੰਗਾਂ ਨੂੰ ਲੈ ਕੇ ਹੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਮੀਟਿੰਗ ਹੋਈ ਸੀ।