Punjab

ਅੰਮ੍ਰਿਤਸਰ ਦੇ ਇਸ ਮੈਦਾਨ ਵਿੱਚ ਹੋਇਆ ਕਿਸਾਨਾਂ ਦਾ ਭਰਵਾਂ ਇਕੱਠ,ਕੀਤੇ ਗਏ ਕਈ ਐਲਾਨ

ਅੰਮ੍ਰਿਤਸਰ : ਪੰਜਾਬ ਵਿੱਚ ਚੱਲੇ ਕਿਸਾਨੀ ਸੰਘਰਸ਼ ਦੇ ਦੌਰਾਨ ਆਪਣੀ ਜਾਨ ਗੁਆਉਣ ਵਾਲੇ ਅੰਗਰੇਜ ਸਿੰਘ ਬਾਕੀਪੁਰ ਤੇ ਕਿਸਾਨ ਅੰਦੋਲਨ ਦੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਯਾਦ ਵਿੱਚ ਅੱਜ ਗੁਰੂ ਨਗਰੀ ਅੰਮ੍ਰਿਤਸਰ ਵਿੱਖੇ, ਰਣਜੀਤ ਐਵੀਨਿਊ  ਦੁਸਹਿਰਾ ਮੈਦਾਨ ਵਿੱਚ ਵੱਡੀ ਰੈਲੀ ਕੀਤੀ ਗਈ।

ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ  ਜਥੇਬੰਦੀ ਵੱਲੋਂ ਸੱਦੀ ਗਈ ਇਸ ਵਿਸ਼ਾਲ ਰੈਲੀ ਵਿੱਚ ਪੂਰੇ ਪੰਜਾਬ ਵਿੱਚ ਕਿਸਾਨਾਂ ਤੇ ਮਜ਼ਦੂਰ ਕਿਸਾਨਾਂ, ਨੌਜਵਾਨਾਂ ਤੇ ਬੀਬੀਆਂ ਨੇ ਸ਼ਿਰਕਤ ਕੀਤੀ। ਰੈਲੀ ਦੀ ਸ਼ੁਰੂਆਤ ਵਿੱਚ ਸਭ ਤੋਂ ਪਹਿਲਾਂ, ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ।

ਜਥੇਬੰਦੀ ਦੇ ਮੁੱਖ ਬੁਲਾਰੇ ਤੇ ਸੀਨੀਅਰ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜਥੇਬੰਦੀ ਦਾ ਹਰ ਆਗੂ ਸ਼ਹੀਦਾਂ ਦਾ ਰਿਣੀ ਹੈ, ਜਿੰਨਾ ਨੇ ਆਪਣਾ ਲਹੂ ਡ੍ਹੋਲ ਕੇ ਜਥੇਬੰਦੀਆਂ ਦੀਆਂ ਨੀਹਾਂ ਮਜਬੂਤ ਕੀਤੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਵਿੱਚ ਇੱਕ ਨਿੱਕੀ ਘਟਨਾ ਨੂੰ ਆਧਾਰ ਬਣਾ ਕੇ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਗਿਆ ਹੈ, ਜਿਸਦਾ ਹੱਲ ਬਹੁਤ ਸੌਖਾ ਸੁਖਾਲਾ ਕੱਢਿਆ ਜਾ ਸਕਦਾ ਸੀ। ਉਹਨਾਂ ਕਿਹਾ ਹੈ ਕਿ ਪੰਜਾਬ ਵਿਚ ਸਾਰੀ ਲਾਅ ਐਂਡ ਆਰਡਰ ਦੀ ਸਥਿਤੀ ਇੰਨੀ ਬੁਰੀ ਨਹੀਂ,ਜਿੰਨੀ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸੋ ਪੰਜਾਬ ਸਰਕਾਰ ਨੂੰ ਪੈਰਾਮਿਲਟਰੀ ਫੋਰਸਾਂ ਵਾਪਿਸ ਭੇਜਣੀਆਂ ਚਾਹੀਦੀਆਂ ਹਨ |

ਉਹਨਾਂ ਸਿੱਧਾ ਇਲਜ਼ਾਮ ਲਗਾਇਆ ਹੈ ਕਿ  ਮੋਦੀ ਅਤੇ ਮਾਨ ਸਰਕਾਰ ਕਿਸਾਨਾਂ ਮਜਦੂਰਾਂ ਦੇ ਹੱਕੀ ਸੰਘਰਸ਼ਾਂ ਨੂੰ ਪ੍ਰਭਾਵਿਤ ਕਰਨ ਅਤੇ ਦਿੱਲੀ ਮੋਰਚੇ ਵਿਚ ਬਣੇ ਹਿੰਦੂ ਸਿੱਖ ਈਸਾਈ ਮੁਸਲਿਮ ਭਾਈਚਾਰੇ ਨੂੰ ਤੋੜਨ ਦੀ ਸਾਜ਼ਿਸ ਤਹਿਤ ਮਿਲ ਕੇ ਇਹ ਸਾਰਾ ਮਾਹੌਲ ਬਣਾ ਰਹੀਆਂ ਹਨ ਅਤੇ ਇਹ ਪੰਜਾਬੀਆਂ ਅਤੇ ਸਿੱਖਾਂ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੈ, ਜੋ ਕਾਮਯਾਬ ਨਹੀਂ ਹੋਣ ਦਿੱਤੀ ਜਾਵੇਗੀ|

ਕਿਸਾਨ ਆਗੂ ਨੇ ਇਹ ਵੀ ਮੰਗ ਕੀਤੀ ਹੈ ਕਿ ਜਥੇਬੰਦੀ ਵੱਲੋਂ ਖੇਤੀ ਨੀਤੀ ਸਬੰਧੀ ਦਿੱਤੇ ਗਏ ਸੁਝਾਵਾਂ ‘ਤੇ ਮਾਨ ਸਰਕਾਰ ਗ਼ੌਰ ਕਰੇ ਅਤੇ ਫਸਲਾਂ ਦੇ ਵਾਜਿਬ ਭਾਅ, ਕੇਰਲ ਦੀ ਤਰਜ਼ ‘ਤੇ ਫਸਲਾਂ ਦੇ ਭਾਅ ਦਾ ਗਰੰਟੀ ਕਾਨੂੰਨ ਬਣਾਉਣ, ਕਿਸਾਨਾਂ ਮਜਦੂਰਾਂ ਦੀ ਕਰਜ਼ਾ ਮੁਕਤੀ, ਪਾਣੀ ਹਵਾ ਪ੍ਰਦੂਸ਼ਣ ਤੇ ਕੰਟਰੋਲ,ਮਜਦੂਰਾਂ ਨੂੰ 365 ਦਿਨ ਰੁਜਗਾਰ, ਨਸ਼ਾ ਮੁਕਤ ਪੰਜਾਬ, ਮੁਫ਼ਤ ਤੇ ਮਿਆਰੀ ਸਿਖਿਆ ਅਤੇ ਸਿਹਤ ਦਾ ਪ੍ਰਬੰਧ ਕੀਤਾ ਜਾਵੇ।

ਉਹਨਾਂ ਕਿਹਾ ਕਿ ਜਥੇਬੰਦੀ, ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਸਮੇਤ ਚਾਰ ਮੁੱਦਿਆਂ ਨੂੰ ਲੈ ਕੇ ਚੰਡੀਗੜ੍ਹ ਬਾਰਡਰ ‘ਤੇ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਵਿਚ ਅਪ੍ਰੈਲ ਦੇ ਪਹਿਲੇ ਹਫਤੇ ਸੂਬੇ ਭਰ ਤੋਂ ਹਜ਼ਾਰਾਂ ਕਿਸਾਨਾਂ ਮਜਦੂਰਾਂ ਤੇ ਬੀਬੀਆਂ ਦੇ ਜਥੇ ਲੈ ਕੇ ਸ਼ਿਰਕਤ ਕਰੇਗੀ।