‘ਦ ਖ਼ਾਲਸ ਬਿਊਰੋ : ਹਰੀਕੇ ਪੱਤਣ (Harike Pattan) ਦੀ ਭਗਤ ਰਵਿਦਾਸ ਕਲੋਨੀ ਵਿੱਚ ਕੱਲ੍ਹ ਰਾਤ ਕੁਝ ਲੁਟੇਰਿਆਂ (Robbers) ਵੱਲੋਂ ਪਤੀ-ਪਤਨੀ (Husband-Wife) ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ (Murder) ਕਰ ਦਿੱਤਾ ਗਿਆ। ਮ੍ਰਿਤਕਾਂ ਦੀ ਪਛਾਣ 50 ਸਾਲਾ ਸਾਬਕਾ ਫੌਜੀ ਸੁਖਦੇਵ ਸਿੰਘ ਅਤੇ ਉਸ ਦੀ 42 ਸਾਲਾ ਪਤਨੀ ਰਾਜਬੀਰ ਕੌਰ ਵਜੋਂ ਹੋਈ ਹੈ।
ਤਿੰਨ ਨਕਾਬਪੋਸ਼ ਲੁਟੇਰਿਆਂ ਵੱਲੋਂ ਉਨ੍ਹਾਂ ਦੇ ਘਰ ਅੰਦਰ ਜਬਰੀ ਦਾਖ਼ਲ ਹੋ ਕੇ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਉਨ੍ਹਾਂ ਦੀ ਧੀ ਸਿਮਰਨਜੀਤ ਕੌਰ ਅਤੇ ਨੂੰਹ ਬਲਜਿੰਦਰ ਕੌਰ ਨੂੰ ਹਥਿਆਰ ਦਿਖਾ ਕੇ ਸਟੋਰ ’ਚ ਬੰਦੀ ਬਣਾਇਆ ਗਿਆ ਅਤੇ ਉਨ੍ਹਾਂ ਨੂੰ ਕੀਮਤੀ ਸਾਮਾਨ ਦੇਣ ਲਈ ਕਿਹਾ। ਲੁਟੇਰਿਆਂ ਨੇ ਸੁਖਦੇਵ ਸਿੰਘ ਨੂੰ ਕੁਰਸੀ ਨਾਲ ਬੰਨ੍ਹ ਦਿੱਤਾ ਅਤੇ ਮਗਰੋਂ ਤੇਜ਼ਧਾਰ ਹਥਿਆਰਾਂ ਨਾਲ ਸੁਖਵਿੰਦਰ ਸਿੰਘ ਤੇ ਰਾਜਬੀਰ ਕੌਰ ਦਾ ਕਤਲ ਕਰ ਦਿੱਤਾ। ਜਿਵੇਂ ਹੀ ਉਨ੍ਹਾਂ ਦੀ ਲੜਕੀ ਤੇ ਨੂੰਹ ਸਟੋਰ ਦਾ ਦਰਵਾਜ਼ਾ ਤੋੜ ਕੇ ਬਾਹਰ ਆਈਆਂ ਤਾਂ ਉਨ੍ਹਾਂ ਦੇ ਮਾਤਾ-ਪਿਤਾ ਦੀਆਂ ਖੂਨ ਨਾਲ ਲਥਪਥ ਲਾਸ਼ਾਂ ਪਈਆਂ ਸਨ। ਸਿਮਰਨਜੀਤ ਕੌਰ ਨੇ ਆਪਣੇ ਤਾਇਆ ਸਲਵਿੰਦਰ ਸਿੰਘ ਨੂੰ ਫੋਨ ਕਰ ਕੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ।
ਲੁਟੇਰੇ ਸੁਖਦੇਵ ਸਿੰਘ ਦੀ ਲਾਇਸੈਂਸੀ ਰਾਈਫਲ, 30,000 ਰੁਪਏ ਅਤੇ ਸੋਨੇ ਦੀਆਂ ਤਿੰਨ ਮੁੰਦਰੀਆਂ ਲੈ ਗਏ। ਥਾਣਾ ਮੁਖੀ ਹਰਜੀਤ ਸਿੰਘ ਨੇ ਘਟਨਾ ਨੂੰ ਮੁੱਢਲੇ ਤੌਰ ’ਤੇ ਲੁੱਟ-ਖੋਹ ਦੀ ਵਾਰਦਾਤ ਕਰਾਰ ਦਿੱਤਾ ਹੈ।